Krishi Jagran Punjabi
Menu Close Menu

ਵੈਟਨਰੀ ਯੂਨੀਵਰਸਿਟੀ ਵਿਖੇ ਕੈਬਨਿਟ ਮੰਤਰੀ ਸਾਹਿਬਾਨ ਵਲੋਂ ਕੋਵਿਡ-19 ਨਿਰੀਖਣ ਪ੍ਰਯੋਗਸ਼ਾਲਾ ਦਾ ਉਦਘਾਟਨ

Monday, 10 August 2020 06:42 PM

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਨਵੀਂ ਸਥਾਪਿਤ ਕੀਤੀ ਕੋਵਿਡ-19 ਵਾਇਰਲ ਨਿਰੀਖਣ ਪ੍ਰਯੋਗਸ਼ਾਲਾ ਦਾ ਅੱਜ ਉਦਘਾਟਨ ਕੀਤਾ ਗਿਆ। ਇਹ ਜਾਣਕਾਰੀ ਸਾਂਝੀ ਕਰਦਿਆਂ ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਪ੍ਰਯੋਗਸ਼ਾਲਾ ਦੇ ਮੁੱਖ ਅਧਿਕਾਰੀ ਨੇ ਕਿਹਾ ਕਿ ਭਾਰਤੀ ਮੈਡੀਕਲ ਖੋਜ ਪਰਿਸ਼ਦ ਵਲੋਂ ਪ੍ਰਵਾਨਗੀ ਪ੍ਰਾਪਤ ਹੋਣ ਤੋਂੰ ਬਾਅਦ ਪਿਛਲੇ ਹਫ਼ਤੇ ਤੋਂ ਇਸ ਪ੍ਰਯੋਗਸ਼ਾਲ ਵਿਚ ਰੋਜ਼ 100 ਨਮੂਨਿਆਂ ਦੀ ਜਾਂਚ ਹੋ ਰਹੀ ਸੀ। ਅੱਜ ਸ਼੍ਰੀ ਓ ਪੀ ਸੋਨੀ, ਕੈਬਨਿਟ ਮੰਤਰੀ, ਮੈਡੀਕਲ ਸਿੱਖਿਆ ਅਤੇ ਖੋਜ ਤੇ ਸ਼੍ਰੀ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ, ਫੂਡ, ਸਿਵਲ ਸਪਲਾਈਜ਼ ਅਤੇ ਉਪਭੋਗਤਾ ਮਾਮਲੇ ਅਤੇ ਹੋਰ ਸਿਰਮੌਰ ਸ਼ਖ਼ਸੀਅਤਾਂ ਨੇ ਇਸ ਪ੍ਰਯੋਗਸ਼ਾਲਾ ਦਾ ਉਦਘਾਟਨ ਕਰਦਿਆਂ ਇਹ ਪੰਜਾਬ ਰਾਜ ਦੇ ਵਸਨੀਕਾਂ ਨੂੰ ਸਮਰਪਿਤ ਕੀਤੀ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਇਸ ਮੌਕੇ ਨੂੰ ਵਿਸ਼ੇਸ਼ ਦੱਸਦਿਆਂ ਕਿਹਾ ਕਿ ਇਸ ਪ੍ਰਯੋਗਸ਼ਾਲਾ ਦੇ ਕਾਰਜਸ਼ੀਲ ਹੋਣ ਨਾਲ ਕੋਵਿਡ-19 ਦੀ ਜਾਂਚ ਵਿਚ ਤੇਜ਼ੀ ਆਵੇਗੀ, ਇਹ ਸਮੇਂ ਦੀ ਜ਼ਰੂਰਤ ਹੈ ਅਤੇ ਇਸ ਨਾਲ ਅਸੀਂ ਬਿਮਾਰੀ ਨੂੰ ਸਹੀ ਢੰਗ ਨਾਲ ਕਾਬੂ ਕਰਨ ਵਿਚ ਸਮਰੱਥ ਹੋ ਸਕਾਂਗੇ। ਉਨ੍ਹਾਂ ਨੇ ਇਸ ਪ੍ਰਯੋਗਸ਼ਾਲਾ ਦੀ ਸਥਾਪਨਾ ਸੰਬੰਧੀ ਮੁੱਖ ਮੰਤਰੀ, ਸੰਬੰਧਿਤ ਮੰਤਰੀ ਸਾਹਿਬਾਨ, ਅਧਿਕਾਰੀਆਂ, ਉਪ-ਕੁਲਪਤੀ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਤੇ ਮੈਡੀਕਲ ਅਤੇ ਵੈਟਨਰੀ ਪੇਸ਼ੇਵਰਾਂ ਦੇ ਅਣਥੱਕ ਯਤਨਾਂ ਪ੍ਰਤੀ ਆਪਣਾ ਆਭਾਰ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰਯੋਗਸ਼ਾਲਾ ਵਿਚ ਕੰਮ ਕਰਨ ਵਾਲੇ ਵਿਗਿਆਨੀਆਂ ਅਤੇ ਕਰਮਚਾਰੀਆਂ ਦੀ ਸੇਵਾ ਨੂੰ ਰਾਸ਼ਟਰ ਸਦਾ ਯਾਦ ਰੱਖੇਗਾ।

ਸ਼੍ਰੀ ਓ ਪੀ ਸੋਨੀ, ਕੈਬਨਿਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਵੈਟਨਰੀ ਯੂਨੀਵਰਸਿਟੀ ਦੀ ਇਸ ਪ੍ਰਯੋਗਸ਼ਾਲਾ ਦੇ ਨਾਲ ਅੱਜ ਤਿੰਨ ਹੋਰ ਪ੍ਰਯੋਗਸ਼ਾਲਾਵਾਂ, ਦੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਅਤੇ ਇਕ ਜਲੰਧਰ ਵਿਖੇ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਕਿ ਹੁਣ ਟੈਸਟਾਂ ਦੀ ਗਿਣਤੀ ਵਿਚ ਰੋਜ਼ਾਨਾ 4000 ਦੇ ਕਰੀਬ ਇਜ਼ਾਫ਼ਾ ਹੋ ਜਾਵੇਗਾ।

ਸ਼੍ਰੀ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਲੁਧਿਆਣਾ ਜ਼ਿਲ੍ਹੇ ਵਾਸਤੇ ਬੜੀ ਮਹੱਤਵਪੂਰਣ ਗੱਲ ਹੈ ਕਿਉਂਕਿ ਅਸੀਂ ਹੁਣ ਟੈਸਟਾਂ ਦੀ ਨਤੀਜੇ ਬੜੀ ਛੇਤੀ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਾਂਗੇ।

ਸ਼੍ਰੀ ਡੀ ਕੇ ਤਿਵਾੜੀ, ਆਈ ਏ ਐਸ, ਪ੍ਰਮੁੱਖ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਇਸ ਤੋਂ ਪਹਿਲਾਂ ਵੀ ਸਰਕਾਰੀ ਮੈਡੀਕਲ ਕਾਲਜ, ਅੰਮਿ੍ਰਤਸਰ ਅਤੇ ਪਟਿਆਲਾ ਵਿਖੇ ਕੋਵਿਡ ਨਿਰੀਖਣ ਸੰਬੰਧੀ ਬਹੁਤ ਸ਼ਾਨਦਾਰ ਕਾਰਗੁਜਾਰੀ ਵਿਖਾਈ ਸੀ ਅਤੇ ਹੁਣ ਉਨ੍ਹਾਂ ਦੀਆਂ ਸੇਵਾਵਾਂ ਇਸ ਲੈਬ ਲਈ ਹੋਰ ਵਧੇਰੇ ਫਾਇਦੇਮੰਦ ਹੋਣਗੀਆਂ।

ਸ਼੍ਰੀ ਮਨਪ੍ਰੀਤ ਸਿੰਘ ਛਤਵਾਲ ਵਿਸ਼ੇਸ਼ ਸਕੱਤਰ, ਪਸ਼ੂ ਪਾਲਣ ਵਿਭਾਗ ਨੇ ਆਪਣੇ ਵਿਚਾਰ ਜਾਹਿਰ ਕਰਦਿਆਂ ਕਿਹਾ ਕਿ ’ਇਕ ਵਿਸ਼ਵ ਇਕ ਸਿਹਤ’ ਦੇ ਸੰਕਲਪ ਵਿਚ ਵੈਟਨਰੀ ਪੇਸ਼ੇਵਰ ਆਪਣਾ ਦਾਇਰਾ ਵਸੀਹ ਕਰਦੇ ਹੋਏ ਮਨੁੱਖੀ ਸਿਹਤ ਦੇ ਖੇਤਰ ਵਿਚ ਵਿਸ਼ੇਸ਼ ਕਾਰਗੁਜ਼ਾਰੀ ਦਰਜ ਕਰ ਰਹੇ ਹਨ। ਡਾ. ਰਾਜ ਬਹਾਦਰ, ਉਪ-ਕੁਲਪਤੀ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਜੋ ਕਿ ਇਨ੍ਹਾਂ ਨਵੀਆਂ ਪ੍ਰਯੋਗਸ਼ਾਲਾਵਾਂ ਲਈ ਬਹੁਤ ਯਤਨਸ਼ੀਲ ਰਹੇ ਹਨ ਨੇ ਕਿਹਾ ਕਿ ਇਸ ਪ੍ਰਯੋਗਸ਼ਾਲਾ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਹਨ ਕਿਉਂਕਿ ਇਸ ਨਾਲ ਨਿਰੀਖਣ ਸਮਰੱਥਾ ਹੋਰ ਵਧ ਰਹੀ ਹੈ।

ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਪ੍ਰਯੋਗਸ਼ਾਲਾ ਦੀ ਕਾਰਜ ਵਿਧੀ ਵੇਖੀ ਅਤੇ ਉਸਦੀ ਸ਼ਲਾਘਾ ਕੀਤੀ।

ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਡਾ. ਰਮਨੀਕ, ਏ ਕੇ ਅਰੋੜਾ ਅਤੇ ਰਾਮ ਸਰਨ ਸੇਠੀ ਦੀ ਗਤੀਸ਼ੀਲਤਾ ਵਿਚ ਸਾਇੰਸਦਾਨਾਂ ਅਤੇ ਕਰਮਚਾਰੀਆਂ ਦੀ ਪੂਰੀ ਟੀਮ ਬੜੀ ਮਿਹਨਤ ਅਤੇ ਨਿਪੁੰਨਤਾ ਨਾਲ ਇਸ ਪ੍ਰਯੋਗਸ਼ਾਲਾ ਲਈ ਕੰਮ ਕਰ ਰਹੀ ਹੈ।

ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਗਈਆਂ ਸਾਰੀਆਂ ਸਹੂਲਤਾਂ, ਉਤਪਾਦਾਂ, ਪ੍ਰਕਾਸ਼ਨਾਵਾਂ ਅਤੇ ਤਕਨਾਲੋਜੀਆਂ ਨੂੰ ਇਕ ਪ੍ਰਦਰਸ਼ਨੀ ਦੇ ਮਾਧਿਆਮ ਰਾਹੀਂ ਪੇਸ਼ ਕੀਤਾ ਗਿਆ ਜਿਸ ਨੂੰ ਆਏ ਹੋਏ ਮੁਹਤਬਰਾਂ ਅਤੇ ਮਹਿਮਾਨਾਂ ਨੇ ਬਹੁਤ ਸਰਾਹਿਆ।

 

ਲੋਕ ਸੰਪਰਕ ਦਫਤਰ

ਪਸਾਰ ਸਿੱਖਿਆ ਨਿਰਦੇਸ਼ਾਲਾ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Veterinary University Covid-19 Cabinet Ministers punjab news punjabi news
English Summary: Cabinet Ministers Inaugurate Covid-19 Inspection Laboratory At Veterinary University

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.