Diploma in Veterinary Science and Animal Health Technology: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਰਵਾਏ ਜਾਂਦੇ ਵੈਟਨਰੀ ਵਿਗਿਆਨ ਅਤੇ ਪਸ਼ੂ ਸਿਹਤ ਤਕਨਾਲੋਜੀ ਡਿਪਲੋਮੇ ਵਾਸਤੇ ਉਮੀਦਵਾਰਾਂ ਨੇ ਬਹੁਤ ਵੱਡਾ ਹੁੰਗਾਰਾ ਭਰਿਆ ਹੈ।
ਯੂਨੀਵਰਸਿਟੀ 10+2 (ਮੈਡੀਕਲ) ਤੋਂ ਬਾਅਦ ਹੋਣ ਵਾਲੇ ਇਸ ਡਿਪਲੋਮੇ ਵਿਚ 305 ਸੀਟਾਂ ਮੁਹੱਈਆ ਕਰਦੀ ਹੈ। ਇਹ ਸੀਟਾਂ ਤਿੰਨ ਵੱਖੋ-ਵੱਖਰੇ ਕਾਲਜਾਂ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ, ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ ਅਤੇ ਬਾਬਾ ਹੀਰਾ ਦਾਸ ਜੀ ਕਾਲਜ, ਬਾਦਲ ਵਿਖੇ ਉਪਲਬਧ ਹਨ। ਪਹਿਲੇ ਦੌਰ ਦੀ ਕਾਊਂਸਲਿੰਗ ਵਿਚ ਹੀ ਇਹ ਸਾਰੀਆਂ ਸੀਟਾਂ ਭਰ ਗਈਆਂ ਹਨ।
ਡਿਪਲੋਮੇ ਸੰਬੰਧੀ ਕੰਟਰੋਲਿੰਗ ਅਧਿਕਾਰੀ, ਡਾ. ਬਲਜਿੰਦਰ ਕੁਮਾਰ ਬਾਂਸਲ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਦੀ ਗਿਣਤੀ 1300 ਦੇ ਕਰੀਬ ਸੀ ਜੋ ਕਿ ਪਿਛਲੇ ਸਾਲ ਨਾਲੋਂ ਲਗਭਗ ਦੁਗਣੀ ਹੈ। ਚੁਣੇ ਗਏ ਵਿਦਿਆਰਥੀਆਂ ਵਿਚ ਸਭ ਤੋਂ ਵਧ ਪ੍ਰਤੀਸ਼ਤ 96.75 ਵਾਲਾ ਵਿਦਿਆਰਥੀ ਰਿਹਾ। ਮੈਰਿਟ ਅਨੁਸਾਰ ਦਾਖਲਿਆਂ ਵਿਚ 426 ਨੰਬਰ ਤੱਕ ਸਾਰੀਆਂ ਸੀਟਾਂ ਭਰ ਗਈਆਂ ਤੇ ਆਖਰੀ ਵਿਦਿਆਰਥੀ 82.25 ਪ੍ਰਤੀਸ਼ਤ ਤੇ ਦਾਖਲ ਹੋਇਆ। ਲਗਭਗ 10 ਪ੍ਰਤੀਸ਼ਤ ਸੀਟਾਂ ’ਤੇ ਲੜਕੀਆਂ ਨੇ ਦਾਖਲਾ ਪ੍ਰਾਪਤ ਕੀਤਾ।
ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਜਾਣਕਾਰੀ ਦਿੱਤੀ ਕਿ ਜੇ ਕੋਈ ਵਿਦਿਆਰਥੀ ਸੀਟ ਖਾਲੀ ਕਰੇਗਾ ਜਾਂ ਛੱਡ ਜਾਏਗਾ ਉਸ ਦੀ ਸੂਚਨਾ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ’ਤੇ ਦਰਜ ਕਰ ਦਿੱਤੀ ਜਾਵੇਗੀ ਅਤੇ 28 ਅਗਸਤ ਨੂੰ ਦੂਸਰੀ ਕਾਊਂਸਲਿੰਗ ਕੀਤੀ ਜਾਵੇਗੀ। ਦੂਸਰੀ ਕਾਊਂਸਲਿੰਗ ਵਿਚ ਪਹਿਲੀ ਕਾਊਂਸਲਿੰਗ ਵਾਲੇ ਵਿਦਿਆਰਥੀਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ ਜਦਕਿ ਨਵੇਂ ਉਮੀਦਵਾਰ ਵੀ ਦੂਸਰੀ ਕਾਊਂਸਲਿੰਗ ਵਾਸਤੇ ਆਪਣਾ ਬਿਨੈ-ਪੱਤਰ ਦੇ ਸਕਦੇ ਹਨ।
ਇਹ ਵੀ ਪੜ੍ਹੋ : KISAN MELA: ਪੀ.ਏ.ਯੂ. ਨੇ ਕੀਤਾ ਸਤੰਬਰ ਦੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ, ਇੱਥੇ ਜਾਣੋ ਪੂਰਾ ਵੇਰਵਾ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਵਿਦਿਆਰਥੀਆਂ ਦਾ ਹੁੰਗਾਰਾ ਇਹ ਦਰਸਾਉਂਦਾ ਹੈ ਕਿ ਉਹ ਚੰਗੇ ਭਵਿੱਖ ਅਤੇ ਰੁਜ਼ਗਾਰ ਦੇ ਚਾਹਵਾਨ ਹਨ ਅਤੇ ਪਸ਼ੂਆਂ ਨੂੰ ਵੀ ਵਧੀਆ ਸੇਵਾਵਾਂ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਕਾਊਂਸਲਿੰਗ ਸੰਪੂਰਨ ਕਰਵਾਉਣ ’ਤੇ ਸਟਾਫ਼ ਦੀ ਪ੍ਰਸੰਸਾ ਕੀਤੀ ਅਤੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਸਰੋਤ: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ (Guru Angad Dev Veterinary and Animal Sciences University, Ludhiana)
Summary in English: Enthusiasm of students for veterinary science and animal health technology diploma augurs well for the future: Dr. Inderjeet Singh