ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਅਤੇ ਪਸਾਰ ਸਿੱਖਿਆ ਵਿਭਾਗ ਨੇ ਰਾਜ ਦੇ ਪੇਂਡੂ ਨੌਜਵਾਨਾਂ ਲਈ ਇਕੋ ਸਮੇਂ ਤਿੰਨ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ।
ਇਹ ਸਿਖਲਾਈ ਡੇਅਰੀ ਫਾਰਮਿੰਗ, ਸੂਰ ਪਾਲਣ ਅਤੇ ਬੱਕਰੀ ਪਾਲਣ ਬਾਰੇ ਸੀ। ਚੱਲ ਰਹੀ ਕੋਵਿਡ-19 ਮਹਾਂਮਾਰੀ ਦੇ ਕਾਰਣ, ਪ੍ਰਤੀਭਾਗੀਆਂ ਦੀ ਗਿਣਤੀ 10-12 ਤੱਕ ਸੀਮਤ ਰੱਖੀ ਗਈ ਸੀ। ਸਿੱਖਿਆਰਥੀਆਂ ਨੂੰ ਪਸ਼ੂ ਪਾਲਣ ਵਿਚ ਨਵਾਂ ਉੱਦਮ ਸ਼ੁਰੂ ਕਰਨ ਬਾਰੇ ਮੁੱਢਲਾ ਸਿਧਾਂਤਕ ਅਤੇ ਵਿਹਾਰਕ ਗਿਆਨ ਦਿੱਤਾ ਗਿਆ। ਮਹੱਤਵਪੂਰਨ ਵਿਸ਼ਿਆਂ ਵਿੱਚ ਪਸ਼ੂਆਂ ਦੀਆਂ ਨਸਲਾਂ, ਪ੍ਰਜਣਨ ਨੀਤੀਆਂ ਦੀ ਚੋਣ ਅਤੇ ਪਛਾਣ, ਸ਼ੈਡ ਪ੍ਰਬੰਧਨ, ਖੁਰਾਕ ਪ੍ਰਬੰਧਨ ਅਤੇ ਪਸ਼ੂ ਉਤਪਾਦਾਂ ਦੀ ਮੰਡੀਕਾਰੀ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਸੰਬੰਧੀ ਚਰਚਾ ਕੀਤੀ ਗਈ।
ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਡਾ. ਇੰਦਰਜੀਤ ਸਿੰਘ, ਉਪ ਕੁਲਪਤੀ ਨੇ ਕੀਤੀ। ਉਨ੍ਹਾਂ ਪਸ਼ੂ ਪਾਲਣ ਨੂੰ ਵਪਾਰਕ ਕਾਰੋਬਾਰ ਵਜੋਂ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੇਂਡੂ ਵਿਦਿਆਰਥੀਆਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਨੇ ਗੁਆਂਢੀ ਰਾਜ ਹਰਿਆਣਾ ਵਿੱਚ ਏਕੀਕਿ੍ਰਤ ਪਸ਼ੂ ਪਾਲਣ ਨੂੰ ਇੱਕ ਵਪਾਰ ਵਜੋਂ ਲਿਆ ਹੈ। ਉਹ ਗ੍ਰੈਜੂਏਟ ਜੋ ਪਹਿਲਾਂ ਕਿਸੇ ਰੁਜ਼ਗਾਰ ਦੀ ਭਾਲ ਕਰਦੇ ਸਨ ਹੁਣ ਉਹ ਆਪਣੇ ਫਾਰਮਾਂ ਵਿੱਚ 500 ਤੋਂ ਵੱਧ ਵਿਅਕਤੀਆਂ ਨੂੰ ਨੌਕਰੀ ਦੇ ਰਹੇ ਹਨ। ਉਨ੍ਹਾਂ ਨੇ ਮੱਝਾਂ ਪਾਲਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਕ ਮੱਝ ਪਾਲਣ ਨਾਲ ਇਕ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਸਕਦਾ ਹੈ। ਉਨ੍ਹਾਂ ਨੇ ਮੱਝ ਉਲਕਸ਼ਮੀ” ਦੀ ਉਦਾਹਰਣ ਦਿੱਤੀ ਜੋ 25 ਲੱਖ ਰੁਪਏ ਵਿੱਚ ਵੇਚੀ ਗਈ ਸੀ। ਇਸ ਇਕ ਮੱਝ ਨੇ ਸਾਰੇ ਪਰਿਵਾਰ ਦੀ ਕਿਸਮਤ ਬਦਲ ਦਿੱਤੀ। ਮੁੱਖ ਮਹਿਮਾਨ ਨੇ ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ।
ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਯੂਨੀਵਰਸਿਟੀ ਵੱਲੋਂ ਕੀਤੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਨਿਰਦੇਸ਼ਾਲਾ ਰਾਜ ਦੇ ਪਸ਼ੂ ਪਾਲਕਾਂ ਨੂੰ ਸਸਤੀ ਕੀਮਤ ’ਤੇ ਨਵੀਨਤਮ ਤਕਨੀਕੀ ਗਿਆਨ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ।
ਵਿਭਾਗ ਦੇ ਮੁਖੀ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਐਲਾਨ ਕੀਤਾ ਕਿ ਪਸ਼ੂ ਪਾਲਕਾਂ ਲਈ ਅਜਿਹੇ ਹੋਰ ਸਿਖਲਾਈ ਪ੍ਰੋਗਰਾਮ ਆਉਣ ਵਾਲੇ ਮਹੀਨਿਆਂ ਵਿੱਚ ਆਯੋਜਿਤ ਕੀਤੇ ਜਾਣਗੇ। ਕੋਵਿਡ ਦੌਰਾਨ ਘੱਟ ਸਿਖਲਾਈ ਪ੍ਰੋਗਰਾਮ ਹੋਣ ਕਾਰਣ ਹੁਣ ਇਸ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਪ੍ਰਤੀ ਬੈਚ 20 ਕਰ ਦਿੱਤੀ ਜਾਵੇਗੀ। ਚਾਹਵਾਨ ਕਿਸਾਨ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਤੋਂ ਬਿਨੈ-ਪੱਤਰ ਡਾਊਨਲੋਡ ਕਰ ਸਕਦੇ ਹਨ ਅਤੇ ਯੂਨੀਵਰਸਿਟੀ ਦੇ ਕਿਸਾਨ ਸੂਚਨਾ ਕੇਂਦਰ ਵਿਖੇ ਜਮ੍ਹਾਂ ਕਰ ਸਕਦੇ ਹਨ। ਕਿਸੇ ਵੀ ਹੋਰ ਪੁੱਛਗਿੱਛ ਲਈ ਕੋਈ ਵੀ ਵਿਅਕਤੀ ਹੈਲਪਲਾਈਨ ਨੰਬਰ 0161-2414026 ’ਤੇ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦਾ ਹੈ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਇਹ ਵੀ ਪੜ੍ਹੋ :- ਕਿਸਾਨਾਂ ਲਈ ਖੁਸ਼ਖਬਰੀ ! ਨਾਬਾਰਡ ਦੇ ਰਿਹਾ ਕਿਸਾਨਾਂ ਨੂੰ 20 ਲੱਖ ਰੁਪਏ ਦਾ ਲੋਨ
Summary in English: Completed three training courses simultaneously at Veterinary University