KVK Patiala: ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਇਸ ਲੜੀ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਿਖੇ 23 ਮਈ 2024 ਤੋਂ 31 ਮਈ 2024 ਤੱਕ “ਡੇਅਰੀ ਫਾਰਮਿੰਗ” (Dairy Farming) ਸੰਬੰਧੀ 7 ਦਿਨਾਂ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਵਿੱਚ ਪਟਿਆਲਾ ਜ਼ਿਲ੍ਹੇ ਦੇ 24 ਕਿਸਾਨ ਵੀਰਾਂ ਅਤੇ ਪੇਂਡੂ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਇਹ ਸਿਖਲਾਈ ਕੋਰਸ ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕੇ.ਵੀ.ਕੇ, ਪਟਿਆਲਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਪਹਿਲੇ ਦਿਨ ਡਾ. ਗੁਰਉਪਦੇਸ਼ ਕੌਰ ਨੇ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਕੇ.ਵੀ.ਕੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਗੁਰਅੰਸ਼ਪ੍ਰੀਤ ਸਿੰਘ ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ, ਫਤਿਗ੍ਹੜ ਸਾਹਿਬ (ਕੋਰਸ ਕੋਆਰਡੀਨੇਟਰ) ਨੇ ਕਿਸਾਨਾਂ ਨੂੰ ਘਰੇਲੂ ਅਤੇ ਵਪਾਰਕ ਪੱਧਰ 'ਤੇ ਸਫਲ ਵਿਗਿਆਨਕ ਢੰਗ ਨਾਲ ਡੇਅਰੀ ਫਾਰਮਿੰਗ ਕਰਨ ਲਈ ਪਸ਼ੂਆਂ ਦੀਆਂ ਨਸਲਾਂ ਅਤੇ ਨਸਲ ਸੁਧਾਰ, ਸੰਤੁਲਿਤ ਖੁਰਾਕ, ਰਿਹਾਇਸ਼ੀ ਪ੍ਰਬੰਧ, ਸਾਫ਼ ਸੁਥਰਾ ਦੁੱਧ ਉਤਪਾਦਨ, ਡੇਅਰੀ ਪਸ਼ੂਆਂ ਦੀ ਸਾਂਭ-ਸੰਭਾਲ, ਪਸ਼ੂ ਨੂੰ ਮਲੱਪ-ਰਹਿਤ ਕਰਨਾ, ਟੀਕਾਕਰਨ ਪ੍ਰੋਗਰਾਮ, ਅਤੇ ਡੇਅਰੀ ਪਸ਼ੂਆਂ ਵਿੱਚ ਬਿਮਾਰੀਆਂ ਅਤੇ ਇਸਦੀ ਰੋਕਥਾਮ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸਿਖਿਆਰਥੀਆਂ ਨੂੰ ਡੇਅਰੀ ਫਾਰਮਿੰਗ ਦੀ ਆਰਥਿਕਤਾ ਅਤੇ ਰਿਕਾਰਡ ਰੱਖਣ ਦੀ ਵਿਧੀ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, ਸਿਖਲਾਈ ਕੋਰਸ ਦੌਰਾਨ ਡੇਅਰੀ ਪਸ਼ੂਆਂ ਵਿੱਚ “ਸੀ.ਐਮ.ਟੀ ਕਿੱਟਾਂ ਦੁਆਰਾ ਸਭ-ਕਲੀਨੀਕਲ ਮੈਸਟੀਟਿਸ ਦੀ ਜਾਂਚ” ਅਤੇ “ਦੁੱਧ ਵਿੱਚ ਆਮ ਮਿਲਾਵਟ ਦੀ ਪਛਾਣ ਕਰਨ” ਬਾਰੇ ਵਿਧੀ ਪ੍ਰਦਰਸ਼ਨੀਆਂ ਵੀ ਕਰਵਾਈਆਂ ਗਈਆਂ।
ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਪਸ਼ੂ ਪਾਲਕਾਂ ਦੀ ਨਿੱਜੀ ਸਫਾਈ ਅਤੇ ਡੇਅਰੀ ਫਾਰਮ ਦੀ ਸਫਾਈ ਦੇ ਮਹੱਤਵ ਬਾਰੇ ਚਾਨਣਾ ਪਾਇਆ। ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਪੂਰੇ ਸਾਲ ਚਾਰੇ ਦੀਆਂ ਫ਼ਸਲਾਂ ਦੀ ਉਪਲਬਧਤਾ ਬਾਰੇ ਵਿਸਥਾਰ ਨਾਲ ਦੱਸਿਆ।
ਇਹ ਵੀ ਪੜ੍ਹੋ : Poultry Farming ਨੂੰ ਵਿਗਿਆਨਕ ਲੀਹਾਂ 'ਤੇ ਸਹਾਇਕ ਧੰਦੇ ਵਜੋਂ ਅਪਣਾਓ: Dr. Gurdeep Singh, Deputy Director
ਡਾ. ਹਰਦੀਪ ਸਿੰਘ ਸਭਿਖੀ, ਸਹਾਇਕ ਪ੍ਰੋਫੈਸਰ (ਪੌਦ ਵਿਗਿਆਨ) ਨੇ ਚਾਰੇ ਦੀਆਂ ਫ਼ਸਲਾਂ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਦੁੱਧ ਦੇ ਵੱਖ-ਵੱਖ ਉਤਪਾਦ ਬਣਾਉਣ ਲਈ ਦੁੱਧ ਦੀ ਪ੍ਰੋਸੈਸਿੰਗ ਬਾਰੇ ਦੱਸਿਆ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਡਾ. ਜੀਵਨ ਗੁਪਤਾ, ਵੈਟਰਨਰੀ ਅਫ਼ਸਰ, ਪਟਿਆਲਾ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਡੇਅਰੀ ਫਾਰਮਿੰਗ ਲਈ ਉਪਲਬਧ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਸਿਖਲਾਈ ਕੋਰਸ ਵਿਚ ਸਿਖਿਆਰਥੀਆਂ ਨੂੰ ਕੇਂਦਰੀ ਮੱਝ ਖੋਜ ਕੇਂਦਰ, ਨਾਭਾ (CIRB, Nabha) ਦਾ ਵਿੱਦਿਅਕ ਦੌਰਾ ਵੀ ਕਰਵਾਇਆ ਗਿਆ ਜਿਥੇ ਡਾ. ਫਤਿਹ ਚੰਦ ਟੁਟੇਜਾ ਅਤੇ ਉਨ੍ਹਾਂ ਦੀ ਟੀਮ ਨੇ ਬੜੇ ਹੀ ਵਿਸਥਾਰ ਨਾਲ ਸਿਖਿਆਰਥੀਆਂ ਨੂੰ ਕੇਂਦਰ ਵਿਚ ਚਲ ਰਹੀਆਂ ਰੋਜ਼ ਦੀ ਗਤੀਵਿਧੀਆਂ ਅਤੇ ਵੱਖ ਵੱਖ ਖੋਜਾਂ ਬਾਰੇ ਜਾਗਰੂਕ ਕਰਵਾਇਆ ਅਤੇ ਸਿਖਿਆਰਥੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ।
ਸਮਾਪਤੀ ਸਮਾਰੋਹ ਦੌਰਾਨ ਡਾ. ਗੁਰਅੰਸ਼ਪ੍ਰੀਤ ਸਿੰਘ ਸੇਠੀ ਨੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਇਸ ਨਵੇਂ ਉੱਦਮ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਪ੍ਰੇਰਿਤ ਕੀਤਾ। ਸਿਖਿਆਰਥੀਆਂ ਨੂੰ ਡੇਅਰੀ ਫਾਰਮਿੰਗ ਸਬੰਧੀ ਕਿਤਾਬਾਂ ਅਤੇ ਧਾਤਾਂ ਦਾ ਚੂਰਾ ਵੀ ਪ੍ਰਦਾਨ ਕੀਤਾ ਗਿਆ।
Summary in English: "DAIRY FARMING" Vocational Oriented Training Course organized at KVK PATIALA, Trainees were given educational visit to CIRB, Nabha