ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤਾ ਗਿਆ ਮੁਰਗੀ ਪਾਲਣ ਸੰਬੰਧੀ ਦੋ ਹਫ਼ਤੇ ਦਾ ਸਿਖਲਾਈ ਕੋਰਸ ਸੰਪੂਰਨ ਹੋ ਗਿਆ।ਇਸ ਸਿਖਲਾਈ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ 11 ਨੌਜਵਾਨ ਕਿਸਾਨਾਂ ਨੇ ਹਿੱਸਾ ਲਿਆ।ਇਹ ਪ੍ਰੋਗਰਾਮ ’ਭਾਰਤ ਦਾ ਅੰਮਿ੍ਰਤ ਮਹੋਤਸਵ’-ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ’ ਸੰਕਲਪ ਤਹਿਤ ਕਰਵਾਇਆ ਗਿਆ।
ਕੋਰਸ ਦੇ ਤਕਨੀਕੀ ਸੰਯੋਜਕ, ਡਾ. ਐਸ ਕੇ ਕਾਂਸਲ ਨੇ ਕਿਹਾ ਕਿ ਖੇਤੀਬਾੜੀ ਵਿਭਿੰਨਤਾ ਵਿਚ ਮੁਰਗੀ ਪਾਲਣ ਕਿੱਤਾ ਇਕ ਬਹੁਤ ਵਧੀਆ ਅਤੇ ਫਾਇਦੇਮੰਦ ਵਿਕਲਪ ਹੈ।ਉਪਲਬਧ ਭੂਮੀ, ਸਰਮਾਏ ਅਤੇ ਮੰਡੀਕਾਰੀ ਸਹੂਲਤਾਂ ਨੂੰ ਧਿਆਨ ਵਿਚ ਰਖਦੇ ਉਦਮੀ ਆਂਡੇ ਪੈਦਾ ਕਰਨ ਲਈ ਮੁਰਗੀ ਪਾਲਣ ਜਾਂ ਮੀਟ ਵਾਸਤੇ ਬਰਾਇਲਰ ਪਾਲਣ ਦਾ ਕੰਮ ਕਰ ਸਕਦਾ ਹੈ।ਉਨ੍ਹਾਂ ਇਸ ਪੇਸ਼ੇ ਵਿਚ ਜੈਵਿਕ ਸੁਰੱਖਿਆ ਦੀ ਮਹੱਤਤਾ ਸੰਬੰਧੀ ਵੀ ਜਾਗਰੂਕ ਕੀਤਾ।
ਕੋਰਸ ਦੇ ਸੰਯੋਜਕ, ਡਾ. ਵਾਈ ਐਸ ਜਾਦੋਂ ਅਤੇ ਗੁਰਜੋਤ ਕੌਰ ਮਾਵੀ ਨੇ ਦੱਸਿਆ ਕਿ ਪ੍ਰਤੀਭਾਗੀਆਂ ਨੂੰ ਮੁਰਗੀ ਪਾਲਣ ਵਿਚ ਨਸਲਾਂ ਸੰਬੰਧੀ, ਸ਼ੈਡ ਦੇ ਨਿਰਮਾਣ ਬਾਰੇ, ਘਰ ਦੇ ਪਿਛਵਾੜੇ ਮੁਰਗੀ ਪਾਲਣ, ਏਕੀਕਿ੍ਰਤ ਮੁਰਗੀ ਪਾਲਣ ਅਤੇ ਰਹਿੰਦ-ਖੂੰਹਦ ਦੇ ਪ੍ਰਬੰਧਨ ਸੰਬੰਧੀ ਦੱਸਿਆ ਗਿਆ।ਇਸ ਤੋਂ ਇਲਾਵਾ ਗਰਮੀ ਸਰਦੀ ਦੇ ਮੌਸਮ ਵਿਚ ਵਾਤਾਵਰਣ ਪ੍ਰਬੰਧਨ, ਸੰਤੁਲਿਤ ਅਤੇ ਕਿਫਾਇਤੀ ਖੁਰਾਕ ਪ੍ਰਬੰਧ, ਟੀਕਾਕਰਨ, ਬੀਮਾਰੀਆਂ ਤੋਂ ਬਚਾਅ, ਆਂਡਿਆਂ ਅਤੇ ਮੀਟ ਤੋਂ ਉਤਪਾਦ ਤਿਆਰ ਕਰਨ ਦੇ ਨਾਲ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਸੰਬੰਧੀ ਵੀ ਸਿਖਲਾਈ ਦਿੱਤੀ ਗਈ।
ਵਿਭਾਗ ਦੇ ਮੁਖੀ, ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਪ੍ਰਤੀਭਾਗੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੀਆਂ ਸਹੂਲਤਾਂ ਅਤੇ ਸੇਵਾਵਾਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਕਿਸਾਨ ਯੂਨੀਵਰਸਿਟੀ ਦੇ ਲਗਾਤਾਰ ਸੰਪਰਕ ਵਿਚ ਰਹਿਣ।ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕਰਨ ਲਈ ਉਤਸਾਹਿਤ ਕੀਤਾ ਤਾਂ ਜੋ ਉੇਨ੍ਹਾਂ ਦੇ ਹਲ ਦੱਸੇ ਜਾ ਸਕਣ।ਕਿਸਾਨਾਂ ਨੂੰ ਯੂਨੀਵਰਸਿਟੀ ਦੇ ਰਸਾਲੇ ’ਵਿਗਿਆਨਕ ਪਸ਼ੂ ਪਾਲਣ’ ਅਤੇ ਮੁਰਗੀ ਪਾਲਣ ਸੰਬੰਧੀ ਪੁਸਤਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਮਾਪਨ ਸਮਾਰੋਹ ਵਿਚ ਯੂਨੀਵਰਸਿਟੀ ਦੇ ਆਯੂਸ਼ ਵਿੰਗ ਵਲੋਂ ਸਿੱਖਿਆਰਥੀਆਂ ਨੂੰ ’ਆਯੂਸ਼ ਆਪਕੇ ਦੁਆਰ’ ਮੁਹਿੰਮ ਅਧੀਨ ਜੜ੍ਹੀ ਬੂਟੀ ਪੌਦਿਆਂ ਦੀ ਪਨੀਰੀ ਵੀ ਦਿੱਤੀ ਗਈ।ਪ੍ਰਮਾਣ ਪੱਤਰ ਵੰਡ ਰਸਮ ਦੇ ਨਾਲ ਸਮਾਰੋਹ ਸੰਪੂਰਨ ਹੋਇਆ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Complete Poultry Training Course at Veterinary University