KVK Moga: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਨਾਬਾਰਡ ਵਿਭਾਗ ਦੀ ਵਿੱਤੀ ਮਦਦ ਨਾਲ ਪਿਆਜ ਅਤੇ ਲਸਣ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸੰਬੰਧੀ ਚਲਾਏ ਜਾ ਰਹੇ ਪ੍ਰੋਜੈਕਟ ਅਧੀਨ ਪਿੰਡ ਸਾਫੂਵਾਲਾ ਵਿੱਖੇ ਮਿਤੀ 03.09.2024 ਨੂੰ ਪਿਆਜ ਦੀ ਸਾਂਭ ਸੰਭਾਲ, ਭੰਡਾਰਨ ਅਤੇ ਪ੍ਰੋਸੈਸਿੰਗ ਸੰਬੰਧੀ ਇੱਕ ਰੋਜਾ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਨਾਬਾਰਡ ਏ.ਜੀ.ਐਮ ਮੈਡਮ ਸਵਿਤਾ ਸਿੰਘ ਅਤੇ ਲੀਡ ਜਿਲ੍ਹਾ ਮੈਨੇਜਰ ਸ਼੍ਰੀ ਚਿਰੰਨਜੀਵ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕੇ. ਵੀ. ਕੇ ਬੁੱਧ ਸਿੰਘ ਵਾਲਾ ਮੋਗਾ, ਡਾ. ਅਮਨਦੀਪ ਸਿੰਘ ਬਰਾੜ, ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ) ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਸਬਜੀਆਂ) ਡਾ. ਪ੍ਰੇਰਨਾ ਠਾਕੁਰ, ਸਹਾਇਕ ਪ੍ਰੋਫੈਸਰ (ਫਸਲ) ਡਾ. ਮਨਪ੍ਰੀਤ ਜੈਦਕਾ ਸ਼ਾਮਿਲ ਹੋਏ।
ਡਾ. ਪ੍ਰੇਰਨਾ ਠਾਕੁਰ ਨੇ ਪਿਆਜ ਅਤੇ ਲਸਣ ਦੀ ਕਾਸ਼ਤ ਸੰਬੰਧੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕੀਤੀ। ਡਾ. ਰਮਨਦੀਪ ਕੌਰ ਨੇ ਆਪਣੇ ਲੈਕਚਰ ਦੌਰਾਨ ਪਿਆਜ ਦੀ ਪੁਟਾਈ ਪਿੱਛੋਂ ਸਾਂਭ ਸੰਭਾਲ, ਭੰਡਾਰਨ ਅਤੇ ਪ੍ਰੋਸੈਸਿੰਗ ਦੀਆਂ ਤਕਨੀਕਾਂ ਬਾਰੇ ਦੱਸਿਆ ਕਿ ਕਿਵੇਂ ਇਹਨਾਂ ਤਕਨੀਕਾਂ ਨੂੰ ਅਪਣਾ ਕੇ ਅਤੇ ਮੰਡੀਕਰਨ ਨਾਲ ਜੁੜਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
ਡਾ. ਮਨਪ੍ਰੀਤ ਜੈਦਕਾ ਨੇ ਫਸਲਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਸ਼੍ਰੀ ਮਤੀ ਸਵੀਤਾ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਪ੍ਰੋਸੈਸਿੰਗ ਖੇਤਰ ਵਿੱਚ ਇਜਾਫੇ ਲਈ ਚਲਾਈ ਜਾ ਰਹੀ ਐਗਰੀਕਲਚਰਲ ਇੰਨਫਰਾਸਟਰੱਕਚਰ ਸਕੀਮ ਬਾਰੇ ਜਾਣੂ ਕਰਵਾਇਆ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਵੀ ਕੀਤਾ। ਸ਼੍ਰੀ ਚਿਰੰਨਜੀਵ ਸਿੰਘ ਨੇ ਬੈਂਕ ਦੁਆਰਾ ਦਿੱਤੀ ਜਾਂਦੀ ਸਹੂਲਤਾਂ ਬਾਬਤ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਅਮਨਦੀਪ ਸਿੰਘ ਬਰਾੜ ਵੱਲੋਂ ਕਿਸਾਨਾਂ ਨਾਲ ਫਸਲਾਂ ਵਿੱਚ ਆਉਂਦੀਆਂ ਮੁਸ਼ਕਲਾਂ ਅਤੇ ਬੀਜ ਦੀ ਸਾਂਭ ਸੰਭਾਲ ਦੇ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜਨ ਲਈ ਕਿਹਾ।
ਇਸ ਕੈਂਪ ਦੌਰਾਨ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵਿਕਸਤ ਪਿਆਜਾਂ ਦੇ ਭੰਡਾਰਨ ਲਈ ਯੂਨਿਟ ਵੀ ਦਿੱਤਾ ਗਿਆ ਅਤੇ ਇਸ ਸੰਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸਦੀ ਵਿੱਤੀ ਸਹਾਇਤਾ ਨਾਬਾਰਡ ਵੱਲੋਂ ਕੀਤੀ ਗਈ ਹੈ। ਇਸ ਕੈਂਪ ਦੌਰਾਨ ਕਿਸਾਨਾਂ ਨੂੰ ਪੀ. ਓੇ. ਯੂ ਦੀਆਂ ਪ੍ਰਕਾਸ਼ਨਾਵਾਂ ਵੀ ਵੰਡੀਆਂ ਗਈਆਂ। ਇਸ ਵਿੱਚ ਕੁੱਲ 65 ਕਿਸਾਨਾਂ ਨੇ ਸ਼ਾਮਿਲ ਹੋਕੇ ਤਕਨੀਕੀ ਜਾਣਕਾਰੀ ਦਾ ਹਾਸਿਲ ਕੀਤੀ। ਕਿਸਾਨਾਂ ਵੱਲੋਂ ਇਸ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਰਵਾਇਤੀ ਕਣਕ-ਝੋਨੇ ਤੋਂ ਹਟਕੇ ਕੰਮ ਕਰਨ ਵਾਲੇ ਕਿਸਾਨਾਂ ਲਈ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਕੈਂਪ ਲਗਾਉਣ ਲਈ ਕਿਹਾ ਗਿਆ।
Summary in English: Conducted training camp on preservation, storage and processing of onions at Krishi Vigyan Kendra Moga