1. Home
  2. ਖਬਰਾਂ

ਖੇਤੀ ਮਸ਼ੀਨਾਂ 'ਤੇ SUBSIDY ਪ੍ਰਾਪਤ ਕਰਨ ਲਈ ਕਿਸਾਨਾਂ ਕੋਲੋਂ ਬਿਨੈ ਪੱਤਰ ਦੀ ਮੰਗ

ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਅਤੇ ਜਲਦ ਤੋਂ ਜਲਦ ਇੱਥੇ ਆਪਣੇ ਬਿਨੈ ਪੱਤਰ ਭੇਜਣ।

Gurpreet Kaur Virk
Gurpreet Kaur Virk
ਖੇਤੀ ਮਸ਼ੀਨਾਂ 'ਤੇ ਸਬਸਿਡੀ

ਖੇਤੀ ਮਸ਼ੀਨਾਂ 'ਤੇ ਸਬਸਿਡੀ

Agricultural Machinery: ਮਸ਼ੀਨਾਂ ਨੇ ਕਿਸਾਨਾਂ ਦੇ ਖੇਤੀਬਾੜੀ ਕਾਰਜਾਂ ਨੂੰ ਕਾਫੀ ਹੱਦ ਤੱਕ ਸੁਖਾਲਾ ਬਣਾ ਦਿੱਤਾ ਹੈ। ਪਹਿਲਾਂ ਦੀ ਗੱਲ ਕਰੀਏ ਤਾਂ ਕਿਸਾਨ ਖੇਤੀਬਾੜੀ ਦੇ ਕੰਮਾਂ ਨੂੰ ਹੱਥੀ ਕਰਦੇ ਸਨ, ਜਿਸ ਵਿੱਚ ਲੰਮਾ ਸਮਾਂ ਲੱਗਦਾ ਸੀ ਅਤੇ ਕੰਮ ਦੇਰੀ ਨਾਲ ਮੁਕੰਮਲ ਹੁੰਦਾ ਸੀ। ਪਰ ਅੱਜ-ਕੱਲ੍ਹ ਦੀਆਂ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਕਿਸਾਨ ਘੱਟ ਸਮੇਂ ਵਿੱਚ ਵੱਧ ਉਤਪਾਦਨ ਕਰ ਰਹੇ ਹਨ।​​

ਇੱਥੇ ਇਹ ਦੱਸਣਾ ਬਣਦਾ ਹੈ ਕਿ ਕਿਸਾਨਾਂ ਲਈ ਖੇਤੀਬਾੜੀ ਦਾ ਕੰਮ ਸੁਖਾਲਾ ਕਰਨ ਵਾਲੇ ਇਹ ਉਪਕਰਣ ਬਹੁਤ ਮਹਿੰਗੇ ਆਉਂਦੇ ਹਨ, ਇਸ ਕਰਕੇ ਕਈ ਕਿਸਾਨ ਇਨ੍ਹਾਂ ਨੂੰ ਖਰੀਦਣ ਤੋਂ ਅਸਮਰੱਥ ਹਨ। ਅਜਿਹੇ 'ਚ ਸਰਕਾਰ ਦੀ ਨਵੀਂ ਯੋਜਨਾ ਦਾ ਫਾਇਦਾ ਉਠਾ ਕੇ ਇਸ ਸਮੇਂ ਉਹ ਕਿਸਾਨ ਖੇਤੀ ਸੰਦ ਖਰੀਦ ਸਕਦੇ ਹਨ। ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵੱਖ-ਵੱਖ ਮਸ਼ੀਨਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ।

ਇਸ ਬਾਰੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਫ਼ਸਲੀ ਰਹਿੰਦ-ਖੂੰਹਦ ਖ਼ਾਸ ਤੌਰ ਤੇ ਸਾਉਣੀ 2023 ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਵਿੱਚ ਸਹਾਈ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਕਿਸਾਨਾਂ ਤੋਂ ਆਨਲਾਈਨ ਮਾਧਿਅਮ ਰਾਹੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਐਗਰੀ ਮਸ਼ੀਨਰੀ ਪੋਰਟਲ (https://agrimachinerypb.com) 'ਤੇ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ।

ਚਾਹਵਾਨ ਕਿਸਾਨਾਂ ਨੂੰ ਦੱਸ ਦੇਈਏ ਕਿ ਆਨਲਾਈਨ ਮਾਧਿਅਮ ਰਾਹੀਂ ਬਿਨੈ ਪੱਤਰ ਦੇਣ ਦੀ ਅਖੀਰਲੀ ਮਿਤੀ 20 ਜੁਲਾਈ 2023 ਤੱਕ ਹੈ, ਕੋਈ ਵੀ ਚਾਹਵਾਨ ਕਿਸਾਨ ਉਕਤ ਮਿਤੀ ਤੱਕ ਆਨਲਾਈਨ ਮਾਧਿਅਮ 'ਤੇ ਆਪਣੇ ਬਿਨੈ ਪੱਤਰ ਦੇ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ Agricultural Machinery 'ਤੇ ਸਬਸਿਡੀ, ਅਰਜ਼ੀ ਦੇਣ ਦੀ Last Date 20 ਜੁਲਾਈ

ਮੁੱਖ ਖੇਤੀਬਾੜੀ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਬੇਲਰ ਤੇ ਰੇਕ (ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ), ਹੈਪੀ ਸੀਡਰ (ਪਰਾਲੀ ਨੂੰ ਜ਼ਮੀਨ ਉੱਤੇ ਵਿਛਾ ਕੇ ਕਣਕ ਦੀ ਬਿਜਾਈ ਕਰਨ ਵਾਲੀ ਮਸ਼ੀਨ), ਜ਼ੀਰੋ ਟਿੱਲ ਡਰਿੱਲ (ਖੇਤ ਨੂੰ ਵਾਹੇ ਬਿਨਾਂ ਕਣਕ ਦੀ ਬਿਜਾਈ ਕਰਨ ਵਾਲੀ ਮਸ਼ੀਨ), ਸੁਪਰ ਸੀਡਰ (ਪਰਾਲੀ ਨੂੰ ਖੇਤ ਵਿੱਚ ਮਿਲਾਉਂਦੇ ਹੋਏ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ), ਉਲਟਾਵਾਂ ਪਲਾਓ (ਪਰਾਲੀ ਨੂੰ ਖੇਤ ਵਿੱਚ ਮਿਲਾਉਣ ਵਾਲਾ ਪਲਟਾਊ ਹਲ), ਪੈਡੀ ਸਟਰਾਅ ਚੋਪਰ/ਸ਼ਰੈਡਰ/ਮਲਚਰ (ਪਰਾਲੀ ਦਾ ਕੁਤਰਾ ਕਰਨ ਵਾਲੀਆਂ ਮਸ਼ੀਨਾਂ), ਕਰਾਪ ਰੀਪਰ (ਜ਼ਮੀਨ ਦੇ ਨੇੜਿਓਂ ਝੋਨੇ ਦੀ ਫਸਲ ਕੱਟਣ ਵਾਲੀ ਮਸ਼ੀਨ), ਸ਼ਰਬ ਮਾਸਟਰ/ਰੋਟਰੀ ਸਲੈਸ਼ਰ (ਪਰਾਲੀ ਦੇ ਕਰਚੇ ਕੱਟਣ ਵਾਲੀ ਮਸ਼ੀਨ), ਸਮਾਰਟ ਸੀਡਰ (ਪਰਾਲੀ ਵਿੱਚ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ) ਅਤੇ ਸੁਪਰ ਐਸ.ਐਮ.ਐਸ (ਕੰਬਾਇਨ ਤੋਂ ਬਾਹਰ ਨਿਕਲੀ ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਇਕਸਾਰ ਖਿਲਾਰਨ ਵਾਲੀ ਮਸ਼ੀਨ) ਮਸ਼ੀਨਾਂ ਦੀ ਖ਼ਰੀਦ ਤੇ ਸਬਸਿਡੀ ਪ੍ਰਾਪਤ ਕਰਨ ਲਈ ਅਰਜ਼ੀਆਂ ਦੀ ਮੰਗ ਆਨ ਲਾਈਨ ਨਾਲ ਕੀਤੀ ਗਈ ਹੈ।

ਇਹ ਵੀ ਪੜ੍ਹੋ : Punjab Government's Initiative: ਪੰਜਾਬ ਦੇ ਕਿਸਾਨਾਂ ਨੂੰ ਇਨ੍ਹਾਂ ਫਸਲਾਂ 'ਤੇ ਵਧੀਆ Subsidy

ਖੇਤੀ ਮਸ਼ੀਨਾਂ 'ਤੇ ਸਬਸਿਡੀ

ਖੇਤੀ ਮਸ਼ੀਨਾਂ 'ਤੇ ਸਬਸਿਡੀ

ਉਨ੍ਹਾਂ ਦੱਸਿਆ ਅਰਜ਼ੀ ਭਰਨ ਸਮੇਂ ਕਿਸਾਨ ਕੋਲ ਆਧਾਰ ਕਾਰਡ, ਪਾਸਪੋਰਟ ਸਾਈਜ਼ ਫ਼ੋਟੋ, ਸਵੈ-ਘੋਸ਼ਣਾ ਪੱਤਰ ਅਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ (ਜੇਕਰ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਵੇ) ਆਦਿ ਹੋਣਾ ਲਾਜ਼ਮੀ ਹੈ।ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੇ ਮੁਖੀ ਅਤੇ ਮੈਂਬਰਾਂ ਦੇ ਆਧਾਰ ਕਾਰਡ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ।ਇਸ ਸਬੰਧੀ ਨਿਯਮ ਅਤੇ ਸ਼ਰਤਾਂ ਵੀ ਪੋਰਟਲ 'ਤੇ ਉਪਲਬਧ ਹਨ।

ਹੋਰ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਅਰਜ਼ੀਆਂ ਪ੍ਰਾਪਤ ਹੋਣ ਉਪਰੰਤ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਯੋਗ ਬਿਨੈਕਾਰਾਂ ਨੂੰ ਮਸ਼ੀਨਾਂ ਦੀ ਖ਼ਰੀਦ ਕਰਨ ਲਈ ਪ੍ਰਵਾਨਗੀ ਪੱਤਰ ਪੋਰਟਲ ਰਾਹੀਂ ਹੀ ਜਾਰੀ ਕੀਤੇ ਜਾਣਗੇ, ਜਿਸ ਉਪਰੰਤ ਕਿਸਾਨ ਮਿਥੇ ਸਮੇਂ ਦੇ ਅੰਦਰ-ਅੰਦਰ ਵਿਭਾਗ ਵੱਲੋਂ ਪ੍ਰਵਾਨਿਤ ਅਤੇ ਪੋਰਟਲ ਵਿੱਚ ਦਰਜ਼ ਆਪਣੇ ਮਨਪਸੰਦ ਕਿਸੇ ਵੀ ਮਸ਼ੀਨਰੀ ਨਿਰਮਾਤਾ/ਡੀਲਰ ਤੋਂ ਮਸ਼ੀਨ ਦੀ ਖ਼ਰੀਦ ਕਰ ਸਕਣਗੇ। ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਕਿਸੇ ਵੀ ਕਿਸਮ ਦੀ ਧੋਖਾਧੜੀ ਤੋਂ ਬਚਣ ਲਈ ਵਿਭਾਗ ਨਾਲ ਨਿਰੰਤਰ ਰਾਬਤਾ ਕਾਇਮ ਰੱਖਣ।

ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਅਧੀਨ ਦਿੱਤੀ ਜਾ ਰਹੀ ਸੁਵਿਧਾ ਦਾ ਲਾਭ ਪ੍ਰਾਪਤ ਕਰਨ ਤਾਂ ਜੋ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਘਟਾਇਆ ਜਾ ਸਕੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ, ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਜਾਂ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰਾਂ ਵਿੱਚ ਜਾ ਕੇ ਸੰਪਰਕ ਕਰ ਸਕਦੇ ਹਨ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਮਾਲੇਰਕੋਟਲਾ (District Public Relations Office Malerkotla)

Summary in English: Demand for application form from farmers to get subsidy on agricultural machinery

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters