
ਵੈਟਨਰੀ ਯੂਨੀਵਰਸਿਟੀ ਵੱਲੋਂ ਅਗਾਂਹਵਧੂ ਕਿਸਾਨਾਂ ਲਈ ਮੁੱਖ ਮੰਤਰੀ ਪੁਰਸਕਾਰਾਂ ਦੀ ਘੋਸ਼ਣਾ
Progressive Farmers: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਲਈ ਇਸ ਵਰ੍ਹੇ ਦੇ ਮੁੱਖ ਮੰਤਰੀ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਹ ਪੁਰਸਕਾਰ 21 ਮਾਰਚ ਨੂੰ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਵਿੱਚ ਭੇਟ ਕੀਤੇ ਜਾਣਗੇ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।
ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ `ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਸ. ਗੁਰਲਾਲ ਸਿੰਘ, ਪੁੱਤਰ ਸ. ਹਰਬੰਸ ਸਿੰਘ, ਪਿੰਡ, ਕਰਾੜਵਾਲਾ, ਜ਼ਿਲ੍ਹਾ, ਬਠਿੰਡਾ ਨੂੰ ਮੱਝਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿੱਚ ਇਨਾਮ ਦਿੱਤਾ ਜਾਵੇਗਾ। ਅੱਜ ਉਨ੍ਹਾਂ ਕੋਲ 60 ਮੱਝਾਂ ਹਨ। ਜਿਨ੍ਹਾਂ ਵਿਚੋਂ ਦੁੱਧ ਦੇਣ ਵਾਲੀਆਂ 25 ਮੱਝਾਂ 235 ਲਿਟਰ ਦੁੱਧ ਰੋਜ਼ਾਨਾ ਪੈਦਾ ਕਰ ਰਹੀਆਂ ਹਨ।ਉਹ ਸਿੱਧਾ ਖ਼ਪਤਕਾਰਾਂ ਨੂੰ ਹੀ ਦੁੱਧ ਵੇਚਦੇ ਹਨ ਅਤੇ ਇਸ ਦੇ ਨਾਲ ਪਨੀਰ, ਖੋਆ ਅਤੇ ਘਿਓ ਵੀ ਤਿਆਰ ਕਰਦੇ ਹਨ।
ਬੱਕਰੀ ਪਾਲਣ ਦੇ ਖੇਤਰ ਵਿਚ ਸ. ਬਲਦੇਵ ਸਿੰਘ ਸੰਧੂ, ਪਿੰਡ, ਮਾਣੁਕੇ ਸੰਧੂ, ਜ਼ਿਲਾ, ਲੁਧਿਆਣਾ ਨੂੰ ਦਿੱਤਾ ਜਾਏਗਾ। ਕਾਲਜ ਦੀ ਪੜ੍ਹਾਈ ਤੋਂ ਬਾਅਦ ਇਨ੍ਹਾਂ ਨੇ 2021 ਵਿਚ ਬੱਕਰੀ ਫਾਰਮ ਦਾ ਕਿੱਤਾ ਸ਼ੁਰੂ ਕੀਤਾ ਸੀ। ਇਸ ਵੇਲੇ ਉਨ੍ਹਾਂ ਕੋਲ ਬੱਕਰੇ, ਬੱਕਰੀਆਂ ਅਤੇ ਲੇਲੇ ਪਾ ਕੇ 200 ਜਾਨਵਰ ਹਨ। ਉਨ੍ਹਾਂ ਨੇ ਆਪਣੇ ਫਾਰਮ ਨੂੰ ਬਰੀਡਿੰਗ ਫਾਰਮ ਦੇ ਤੌਰ ਤੇ ਤਿਆਰ ਕੀਤਾ ਹੋਇਆ ਹੈ। ਉਨ੍ਹਾਂ ਨੇ ਬੀਟਲ ਬਰੀਡਰਜ਼ ਕਲੱਬ ਵੀ ਬਣਾਇਆ ਹੋਇਆ ਹੈ।
ਮੱਛੀ ਪਾਲਣ ਦੇ ਖੇਤਰ ਵਿਚ ਇਹ ਸਨਮਾਨ ਦੋ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਪਹਿਲੇ ਕਿਸਾਨ ਸ. ਅਮਿਤੇਸ਼ਵਰ ਸਿੰਘ ਗਿੱਲ, ਪੁੱਤਰ ਸ. ਗੁਰਿੰਦਰ ਸਿੰਘ ਗਿੱਲ, ਜ਼ਿਲ੍ਹਾ ਮੋਗਾ ਨੂੰ ਦਿੱਤਾ ਜਾਵੇਗਾ। ਉਹ ਦੰਦਾਂ ਦੇ ਪੇਸ਼ੇਵਰ ਡਾਕਟਰ ਵੀ ਹਨ। ਪਿਛਲੇ ਤਿੰਨ ਸਾਲ ਤੋਂ ਮੱਛੀ ਪਾਲਣ ਦਾ ਕਿੱਤਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਮੱਛੀ ਫਾਰਮ ਦੀ ਉਤਪਾਦਨ ਸਮਰੱਥਾ 7 ਟਨ ਪ੍ਰਤੀ ਸਾਲ ਹੈ। ਦੂਸਰੇ ਕਿਸਾਨ ਸ. ਪਰਮਿੰਦਰਜੀਤ ਸਿੰਘ, ਪੁੱਤਰ ਸ. ਦੀਦਾਰ ਸਿੰਘ, ਜ਼ਿਲਾ, ਕਪੂਰਥਲਾ ਦੇ ਵਾਸੀ ਹਨ। ਇਹ ਪਿਛਲੇ ਤਿੰਨ ਸਾਲ ਤੋਂ ਆਧੁਨਿਕ ਤਕਨੀਕਾਂ ਨਾਲ ਮੱਛੀ ਪਾਲਣ ਦਾ ਕਾਰੋਬਾਰ ਕਰ ਰਹੇ ਹਨ। ਇਨ੍ਹਾਂ ਨੇ ਏਕੀਕ੍ਰਿਤ ਖੇਤੀ ਪ੍ਰਣਾਲੀ ਨਾਲ ਮੱਛੀ ਤਲਾਬ ਅਤੇ ਸੂਰ ਪਾਲਣ ਦੇ ਕਿੱਤਾ ਦਾ ਸੁਮੇਲ ਕੀਤਾ ਹੋਇਆ ਹੈ। ਇਨ੍ਹਾਂ ਦਾ ਮੱਛੀ ਫਾਰਮ 4 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ ਜਿਸ ਵਿੱਚ ਸਾਲਾਨਾ 10 ਟਨ ਮੱਛੀ ਦਾ ਉਤਪਾਦਨ ਹੋ ਰਿਹਾ ਹੈ।
ਇਹ ਵੀ ਪੜ੍ਹੋ: DC Office Gurdaspur ਵਿੱਚ ਲੱਗਾ ਪੱਕਾ ਮੋਰਚਾ ਤੀਜੇ ਦਿਨ ਵਿੱਚ ਦਾਖ਼ਲ, ਕਿਸਾਨਾਂ ਨੇ Railway Track Jam ਕਰਨ ਦੀ ਦਿੱਤੀ ਚੇਤਾਵਨੀ
ਸੂਰ ਪਾਲਣ ਦੇ ਖੇਤਰ ਵਿੱਚ ਵੀ ਇਹ ਸਨਮਾਨ ਦੋ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਪਹਿਲੇ ਕਿਸਾਨ ਸ. ਹਰਿੰਦਰਪਾਲ ਸਿੰਘ, ਪੁੱਤਰ ਸ. ਬਲਦੇਵ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸੰਬੰਧਿਤ ਹਨ। 2016 ਵਿਚ ਉਨ੍ਹਾਂ ਨੇ ਇਹ ਕਿੱਤਾ ਸ਼ੁਰੂ ਕੀਤਾ। ਇਸ ਵੇਲੇ ਇਨ੍ਹਾਂ ਕੋਲ 120 ਸੂਰੀਆਂ ਸਮੇਤ ਕੁੱਲ 1200 ਜਾਨਵਰ ਹਨ। ਪਿਛਲੇ ਤਿੰਨ ਸਾਲ ਤੋਂ ਇਨ੍ਹਾਂ ਦੇ ਫਾਰਮ ਤੋਂ ਹਰ ਸਾਲ 500-700 ਸੂਰਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ਦੂਸਰੇ ਕਿਸਾਨ ਸ਼੍ਰੀ ਸੁਰਿੰਦਰਪਾਲ ਸਿੰਘ, ਪੁੱਤਰ ਸ਼੍ਰੀ ਸੂਬਾ ਸਿੰਘ, ਪਿੰਡ, ਵਜ਼ੀਦਪੁਰ, ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਹਨ। ਇਨ੍ਹਾਂ ਨੇ ਵੀ 2016 ਵਿੱਚ ਸੂਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਇਨ੍ਹਾਂ ਦੇ ਫਾਰਮ ’ਤੇ ਵੀ ਹਰ ਸਾਲ 400 ਦੇ ਕਰੀਬ ਸੂਰਾਂ ਦੀ ਵਿਕਰੀ ਕੀਤੀ ਜਾਂਦੀ ਹੈ। ਸੂਰਾਂ ਦੀ ਸਿਹਤ ਸੰਭਾਲ ਲਈ ਇਹ ਵਿਗਿਆਨਕ ਵਿਧੀਆਂ ਅਤੇ ਜੈਵਿਕ ਸੁਰੱਖਿਆ ਦੇ ਨਿਯਮਾਂ ਦੀ ਪੂਰਣ ਪਾਲਣਾ ਕਰਦੇ ਹਨ।
ਡਾ. ਗਰੇਵਾਲ ਨੇ ਦੱਸਿਆ ਕਿ ਪੁਰਸਕਾਰ ਵਿੱਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਜਾਂਦਾ ਹੈ।
Summary in English: CM AWARD announced for progressive farmers who have shown exceptional performance in animal husbandry