ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਨੇ ਯੁਨੀਵਰਸਿਟੀ ਨਾਲ ਸੰਬੰਧਤ ਵੱਖ-ਵੱਖ ਕਾਲਜਾਂ ਵਿਚ ਡੀਨ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ।ਪ੍ਰਬੰਧਕੀ ਬੋਰਡ ਨੇ ਡਾ. ਸਰਵਪ੍ਰੀਤ ਸਿੰਘ ਘੁੰਮਣ ਨੂੰ ਵੈਟਨਰੀ ਸਾਇੰਸ ਕਾਲਜ ਲੁਧਿਆਣਾ, ਡਾ. ਮਨੀਸ਼ ਕੁਮਾਰ ਚੈਟਲੀ ਨੂੰ ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ (ਬਠਿੰਡਾ), ਡਾ. ਮੀਰਾ ਡੀ ਆਂਸਲ ਨੂੰ ਫ਼ਿਸ਼ਰੀਜ਼ ਕਾਲਜ ਅਤੇ ਡਾ. ਯਸ਼ਪਾਲ ਸਿੰਘ ਮਲਿਕ ਨੂੰ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦਾ ਡੀਨ ਨਿਯੁਕਤ ਕਰਨ ਸੰਬੰਧੀ ਪ੍ਰਵਾਨਗੀ ਦੇ ਦਿੱਤੀ ਹੈ।
ਡਾ. ਸਰਵਪ੍ਰੀਤ ਸਿੰਘ ਘੁੰਮਣ ਜੋ ਕਿ ਵੈਟਨਰੀ ਸਾਇੰਸ ਕਾਲਜ ਦੇ ਡੀਨ ਵਜੋਂ ਸੇਵਾ ਦੇਣਗੇ ਨੇ ਚਾਰ ਸਾਲ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੇ ਮੁਖੀ ਦੇ ਤੌਰ 'ਤੇ ਕਾਰਜ ਕੀਤਾ ਹੈ। ਉਨ੍ਹਾਂ ਕੋਲ ਅਧਿਆਪਨ, ਖੋਜ ਅਤੇ ਪਸਾਰ ਖੇਤਰ ਵਿਚ 25 ਵਰ੍ਹੇ ਦਾ ਤਜਰਬਾ ਹੈ।ਡਾ. ਘੁੰਮਣ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗਾਇਨਾਕੋਲੋਜੀ ਵਿਭਾਗ ਵਿਚ ਬਤੌਰ ਸਹਾਇਕ ਪ੍ਰੋਫੈਸਰ ਸੇਵਾ ਨਿਭਾਉਣੀ ਸ਼ੁਰੂ ਕੀਤੀ ਸੀ।ਉਨ੍ਹਾਂ ਨੇ ਆਪਣੀ ਪੀਐਚ.ਡੀ ਦੀ ਵਿਦਿਆ ਇੰਗਲੈਂਡ ਦੀ ਲਿਵਰਪੂਲ ਯੂਨੀਵਰਸਿਟੀ ਤੋਂ ਕਾਮਨਵੈਲਥ ਵਜੀਫੇ ਦੇ ਤਹਿਤ ਪ੍ਰਾਪਤ ਕੀਤੀ ਸੀ।21 ਖੋਜ ਪ੍ਰਾਜੈਕਟਾਂ ਨਾਲ ਜੁੜੇ ਡਾ. ਘੁੰਮਣ ਨੂੰ ਹੁਣ ਤਕ 09 ਸਰਵਉੱਤਮ ਖੋਜ ਪਰਚੇ ਸਨਮਾਨ ਲੈਣ ਦਾ ਵੀ ਸ਼ਰਫ਼ ਹਾਸਿਲ ਹੈ।ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਖੋਜ ਪ੍ਰਕਾਸ਼ਨਾਵਾਂ ਵੀ ਦਿੱਤੀਆਂ ਹਨ।
ਡਾ. ਮਨੀਸ਼ ਕੁਮਾਰ ਚੈਟਲੀ ਜੋ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਵਿਦਿਆ ਗ੍ਰਹਿਣ ਕਰ ਚੁੱਕੇ ਹਨ, ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ (ਬਠਿੰਡਾ) ਵਿਖੇ ਸੇਵਾ ਨਿਭਾਉਣਗੇ।ਉਨ੍ਹਾਂ ਨੇ ਭਾਰਤੀ ਵੈਟਨਰੀ ਖੋਜ ਸੰਸਥਾ ਬਰੇਲੀ ਤੋਂ ਪੀਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ।ਮੀਟ ਖੇਤਰ ਵਿਚ ਪੇਸ਼ੇਵਰ ਮੁਹਾਰਤ ਹਾਸਿਲ ਡਾ. ਚੈਟਲੀ ਕੈਂਟੂਕੀ ਯੂਨੀਵਰਸਿਟੀ ਤੋਂ ਵੀ ਉੱਚ ਸਿਖਲਾਈ ਪ੍ਰਾਪਤ ਹਨ।ਉਹ ਯੂਨੀਵਰਸਿਟੀ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਵਿਚ ਪਿਛਲੇ ਅੱਠ ਸਾਲ ਤੋਂ ਬਤੌਰ ਮੁਖੀ ਕਾਰਜ ਕਰ ਰਹੇ ਹਨ।ਉਨ੍ਹਾਂ ਨੇ ਨਵੇਂ ਗੁਣਵੱਤਾ ਭਰਪੂਰ ਉਤਪਾਦਾਂ ਦੀਆਂ 19 ਤਕਨਾਲੋਜੀਆਂ ਹੁਣ ਤਕ ਉਦਮੀਆਂ ਨੂੰ ਮੁਹੱਈਆ ਕੀਤੀਆਂ ਹਨ।ਉਨ੍ਹਾਂ ਦੀ ਦੇਖ-ਰੇਖ ਵਿਚ ਯੂਨੀਵਰਸਿਟੀ ਵਿਖੇ ਜਨਤਕ-ਨਿਜੀ ਭਾਈਵਾਲੀ ਤਹਿਤ ਇਕ ਪੋਲਟਰੀ ਪ੍ਰਾਸੈਸਿੰਗ ਪਲਾਂਟ ਵੀ ਸਥਾਪਿਤ ਕੀਤਾ ਗਿਆ।ਡਾ. ਚੈਟਲੀ ਨੇ ਵੀ ਖੋਜ ਪ੍ਰਕਾਸ਼ਨਾਵਾਂ ਵਿਚ ਅਹਿਮ ਯੋਗਦਾਨ ਪਾਇਆ ਹੈ।
ਡਾ. ਮੀਰਾ ਡੀ ਆਂਸਲ, ਫ਼ਿਸ਼ਰੀਜ਼ ਕਾਲਜ ਦੇ ਡੀਨ ਵਜੋਂ ਸੇਵਾ ਦੇਣਗੇ।ਇਸ ਤੋਂ ਪਹਿਲਾਂ ਉਹ ਇਸੇ ਕਾਲਜ ਵਿਖੇ ਬਤੌਰ ਪ੍ਰੋਫੈਸਰ ਅਤੇ ਮੁਖੀ ਕਾਰਜ ਕਰ ਰਹੇ ਹਨ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਉਨ੍ਹਾਂ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਸੇਵਾ ਸ਼ੁਰੂ ਕੀਤੀ ਅਤੇ ਅਧਿਆਪਨ, ਖੋਜ ਤੇ ਪਸਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ।ਉਨ੍ਹਾਂ ਨੇ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਜੋ ਕਿ ਸੇਮ ਦੀ ਮਾਰ ਥੱਲੇ ਆਉਂਦੇ ਹਨ ਵਿਚ ਮੱਛੀ ਪਾਲਣ ਦੇ ਬੜੇ ਸਫ਼ਲ ਪ੍ਰਯੋਗ ਕੀਤੇ ਅਤੇ ਉਸ ਜ਼ਮੀਨ ਨੂੰ ਕਿਸਾਨਾਂ ਲਈ ਲਾਭਦਾਇਕ ਬਣਾਇਆ।ਉਨ੍ਹਾਂ ਦੀ ਇਸ ਸਫਲਤਾ ਲਈ ਭਾਰਤੀ ਵਾਤਾਵਰਣ ਸੁਸਾਇਟੀ ਵੱਲੋਂ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ।ਇਸੇ ਸੁਸਾਇਟੀ ਵੱਲੋਂ ਉਨ੍ਹਾਂ ਨੂੰ 'ਮਾਣ ਫੈਲੋਸ਼ਿਪ' ਵੀ ਪ੍ਰਦਾਨ ਕੀਤੀ ਗਈ।
ਡਾ. ਯਸ਼ਪਾਲ ਸਿੰਘ ਮਲਿਕ ਜੋ ਕਿ ਭਾਰਤੀ ਵੈਟਨਰੀ ਖੋਜ ਸੰਸਥਾ, ਇੱਜ਼ਤਨਗਰ ਵਿਖੇ ਸੇਵਾ ਦੇ ਰਹੇ ਹਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਡੀਨ ਵਜੋਂ ਨਿਯੁਕਤ ਹੋਏ ਹਨ।ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਡਾ. ਮਲਿਕ ਵੈਟਨਰੀ ਖੇਤਰ ਵਿਚ ਸੂਖਮ ਜੀਵ ਵਿਗਿਆਨ ਅਤੇ ਜੈਵਿਕ ਤਕਨਾਲੋਜੀ ਵਿਸ਼ਿਆਂ ਦੇ ਮਾਹਿਰ ਹਨ।ਉਨ੍ਹਾਂ ਨੇ ਅਮਰੀਕਾ, ਚੀਨ, ਕੈਨੇਡਾ ਆਦਿ ਮੁਲਕਾਂ ਦੀਆਂ ਨਾਮੀ ਸੰਸਥਾਵਾਂ ਅਤੇ ਪ੍ਰਯੋਗਸ਼ਾਲਾਵਾਂ ਵਿਖੇ ਸਿੱਖਿਆ ਗ੍ਰਹਿਣ ਕੀਤੀ ਹੈ ਅਤੇ ਖੋਜ ਕਾਰਜ ਕੀਤੇ ਹਨ।ਭਾਰਤੀ ਖੇਤੀ ਖੋਜ ਪਰਿਸ਼ਦ ਦਾ ਵੱਕਾਰੀ ਸਨਮਾਨ ਜਵਾਹਰ ਲਾਲ ਨਹਿਰੂ ਅਵਾਰਡ ਉਨ੍ਹਾਂ ਨੂੰ ਪ੍ਰਾਪਤ ਹੈ।ਡਾ. ਮਲਿਕ ਦੋ ਰਾਸ਼ਟਰੀ ਪੇਟੈਂਟ, 7 ਪੁਸਤਕਾਂ ਅਤੇ 227 ਵਿਗਿਆਨਕ ਖੋਜ ਪਰਚਿਆਂ ਲਈ ਜਾਣੇ ਜਾਂਦੇ ਹਨ ਜੋ ਕਿ ਖੋਜ ਖੇਤਰ ਵਿਚ ਵੱਡੀ ਉਪਲਬਧੀ ਹੈ |
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Dean of various colleges appointed by Veterinary University