ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵਲੋਂ ’ਜਲ ਜੀਵ ਪਾਲਣ ਦੇ ਟਿਕਾਊਪਨ ਸੰਬੰਧੀ ਜਲ ਜੀਵ ਸਿਹਤ ਅਤੇ ਵਾਤਾਵਰਣ ਪ੍ਰਬੰਧਨ ਬਾਰੇ ਨਵੀਨ ਨੁਕਤੇ’ ਵਿਸ਼ੇ ’ਤੇ ਸ਼ੁਰੂ ਕੀਤਾ ਗਿਆ 10 ਦਿਨਾਂ ਦਾ ਈ-ਸਿਖਲਾਈ ਪ੍ਰੋਗਰਾਮ ਸੰਪੂਰਨ ਹੋ ਗਿਆ।ਇਹ ਪ੍ਰੋਗਰਾਮ ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਭਾਰਤ ਸਰਕਾਰ ਦੇ ਮੱਛੀ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੀ ਸਰਪ੍ਰਸਤੀ ਅਧੀਨ ਕਰਵਾਇਆ ਗਿਆ।
ਇਸ ਸਿਖਲਾਈ ਵਿਚ 90 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਜਿੰਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਮਾਹਿਰਾਂ ਨੇ ਸਿਖਲਾਈ ਦਿੱਤੀ।ਇਸ ਪ੍ਰੋਗਰਾਮ ਨੂੰ ਸਮਾਜਕ ਮੀਡੀਆ ਰਾਹੀਂ ਜੀਵੰਤ ਤੌਰ ’ਤੇ ਵੀ ਹੋਰ ਚਾਹਵਾਨ ਉਮੀਦਵਾਰਾਂ ਲਈ ਪ੍ਰਸਾਰਿਤ ਕੀਤਾ ਗਿਆ।
ਸਿਖਲਾਈ ਪ੍ਰੋਗਰਾਮ ਵਿਚ ਚੱਲ ਰਹੀਆਂ ਅਤੇ ਨਵੀਆਂ ਉਭਰ ਰਹੀਆਂ ਜਲ ਜੀਵਾਂ ਦੀ ਬੀਮਾਰੀਆਂ, ਉਨ੍ਹਾਂ ਦਾ ਨਿਰੀਖਣ, ਰੋਕਥਾਮ ਅਤੇ ਇਕ ਸਿਹਤ ਸੰਕਲਪ ਦੇ ਅਨੁਕੂਲ ਇਲਾਜ ਪ੍ਰਣਾਲੀ, ਵਾਤਾਵਰਣ ਬਿਹਤਰੀ ਅਤੇ ਭੋਜਨ ਸੁਰੱਖਿਆ ਵਰਗੇ ਮਹੱਤਵਪੂਰਣ ਵਿਸ਼ਿਆਂ ਸੰਬੰਧੀ ਗਿਆਨ ਦਿੱਤਾ ਗਿਆ।
ਕੋਰਸ ਨਿਰਦੇਸ਼ਕ, ਡਾ. ਵਨੀਤ ਇੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਡਾ. ਆਈ ਐਸ ਆਜ਼ਾਦ, ਕੁਵੈਤ, ਵਿਗਿਆਨਕ ਖੋਜ ਸੰਸਥਾ ਦੇ ਖੋਜ ਵਿਗਿਆਨੀ ਨੇ ਸਿਖਲਾਈ ਦੌਰਾਨ ਵਿਚਾਰੀਆਂ ਗਈਆਂ ਸਿਫਾਰਸ਼ਾਂ ਨੂੰ ਸਾਂਝਿਆਂ ਕੀਤਾ।ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਰਾਜੀਵ ਸਿਵਾਚ, ਪ੍ਰਮੁੱਖ ਮੁੱਖ ਪ੍ਰਬੰਧਕ, ਨਾਬਾਰਡ ਖੇਤਰੀ ਦਫ਼ਤਰ, ਪੰਜਾਬ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਅਤੇ ਨਾਬਾਰਡ ਨੂੰ ਸਾਂਝੀ ਖੋਜ ਅਤੇ ਵਿਕਾਸ ’ਤੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇਸ ਖੇਤਰ ਦੇ ਕਿਸਾਨੀ ਭਾਈਚਾਰੇ ਦੇ ਆਰਥਿਕ ਪੱਧਰ ਨੂੰ ਬਿਹਤਰ ਕੀਤਾ ਜਾ ਸਕੇ।ਪਤਵੰਤੇ ਮਹਿਮਾਨ ਸ਼੍ਰੀ ਵਿਜੈ ਕੁਮਾਰ ਯਰਗਾਲ, ਕਾਰਜਕਾਰੀ ਨਿਰਦੇਸ਼ਕ ਨੇ ਜਲ ਜੀਵਾਂ ਵਿਚ ਭੋਜਨ ਅਤੇ ਵਾਤਾਵਰਣ ਸੁਰੱਖਿਆ ਦੇ ਮੁੱਦਿਆਂ ’ਤੇ ਜ਼ੋਰ ਦਿੱਤਾ।ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਵਿਗਿਆਨਕ ਭਾਈਚਾਰੇ ਦੀ ਜ਼ਿੰਮੇਵਾਰੀ ਨੂੰ ਉਭਾਰਦਿਆਂ ਇਸ ਖੇਤਰ ਦੀ ਬਿਹਤਰੀ ਲਈ ਕਾਰਜ ਕਰਨ ਵਾਸਤੇ ਪ੍ਰੇਰਿਆ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਫ਼ਿਸ਼ਰੀਜ਼ ਕਾਲਜ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਬੜੇ ਲੋੜੀਂਦੇ ਵਿਸ਼ੇ ’ਤੇ ਇਹ ਸਿਖਲਾਈ ਕਰਵਾਈ ਹੈ ਜਿਸ ਨਾਲ ਕਿ ਜਲ ਜੀਵ ਸਿਹਤ ਪ੍ਰਬੰਧਨ ਦੇ ਅਣਗਿਣਤ ਪੱਖਾਂ ਨੂੰ ਵਿਚਾਰਿਆ ਗਿਆ ਹੈ।ਉਨ੍ਹਾਂ ਕਿਹਾ ਕਿ ਸਿਹਤ, ਭੋਜਨ, ਵਾਤਾਵਰਣ ਸੁਰੱਖਿਆ ਅਤੇ ਪ੍ਰਬੰਧਨ ਦੇ ਵਿਸ਼ਿਆਂ ਨੂੰ ਸਾਨੂੰ ਭਵਿੱਖੀ ਦਿ੍ਰਸ਼ਟੀ ਮੁਤਾਬਿਕ ਵੇਖਣਾ ਚਾਹੀਦਾ ਹੈ।ਮੱਛੀ ਪਾਲਣ ਦੇ ਖੇਤਰ ਵਿਚ ਸਾਨੂੰ ਵਿਭਿੰਨਤਾ, ਏਕੀਕਰਣ, ਨਵੀਨਤਮ ਤਕਨਾਲੋਜੀਆਂ ਦੀ ਵਰਤੋਂ ਨੂੰ ਯਕੀਨੀ ਬਨਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕੋਰਸ ਵਿਚ ਮਿਲੇ ਗਿਆਨ ਨੂੰ ਵੱਧ ਤੋਂ ਵੱਧ ਪ੍ਰਸਾਰਣ ਦੀ ਲੋੜ ਹੈ ਤਾਂ ਜੋ ਸਾਰੇ ਇਸ ਤੋਂ ਫਾਇਦਾ ਲੈ ਸਕਣ।ਕੋਰਸ ਵਿਚ ਦਿੱਤੇ ਗਏ ਲੈਕਚਰਾਂ ਦਾ ਇਕ ਈ-ਸੰਗ੍ਰਹਿ ਵੀ ਕੋਰਸ ਦੇ ਸੰਯੋਜਕਾਂ ਡਾ. ਅਨੁਜ ਤਿਆਗੀ, ਸ਼ਾਂਤਨਾਗੌੜਾ ਅਤੇ ਨਵੀਨ ਕੁਮਾਰ ਨੇ ਤਿਆਰ ਕੀਤਾ ਜੋ ਕਿ ਸਾਰੇ ਪਤਵੰਤੇ ਮਹਿਮਾਨਾਂ ਅਤੇ ਉਪ-ਕੁਲਪਤੀ ਨੇ ਮਿਲ ਕੇ ਜਾਰੀ ਕੀਤਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Complete training program on aquatic health management at Veterinary University