ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵਲੋਂ ਡੇਅਰੀ ਫਾਰਮਿੰਗ ਸੰਬੰਧੀ ਕਰਵਾਇਆ ਗਿਆ ਦੋ ਹਫ਼ਤੇ ਦਾ ਸਿਖਲਾਈ ਕੋਰਸ ਸੰਪੂਰਨ ਹੋ ਗਿਆ।ਇਸ ਸਿਖਲਾਈ ਕੋਰਸ ਵਿਚ 16 ਸਿੱਖਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਇਕ ਲੜਕੀ ਵੀ ਸ਼ਾਮਿਲ ਸੀ।ਸਿੱਖਿਆਰਥੀਆਂ ਨੂੰ ਭਾਸ਼ਣਾਂ ਰਾਹੀਂ ਮੁਹਾਰਤ ਗਿਆਨ ਦੇਣ ਦੇ ਨਾਲ ਨਾਲ ਹਰੇਕ ਢੰਗ ਦਾ ਪ੍ਰਯੋਗੀ ਗਿਆਨ ਵੀ ਦਿੱਤਾ ਗਿਆ।
ਸਿੱਖਿਆਰਥੀਆਂ ਨੂੰ ਡੇਅਰੀ ਦਾ ਕਿੱਤਾ ਸ਼ੁਰੂ ਕਰਨ ਲਈ ਸਹੀ ਨਸਲਾਂ ਦੀ ਚੋਣ ਅਤੇ ਪਛਾਣ ਕਰਨ, ਪ੍ਰਜਣਨ ਨੀਤੀਆਂ, ਢਾਰਾ ਪ੍ਰਬੰਧ, ਖੁਰਾਕ ਪ੍ਰਬੰਧ, ਮੰਡੀਕਾਰੀ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਬਾਰੇ ਦੱਸਿਆ ਗਿਆ।
ਸਮਾਪਨ ਸਮਾਰੋਹ ਦੀ ਪ੍ਰਧਾਨਗੀ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕੀਤੀ।ਉਨ੍ਹਾਂ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਪ੍ਰੇਰਿਤ ਕਰਦਿਆਂ ਹੋਇਆਂ ਕਈ ਅਗਾਂਹਵਧੂ ਡੇਅਰੀ ਉਦਮੀਆਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਵੀ ਦੱਸੀਆਂ।ਉਨ੍ਹਾਂ ਕਿਹਾ ਕਿ ਡੇਅਰੀ ਕਿੱਤੇ ਨੂੰ ਵਪਾਰਕ ਨੁਕਤੇ ਤੋਂ ਅਪਨਾਉਣਾ ਚਾਹੀਦਾ ਹੈ।ਪੰਜਾਬ ਨੂੰ ਡੇਅਰੀ ਪਸ਼ੂਧਨ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਇਸ ਲਈ ਕਿਸਾਨ ਵਧੀਆ ਕਿਸਮ ਦਾ ਵੀਰਜ ਵੀ ਸਾਰੇ ਮੁਲਕ ਵਿਚ ਪਸ਼ੂ ਪਾਲਕਾਂ ਨੂੰ ਵੇਚ ਸਕਦੇ ਹਨ।
ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਵੀ ਸਮਾਰੋਹ ਵਿਚ ਆਪਣੀਆਂ ਮੁੱਲਵਾਨ ਰਾਵਾਂ ਸਾਂਝੀਆਂ ਕੀਤੀਆਂ।ਉਨ੍ਹਾਂ ਯੂਨੀਵਰਸਿਟੀ ਵਲੋਂ ਇਸ ਖੇਤਰ ਵਿਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਚਰਚਾ ਕੀਤੀ।ਉਨ੍ਹਾਂ ਦੱਸਿਆ ਕਿ ਇਹ ਨਿਰਦੇਸ਼ਾਲਾ ਕਿਵੇਂ ਆਧੁਨਿਕ ਤਕਨੀਕੀ ਗਿਆਨ, ਪਸ਼ੂ ਪਾਲਕਾਂ ਨਾਲ ਸਾਂਝਾ ਕਰ ਰਿਹਾ ਹੈ।ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਲਗਾਤਾਰ ਯੂਨੀਵਰਸਿਟੀ ਦੇ ਸੰਪਰਕ ਵਿਚ ਰਹਿਣ ਤਾਂ ਜੋ ਨਵੀਨਤਮ ਜਾਣਕਾਰੀ ਉਨ੍ਹਾਂ ਤਕ ਪਹੁੰਚਦੀ ਰਹੇ।
ਪਸਾਰ ਸਿੱਖਿਆ ਵਿਭਾਗ ਦੇ ਮੁਖੀ, ਡਾ, ਰਾਕੇਸ਼ ਕੁਮਾਰ ਸ਼ਰਮਾ ਨੇ ਪਸ਼ੂ ਪਾਲਕਾਂ ਨਾਲ ਚਰਚਾ ਕਰਦਿਆਂ ਕਿਹਾ ਕਿ ਡੇਅਰੀ ਫਾਰਮ ਲਈ ਭੂਮੀ ਦੀ ਸਹੀ ਯੋਜਨਾ, ਵਧੇਰੇ ਦੁੱਧ ਦੇਣ ਵਾਲੀਆਂ ਨਸਲਾਂ ਦੇ ਪਸ਼ੂ ਅਤੇ ਸੰਤੁਲਿਤ ਖੁਰਾਕ ਸੰਬੰਧੀ ਦੱਸਿਆ।ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਅੰਗਰੇਜ਼ੀ ਦਵਾਈਆਂ ਦੀ ਜਗ੍ਹਾ ਸਾਨੂੰ ਦੇਸੀ ਜੜ੍ਹੀਬੂਟੀ ਔਸ਼ਧੀਆਂ ਵਰਤਣੀਆਂ ਚਾਹੀਦੀਆਂ ਹਨ।ਉਨ੍ਹਾਂ ਨੇ ਬੀਮਾਰ ਅਤੇ ਸਿਹਤਮੰਦ ਪਸ਼ੂ ਦੀ ਪਛਾਣ ਕਰਨ ਬਾਰੇ ਵੀ ਦੱਸਿਆ ਅਤੇ ਐਂਟੀਬਾਇਟਿਕ ਦਵਾਈਆਂ ਦੀ ਵਰਤੋਂ ਤੇ ਗੱਭਣ ਪਸ਼ੂ ਦੀ ਸੰਭਾਲ ਬਾਰੇ ਵੀ ਚਾਨਣਾ ਪਾਇਆ।
ਡਾ. ਐਸ ਕੇ ਕਾਂਸਲ, ਸਿਖਲਾਈ ਪ੍ਰੋਗਰਾਮ ਦੇ ਤਕਨੀਕੀ ਸੰਯੋਜਕ ਨੇ ਬੀਮਾਰ ਪਸ਼ੂਆਂ ਦੀ ਮੁਢਲੀ ਸਹਾਇਤਾ, ਨਿਰੀਖਣ ਵਿਧੀਆਂ ਅਤੇ ਯੂਨੀਵਰਸਿਟੀ ਵਿਖੇ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।ਸਿਖਲਾਈ ਦੇ ਸੰਯੋਜਕ, ਡਾ. ਵਾਈ ਐਸ ਜਾਦੋਂ ਅਤੇ ਗੁਰਜੋਤ ਕੌਰ ਮਾਵੀ ਨੇ ਸਾਰੇ ਸਿਖਾਲਈ ਪ੍ਰੋਗਰਾਮ ਦਾ ਸੰਯੋਜਨ ਕੀਤਾ।ਸਮਾਪਨ ਸਮਾਰੋਹ ਦੌਰਾਨ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਵੰਡੇ ਗਏ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Completed Dairy Farming Training Course at Veterinary University