1. Home
  2. ਖਬਰਾਂ

Climate Change: ਗਰੀਨ ਹਾਊਸ ਗੈਸਾਂ ਅਤੇ ਬੇਰਹਿਮੀ ਨਾਲ ਰੁੱਖਾਂ ਦਾ ਕਤਲ ਵੱਡੀ ਚਿੰਤਾ ਦਾ ਵਿਸ਼ਾ, ਮੌਸਮੀ ਤਬਦੀਲੀ ਕਾਰਨ ਅੰਨਦਾਤਾ ਨੂੰ ਝੱਲਣਾ ਪੈ ਰਿਹੈ ਨੁਕਸਾਨ, ਪੜੋ Dr. Ranjit Singh ਦੀ ਇਹ ਖ਼ਾਸ ਰਿਪੋਰਟ

ਵਾਤਾਵਰਣ ਵਿੱਚ ਵਧ ਰਹੀ ਤਪਸ਼ ਨੇ ਮੌਸਮ ਦਾ ਮਿਜਾਜ ਬਦਲ ਦਿੱਤਾ ਹੈ। ਲੰਬੇ ਸਮੇਂ ਲਈ ਠੰਡ, ਕਈ ਦਿਨ ਧੁੰਦ, ਮੁੜ ਇਕਦਮ ਗਰਮੀ ਵਿਚ ਵਾਧਾ ਪਾਰੇ ਦਾ 47 ਨੂੰ ਪਾਰ ਕਰ ਜਾਣਾ ਖਤਰੇ ਦੀ ਘੰਟੀ ਹੈ। ਇਸ ਦੇ ਨੁਕਸਾਨ ਪ੍ਰਤਖ ਨਜਰ ਆ ਰਹੇ ਹਨ। ਇਸ ਮੌਸਮੀ ਤਬਦੀਲੀ ਦਾ ਸਭ ਤੋਂ ਵਧ ਹਰਜਾਨਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।

KJ Staff
KJ Staff
ਮੌਸਮੀ ਤਬਦੀਲੀ ਕਾਰਨ ਅੰਨਦਾਤਾ ਨੂੰ ਝੱਲਣਾ ਪੈ ਰਿਹੈ ਨੁਕਸਾਨ

ਮੌਸਮੀ ਤਬਦੀਲੀ ਕਾਰਨ ਅੰਨਦਾਤਾ ਨੂੰ ਝੱਲਣਾ ਪੈ ਰਿਹੈ ਨੁਕਸਾਨ

ਇਸ ਵਾਰ ਕਣਕ ਦੀ ਪੈਦਾਵਾਰ ਕੋਈ 20% ਘਟ ਗਈ। ਵਧ ਰਹੀ ਅਬਾਦੀ ਨੂੰ ਵੇਖ ਇਹ ਘਾਟ ਫਿਕਰਮੰਦੀ ਵਾਲੀ ਹੈ। ਇਸ ਵਾਰ ਪਈ ਗਰਮੀ ਨਾਲ ਕਈ ਰੁੱਖ ਸੁੱਕ ਗਏ ਹਨ। ਸਭ ਤੋਂ ਵਧ ਅਸਰ ਨਿੰਮ ਉਤੇ ਪਿਆ ਹੈ। ਘਰਾਂ, ਖੇਤਾਂ ਜਾਂ ਸੜਕਾਂ ਕੰਢੇ ਸੁੱਕੇ ਰੁੱਖ ਆਮ ਨਜਰ ਆ ਰਹੇ ਹਨ। ਇਨ੍ਹਾਂ ਦੇ ਸੋਕੇ ਦਾ ਕਾਰਨ ਕੋਈ ਬਿਮਾਰੀ ਨਹੀਂ ਹੈ ਸਗੋਂ ਗਰਮੀ ਵਿਚ ਹੋਇਆ ਵਾਧਾ ਹੈ।

ਵੱਧ ਰਹੀ ਤਪਸ਼ ਲਈ ਸਭ ਤੋਂ ਵਧ ਜ਼ੁੰਮੇਵਾਰ ਗਰੀਨ ਹਾਊਸ ਗੈਸਾਂ ਹਨ। ਸਾਡੇ ਦੇਸ਼ ਵਿਚ ਪਿਛਲੇ ਕੁਝ ਸਾਲਾਂ ਵਿਚ ਗੱਡੀਆਂ ਦੀ ਗਿਣਤੀ ਤੇਜੀ ਨਾਲ ਵਧੀ ਹੈ। ਸ਼ਾਇਦ ਹੀ ਕੋਈ ਘਰ ਅਜੇਹਾ ਹੋਵੇਗਾ ਜਿਸ ਕੋਲ ਕੋਈ ਵਾਹਨ ਨਹੀਂ ਹੋਵੇਗਾ। ਗੱਡੀਆਂ ਦਾ ਧੂਆਂ ਅਤੇ ਅੰਦਰ ਲੱਗੇ ਏਸੀ ਤਪਸ਼ ਵਿਚ ਵਾਧਾ ਕਰਦੇ ਹਨ। ਹੁਣ ਬਹੁਤ ਸਾਰੇ ਘਰਾਂ, ਦਫ਼ਤਰਾਂ, ਦੁਕਾਨਾਂ ਫੈਕਟਰੀਆਂ ਆਦਿ ਵਿਚ ਏਸੀ ਲਗ ਗਏ ਹਨ। ਫਰਿਜ਼ ਵੀ ਹਰੇਕ ਘਰ ਵਿਚ ਹੈ। ਇਹ ਅੰਦਰ ਤਾਂ ਠੰਡਾ ਕਰਦੇ ਹਨ ਪਰ ਬਾਹਰ ਗਰਮ ਹਵਾ ਕਢਦੇ ਹਨ। ਧੂਆਂ ਛਡਣ ਵਾਲੇ ਕਾਰਖਾਨੇ ਵੀ ਆਪਣਾ ਯੋਗਦਾਨ ਪਾਉਂਦੇ ਹਨ।

ਰੁੱਖ ਸਾਡੀ ਧਰਤੀ ਉਤੇ ਛੱਤਰੀ ਦਾ ਕੰਮ ਕਰਦੇ ਹਨ ਤੇ ਤਪਸ਼ ਨੂੰ ਧਰਤੀ ਤਕ ਪਹੁੰਚਣ ਤੋਂ ਰੋਕਦੇ ਹਨ। ਪਰ ਅਸੀਂ ਬੇਰਹਿਮੀ ਨਾਲ ਰੁੱਖਾਂ ਦਾ ਕਤਲ ਕੀਤਾ ਹੈ। ਪੰਜਾਬ ਵਿਚ ਜੰਗਲ ਤਾਂ ਹੈ ਹੀ ਨਹੀਂ, ਰੁੱਖ ਵੀ ਟਾਵਾਂ ਟਾਵਾਂ ਨਜਰ ਆਉਂਦਾ ਹੈ। ਸੂਬੇ ਵਿਚ ਹੋਈ ਮੁਰੱਬੇਬੰਦੀ ਨਾਲ ਸੜਕਾਂ ਸਿੱਧੀਆਂ ਹੋਈਆਂ, ਕਿਸਾਨਾਂ ਦੀ ਜ਼ਮੀਨ ਇਕ ਥਾਂ ਇਕੱਠੀ ਹੋਈ, ਸਾਂਝੇ ਕੰਮਾਂ ਲਈ ਜ਼ਮੀਨ ਛੱਡੀ ਗਈ। ਪਰ ਖੇਤਾਂ ਦੀ ਅਦਲਾ ਬਲਦੀ ਸਮੇਂ ਕਿਸਾਨਾਂ ਨੇ ਆਪੋ ਆਪਣੇ ਰੁੱਖਾਂ ਨੂੰ ਕੱਟ ਲਿਆ। ਹਰੇਕ ਪਿੰਡ ਦੀ ਝਿੜੀ ਹੁੰਦੀ ਸੀ। ਖਾਲੀ ਥਾਵਾਂ ਉਤੇ ਰੁੱਖ ਆਮ ਹੀ ਹੁੰਦੇ ਸਨ। ਸਾਡੇ ਪਿੰਡਾਂ ਵਿਚ ਢੱਕ ਦੇ ਰੁੱਖ ਖਾਲਿਆਂ ਦੇ ਨਾਲ ਆਮ ਹੀ ਹੁੰਦੇ ਸਨ। ਉਨ੍ਹਾਂ ਦੇ ਖਿੜੇ ਲਾਲ ਫੁਲ ਇੰਝ ਜਾਪਦਾ ਸੀ ਜਿਵੇਂ ਸੂਰਜ ਦੀ ਲਾਲੀ ਧਰਤੀ ਉਤੇ ਉਤਰ ਆਈ ਹੋਵੇ।

ਸਿੰਚਾਈ ਸਹੂਲਤਾਂ ਵਿਚ ਹੋਏ ਵਾਧੇ ਨਾਲ ਕਿਸਾਨ ਦੀ ਲਾਲਸਾ ਵਧ ਤੋਂ ਵਧ ਧਰਤੀ ਉਤੇ ਖੇਤੀ ਕਰਨ ਦੀ ਹੋ ਗਈ ਤੇ ਸਾਰੇ ਰੁੱਖ ਕੱਟੇ ਗਏ। ਡਾ. ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਰਕਾਰ ਨੇ ਸੜਕਾਂ ਕੰਢੇ ਰੁੱਖ ਲਗਾਏ ਪਰ ਸੜਕਾਂ ਨੂੰ ਚੌੜਾ ਕਰਨ ਦੇ ਪ੍ਰੋਗਰਾਮ ਅਧੀਨ ਇਹ ਰੁੱਖ ਵੀ ਕੱਟੇ ਗਏ। ਠੰਡੀਆਂ ਸੜਕਾਂ ਤਪਣ ਲਗ ਪਈਆਂ ਹਨ। ਪੰਜਾਬ ਵਿਚ ਹੁਣ ਵਣ ਮਹਾਂਉਤਸਤ ਮੌਕੇ ਲੱਖਾਂ ਨਵੇਂ ਬੂਟੇ ਲਗਾਏ ਜਾਂਦੇ ਹਨ ਪਰ ਸੂਬੇ ਵਿਚ ਰੁੱਖਾਂ ਦੀ ਗਿਣਤੀ ਘਟ ਰਹੀ ਹੈ। ਇਸ ਨਾਲ ਤਪਸ਼ ਵਿਚ ਹੋਏ ਵਾਧੇ ਕਾਰਨ ਸਰਕਾਰ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਕ ਦੂਜੇ ਦੇ ਮੁਕਾਬਲੇ ਵਧ ਤੋਂ ਵਧ ਰੁੱਖ ਲਗਾਉਣ ਦੇ ਦਾਹਵੇ ਕੀਤੇ ਜਾ ਰਹੇ ਹਨ।

ਜੂਨ ਵਿਚ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਮੌਕੇ ਲੱਖਾਂ ਬੂਟੇ ਲਗਾਏ ਗਏ। ਇਨ੍ਹੀ ਗਰਮੀ ਸੀ ਸ਼ਾਇਦ ਹੀ ਕੋਈ ਜਿਊਂਦਾ ਰਿਹਾ ਹੋਵੇਗਾ। ਹੁਣ ਵੀ ਹਰ ਪਾਸੇ ਵਾਤਾਵਰਣ ਪ੍ਰੇਮੀ ਬੂਟੇ ਚੁੱਕੀ ਨਜਰ ਆ ਰਹੇ ਹਨ। ਉਹ ਜਿਥੇ ਵੀ ਖਾਲੀ ਥਾਂ ਵੇਖਦੇ ਹਨ ਅਤੇ ਜਿਹੜਾ ਵੀ ਬੂਟਾ ਮਿਲ ਜਾਵੇ ਖੁਰਪੇ ਨਾਲ ਛੋਟਾ ਜਿਹਾ ਟੋਇਆ ਪੁੱਟ ਕੇ ਬੂਟਾ ਗੱਡ ਦਿੰਦੇ ਹਨ। ਕਈ ਤਾਂ ਪਾਣੀ ਪਾਉਣ ਦਾ ਵੀ ਕਸ਼ਟ ਨਹੀਂ ਕਰਦੇ। ਕੀ ਇਹ ਬੂਟੇ ਰੁੱਖ ਬਣ ਸਕਣਗੇ? ਇਹ ਪ੍ਰਸ਼ਨ ਬਹੁਤ ਗੰਭੀਰ ਹੈ। ਜਦੋਂ ਤਕ ਬੂਟਿਆਂ ਦੀ ਚੋਣ, ਲਗਾਉਣ ਦਾ ਢੰਗ ਅਤੇ ਦੇਖਭਾਲ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਇਸ ਮੁਹਿੰਮ ਦਾ ਸਫ਼ਲ ਹੋਣਾ ਸ਼ਕ ਦੇ ਘੇਰੇ ਵਿਚ ਆ ਜਾਂਦਾ ਹੈ।

ਇਥੇ ਪਾਠਕਾਂ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਦੀ ਅਗਵਾਈ ਹੇਠ ਰੁੱਖ ਲਗਾਉਣ ਦੀ ਯੋਜਨਾ ਬਾਰੇ ਦਸਣਾ ਜਰੂਰੀ ਹੋ ਜਾਂਦਾ ਹੈ ਜਿਸ ਅਧੀਨ ਬੂਟਿਆਂ ਦੀ ਸਫਲਤਾ ਯਕੀਨੀ ਹੋ ਜਾਵੇਗੀ। ਪੀ.ਏ.ਯੂ. ਦਾ ਇਹ ਮਾਡਲ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਆਪਣੇ ਮਿਸ਼ਨ ਦੀ ਸਫ਼ਲਤਾ ਲਈ ਅਪਨਾਉਣਾ ਚਾਹੀਦਾ ਹੈ। ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਵੀ ਵਿਦਿਆਰਥੀ ਇਸ ਯੂਨੀਵਰਸਿਟੀ ਵਿਚ ਦਾਖਲਾ ਲਵੇਗਾ ਉਹ ਇਕ ਰੁੱਖ ਲਗਾਵੇਗਾ। ਜਿਤਨਾ ਸਮਾਂ ਉਹ ਇਥੇ ਰਹੇਗਾ ਉਸ ਰੁੱਖ ਦੀ ਦੇਖਭਾਲ ਦੀ ਜ਼ੁੰਮੇਵਾਰੀ ਉਸੇ ਵਿਦਿਆਰਥੀ ਦੀ ਹੋਵੇਗੀ। ਸਮੇਂ ਸਿਰ ਪਾਣੀ ਦੇਣਾ, ਨਦੀਨਾਂ ਦੀ ਰੋਕਥਾਮ, ਕਿਸੇ ਕੀੜੇ ਜਾਂ ਬਿਮਾਰੀ ਦੇ ਹਮਲੇ ਸਮੇਂ ਸੰਬੰਧਿਤ ਵਿਭਾਗ ਦੀ ਸਹਾਇਤਾ ਨਾਲ ਰੋਕਥਾਮ ਉਹ ਹੀ ਕਰੇਗਾ। 

ਇਹ ਵੀ ਪੜ੍ਹੋ : Plant Trees: ਬਰਸਾਤ ਰੁੱਤ ਹੈ ਰੁੱਖ ਲਾਉਣ ਦਾ ਸਹੀ ਸਮਾਂ

ਹਰੇਕ ਵਿਦਿਆਰਥੀ ਨੇ ਘਟੋ ਘਟ ਚਾਰ ਸਾਲ ਤਾਂ ਯੂਨੀਵਰਸਿਟੀ ਵਿਚ ਰਹਿਣਾ ਹੀ ਹੁੰਦਾ ਹੈ। ਇੰਝ ਇਹ ਰੁੱਖ ਤਿਆਰ ਹੋ ਜਾਣਗੇ। ਕਿਹੜਾ ਰੁੱਖ ਕਿੱਥੇ ਲਗਾਉਣਾ ਹੈ ਇਸ ਦਾ ਫ਼ੈਸਲਾ ਯੂਨੀਵਰਸਿਟੀ ਦੇ ਸੰਬੰਧਿਤ ਵਿਭਾਗ ਕਰਨਗੇ। ਟੋਏ ਪੁਟਣੇ ਅਤੇ ਮੁੜ ਉਨ੍ਹਾਂ ਨੂੰ ਭਰਨ ਦਾ ਕੰਮ ਵੀ ਵਿਭਾਗ ਹੀ ਕਰਨਗੇ ਪਰ ਬੂਟਾ ਵਿਦਿਆਰਥੀ ਆਪ ਆਪਣੇ ਹੱਥਾਂ ਨਾਲ ਲਗਾਵੇਗਾ। ਹਰੇਕ ਰੁੱਖ ਉਤੇ ਬੈਰੀਕੋਡ ਲਗਾਇਆ ਜਾਵੇਗਾ ਜਿਸ ਵਿਚ ਰੁੱਖ ਦਾ ਪੂਰਾ ਵੇਰਵਾ ਹੋਵੇਗਾ। ਪੜ੍ਹਾਈ ਖਤਮ ਕਰਕੇ ਜਦੋਂ ਵਿਦਿਆਰਥੀ ਜਾਵੇਗਾ ਤਾਂ ਯੂਨੀਵਰਸਿਟੀ ਵਲੋਂ ਉਸ ਨੂੰ ਪ੍ਰਸੰਸਾ ਪੱਤਰ ਵੀ ਦਿੱਤਾ ਜਾਵੇਗਾ। ਇਸ ਨਾਲ ਜਿਥੇ ਬੂਟਿਆਂ ਦੀ ਸਫ਼ਲਤਾ ਯਕੀਨੀ ਹੋ ਜਾਵੇਗੀ ਉਥੇ ਵਿਦਿਆਰਥੀਆਂ ਨੂੰ ਵੀ ਰੁੱਖਾਂ ਨਾਲ ਪਿਆਰ ਹੋ ਜਾਵੇਗਾ ਅਤੇ ਉਹ ਜਿਥੇ ਵੀ ਹੋਣਗੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਦਾ ਕੰਮ ਜਾਰੀ ਰੱਖਣਗੇ। 

ਯੂਨੀਵਰਸਿਟੀ ਵੱਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਅਲੋਪ ਹੋ ਰਹੇ ਰਿਵਾਇਤੀ ਰੁੱਖਾਂ ਦੀ ਝਿੜੀਆਂ ਲਗਾਈਆਂ ਜਾਣਗੀਆਂ ਤਾਂ ਜੋ ਪੰਜਾਬ ਦੇ ਇਸ ਅਮੀਰ ਵਿਰਸੇ ਨੂੰ ਸੰਭਾਲਿਆ ਜਾ ਸਕੇ। ਹੁਣ ਵੀ ਯੂਨੀਵਰਸਿਟੀ ਵਿਚ ਰੁੱਖਾਂ ਦੀ ਹੋਂਦ ਕਾਰਨ ਇਥੇ ਤਾਪਮਾਨ ਬਾਹਰ ਨਾਲੋਂ ਦੋ ਡਿਗਰੀ ਘਟ ਹੀ ਹੁੰਦਾ ਹੈ। ਕਈ ਅੱਧੀ ਸਦੀ ਪਹਿਲਾਂ ਉਦੋਂ ਦੇ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਨੇ ਯੂਨੀਵਰਸਿਟੀ ਦੀਆਂ ਸੜਕਾਂ ਨੂੰ ਯੋਜਨਾਬੱਧ ਢੰਗ ਨਾਲ ਰੁੱਖਾਂ ਨਾਲ ਸ਼ਿੰਗਾਰਿਆ ਸੀ। ਹਰੇਕ ਘਰ ਵਿਚ ਘੱਟੋ ਘੱਟ ਦੋ ਫ਼ਲਦਾਰ ਬੂਟੇ ਜਿਨ੍ਹਾਂ ਵਿਚ ਅੰਬ, ਨਿੰਬੂ, ਅੰਗੂਰ, ਕਿੰਨੋ ਆਦਿ ਸ਼ਾਮਿਲ ਹਨ ਲਗਾਏ ਸੀ ਇਨ੍ਹਾਂ ਵਿਚ ਬਹੁਤੇ ਹੁਣ ਵੀ ਫ਼ਲ ਦਿੰਦੇ ਹਨ। 

ਚੰਡੀਗੜ੍ਹ ਅਤੇ ਪੰਜਾਬ ਦੀਆਂ ਸੜਕਾਂ ਨੂੰ ਰੁੱਖਾਂ ਨਾਲ ਉਨ੍ਹਾਂ ਦੀ ਅਗਵਾਈ ਹੇਠ ਹੀ ਸ਼ਿੰਗਾਰਿਆ ਗਿਆ ਸੀ। ਯੂਨੀਵਰਸਿਟੀ ਨੇ ਆਪਣੇ ਸੱਠ ਸਾਲ ਪੂਰੇ ਕਰ ਲਏ ਹਨ। ਪੰਜਾਬ ਸਰਕਾਰ ਦੀ ਸਹਾਇਤਾ ਨਾਲ ਇਸ ਨੂੰ ਮੁੜ ਸ਼ਿੰਗਾਰਨ ਦਾ ਕਾਰਜ ਪੂਰੇ ਜੋਰ ਨਾਲ ਚਲ ਰਿਹਾ ਹੈ। ਪੰਜਾਬ ਦੀ ਖੇਤੀ ਵਿਚ ਜਿਥੇ ਇਸ ਯੂਨੀਵਰਸਿਟੀ ਦੀ ਅਹਿਮ ਭੂੀਮਕਾ ਉਥੇ ਇਸ ਦੇ ਰੁੱਖ, ਫ਼ਲ ਬੂਟੇ ਆਪਣੇ ਵਿਚ ਵਿਲਖਣਤਾ ਪੇਸ਼ ਕਰਦੇ ਹਨ। ਸੂਬੇ ਦੀਆਂ ਸਾਰੀਆਂ ਸੰਸਥਾਵਾਂ ਨੂੰ ਪੀ ਏ ਯੂ ਮਾਡਲ ਅਪਨਾਉਣਾ ਚਾਹੀਦਾ ਹੈ ਤਾਂ ਜੋ ਸਹੀ ਅਰਥਾਂ ਵਿਚ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਾਰੇ ਯਤਨ ਕੇਵਲ ਵਿਖਾਵਾ ਬਣ ਕੇ ਰਹਿ ਜਾਣਗੇ।

ਪੰਜਾਬ ਦੇ ਵਾਤਾਵਰਣ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿਚ ਵਾਧੇ ਲਈ ਰੁੱਖ ਲਗਾਉਣ ਵਲ ਵਿਸੇਸ਼ ਧਿਆਨ ਦੇਣ ਦੀ ਲੋੜ ਹੈ।ਬਰਸਾਤ ਦਾ ਮੌਸਮ (ਜੁਲਾਈ-ਅਗਸਤ) ਸਦਾ ਬਹਾਰ ਰੁੱਖ ਲਗਾਉਣ ਲਈ ਬਹੁਤ ਢੁੱਕਵਾਂ ਹੈ।ਇਨ੍ਹਾਂ ਦੋ ਮਹੀਨਿਆਂ ਵਿਚ ਪੰਜਬ ਵਿਚ ਵਧ ਤੋਂ ਵਧ ਰੁੁੱਖ ਲਗਾਉਣੇ ਚਾਹੀਦੇ ਹਨ ਪਰ ਇਸ ਦੇ ਨਾਲ ਹੀ ਰੁੱਖਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ।ਹਰੇਕ ਕਿਸਾਨ ਨੂੰ ਇਸ ਵਾਰ ਪੰਜ ਰੁੱਖਾਂ ਦਾ ਟੀਚਾ ਮਿੱਥਣਾ ਚਾਹੀਦਾ ਹੈ।ਉਸ ਨੂੰ ਆਪਣੀ ਬੰਬੀ ਉਤੇ ਜਾਂ ਖੇਤ ਦੇ ਬੰਨਿਆਂ ਉਤੇ ਘਟੋ ਘਟ ਪੰਜ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ।ਪੰਜਾਬ ਵਿਚ ਲੱਕੜ ਦੀ ਘਾਟ ਹੈ। ਲਕੜ ਵੇਚ ਕੇ ਪੈਸੇ ਵੀ ਕਮਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ : ਰੁੱਖਾਂ ਤੋਂ ਬਗੈਰ ਮਨੁੱਖ ਦਾ ਭਵਿੱਖ ਅਸੰਭਵ: Vice Chancellor Dr. Satbir Singh Gosal

ਸਾਡੀਆਂ ਪੰਚਾਇਤਾਂ ਇਸ ਪਾਸੇ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।ਕੁਝ ਥਾਂਵੀ ਪੰਚਾਇਤਾਂ ਦੇ ਸਹਿਯੋਗ ਨਾਲ ਅਜੇਹੇ ਤਜਰਬੇ ਕੀਤੇ ਗਏ ਹਨ ਜਿਹੜੇ ਚੋਖੇ ਸਫਲ ਹੋਏ ਹਨ।ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੋਰਾਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ ਨੂੰ ਰੁੱਖਾਂ ਨਾਲ ਸ਼ਿੰਗਾਰ ਦਿੱਤਾ ਹੈ। ਪੰਜਾਬ ਦੇ ਮਹਾਂਪੁਰਖਾਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ।ਇਹ ਦੋ ਮਹੀਨੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਜਾਵੇ ਅਤੇ ਸੰਗਤ ਨੂੰ ਇਨ੍ਹਾਂ ਬੂਟਿਆਂ ਦੀ ਬੱਚਿਆ ਵਾਂਗ ਦੇਖਭਾਲ ਦਾ ਆਦੇਸ਼ ਵੀ ਦੇਣ।ਆਪ ਵੀ ਸਮੇਂ ਸਮੇਂ ਸਿਰ ਪਿੰਡਾਂ ਵਿਚ ਜਾ ਕੇ ਇਸ ਮੁਹਿੰਮ ਦੀ ਅਗਵਾਈ ਕੀਤੀ ਜਾਵੇ।

ਕਿਸਾਨਾਂ ਵਲੋਂ ਵਣ ਖੇਤੀ ਬਾਰੇ ਵੀ ਸੋਚਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਵਿਚ ਆ ਰਹੀ  ਗਿਰਾਵਟ ਨੂੰ ਵੇਖਦਿਆਂ ਹੋਇਆਂ ਵੀ ਪੰਜਾਬ ਵਿਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।ਕੁਝ ਰਕਬੇ ਵਿਚ ਵਣ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ।ਮੁੱਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ।ਮਾਹਿਰਾਂ ਦੇ ਅੰਦਾਜੇ ਅਨੁਸਾਰ ਵਣ ਖੇਤੀ ਰਾਹੀਂ ਫਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ।ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਖੇਚਲ ਵੀ ਬਹੁਤ ਘਟ ਹੈ।ਰਸਾਇਣਾਂ ਦੀ ਵੀ ਨਾ ਮਾਤਰ ਹੀ ਲੋੜ ਪੈਂਦੀ ਹੈ। ਜੇਕਰ ਵਣ ਖੇਤੀ ਕਰਨੀ ਹੈ ਤਾਂ ਟੋਟੇ ਪੁੱਟ ਲਵੋ।ਇਕ ਮੀਟਰ ਘੇਰਾ ਤੇ ਇਕ ਮੀਟਰ ਹੀ ਡੂੰਘਾ ਟੋਇਆ ਪੁੱਟਿਆ ਜਾਵੇ।

ਜੇਕਰ ਕਿੱਕਰ, ਡੇਕ ਤੇ ਨਿੰਮ ਦੇ ਬੂਟੇ ਲਗਾਉਣੇ ਹਨ ਤਾਂ ਕਤਾਰਾਂ ਅਤੇ ਰੁੱਖਾਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਿਆ ਜਾਵੇ। ਜੇਕਰ ਬੂਟਿਆਂ ਨੂੰ ਵੱਟਾਂ ਉਤੇ ਲਗਾਉਣਾ ਹੈ ਤਾਂ ਬੂਟਿਆਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ।ਟਾਹਲੀ ਲਈ 2X2 ਮੀਟਰ ਦਾ ਫਾਸਲਾ ਰੱਖੋ।ਸਾਗਵਾਨ ਦੇ ਬੂਟੇ 2X2 ਮੀਟਰ ਉਤੇ ਲਗਾਏ ਜਾਣ। ਇਨ੍ਹਾਂ ਰੁੱਖਾਂ ਦੇ ਨਾਲ ਕੁਝ ਸਜਾਵਟੀ ਰੁੱਖ ਵੀ ਲਗਾਏ ਜਾ ਸਕਦੇ ਹਨ।ਗੁਲਮੋਹਰ, ਰਾਤ ਦੀ ਰਾਣੀ, ਚਾਂਦਨੀ, ਰਾਹਫ਼ੀਮੀਆ, ਮੋਤੀਆ, ਸਾਵਨੀ, ਕਨੇਰ, ਹਾਰ ਸ਼ਿੰਗਾਰ ਸਜਾਵਟੀ ਬੂਟੇ ਹਨ।ਇਸ ਵਾਰ ਪੰਜਾਬ ਵਿਚ ‘ਰੁੱਖ ਲਗਾਵੋ’ ਮੁਹਿੰਮ ਸਹੀ ਅਰਥਾਂ ਵਿਚ ਸ਼ੁਰੂ ਕਰਨੀ ਚਾਹੀਦੀ ਹੈ।

ਡਾ. ਰਣਜੀਤ ਸਿੰਘ

Summary in English: Climate Change: Green house gasses and brutal killing of trees a major concern, Read this special report by Dr. Ranjit Singh

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters