ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਨ ਹੈਲਥ ਕੇਂਦਰ ਵਲੋਂ ’ਵਿਸ਼ਵ ਓਜ਼ੋਨ ਦਿਵਸ’ ਮਨਾਇਆ ਗਿਆ। ਇਹ ਸਮਾਗਮ ਸੰਸਥਾ ਵਿਕਾਸ ਯੋਜਨਾ-ਰਾਸ਼ਟਰੀ ਖੇਤੀਬਾੜੀ ਉਚੇਰੀ ਸਿੱਖਿਆ ਪ੍ਰੋਜੈਕਟ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਡਾ. ਲਖਵੀਰ ਕੌਰ ਧਾਲੀਵਾਲ, ਪ੍ਰੋਫੈਸਰ, ਖੇਤੀਬਾੜੀ ਮੌਸਮ ਵਿਗਿਆਨ, ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਇੱਕ ਮਾਹਰ ਭਾਸ਼ਣ ਦਿੱਤਾ ਗਿਆ।
ਡਾ: ਰਣਧੀਰ ਸਿੰਘ, ਸਹਿ-ਪ੍ਰਬੰਧਕੀ ਸਕੱਤਰ ਅਤੇ ਪ੍ਰੋਫੈਸਰ, ਵਨ ਹੈਲਥ ਕੇਂਦਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਡਾ. ਧਾਲੀਵਾਲ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ।
ਡਾ. ਧਾਲੀਵਾਲ ਨੇ ”ਓਜ਼ੋਨ ਪਰਤ ਦੇ ਕਮਜ਼ੋਰ ਹੋਣ ਅਤੇ ਸੁਰੱਖਿਆ” ਦੇ ਵਿਸ਼ੇ ’ਤੇ ਗੱਲ ਕੀਤੀ। ਡਾ. ਧਾਲੀਵਾਲ ਨੇ ਓਜ਼ੋਨ ਪਰਤ ਦੇ ਨਿਘਾਰ ਲਈ ਜਿੰਮੇਵਾਰ ਵੱਖ-ਵੱਖ ਕਾਰਕਾਂ ਬਾਰੇ ਚਰਚਾ ਕੀਤੀ। ਡਾ. ਧਾਲੀਵਾਲ ਨੇ ਕਿਹਾ ਕਿ ਕਈ ਮਨੁੱਖੀ ਗਤੀਵਿਧੀਆਂ ਓਜ਼ੋਨ ਪਰਤ ਦੇ ਨਿਘਾਰ ਲਈ ਜ਼ਿੰਮੇਵਾਰ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਣ ’ਤੇ ਮਾੜਾ ਪ੍ਰਭਾਵ ਪਾਉਣ ਤੋਂ ਇਲਾਵਾ, ਪਰਾ-ਬੈਂਗਨੀ ਕਿਰਨਾਂ ਸਮੁੰਦਰੀ ਜੀਵਾਂ ਲਈ ਵੀ ਹਾਨੀਕਾਰਕ ਹਨ। ਉਨ੍ਹਾਂ ਨੇ ਓਜ਼ੋਨ ਪਰਤ ਦੇ ਬਚਾਅ ਅਤੇ ਸੁਧਾਰ ਬਾਰੇ ਵੀ ਨੁਕਤੇ ਸਾਂਝੇ ਕੀਤੇ, ਉਦਾਹਰਣ ਵਜੋਂ, ਓਜ਼ੋਨ ਘਟਾਉਣ ਵਾਲੇ ਪਦਾਰਥਾਂ ਜਿਵੇਂ ਕਿ, ਕਲੋਰੋ ਫਲੂਰੋ ਕਾਰਬਨ (ਸੀਐਫਸੀ) ਆਦਿ ਦੀ ਵਰਤੋਂ ਕਰਨ ਤੋਂ ਬਚਿਆ ਜਾਵੇ, ਵਾਹਨਾਂ ਦੀ ਵਰਤੋਂ ਨੂੰ ਘੱਟ ਕੀਤਾ ਜਾਏ, ਵਾਤਾਵਰਣ ਸਨੇਹੀ ਸਫਾਈ ਉਤਪਾਦਾਂ ਦੀ ਵਰਤੋਂ ਕੀਤੀ ਜਾਏ, ਨਾਈਟ੍ਰਸ ਆਕਸਾਈਡ ਦੀ ਵਰਤੋਂ ਤੇ ਰੋਕ ਲਗਾਈ ਜਾਏ। ਵਿਦਿਆਰਥੀਆਂ ਅਤੇ ਅਧਿਆਪਕਾਂ ਸਮੇਤ 90 ਤੋਂ ਵੱਧ ਪ੍ਰਤੀਭਾਗੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇੱਕ ਪ੍ਰਸ਼ਨ-ਉੱਤਰ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਅਤੇ ਡਾ ਧਾਲੀਵਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ।
ਡਾ. ਜਸਬੀਰ ਬੇਦੀ, ਨਿਰਦੇਸ਼ਕ, ਵਨ ਹੈਲਥ ਕੇਂਦਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਮਨੁੱਖੀ, ਪਸ਼ੂ ਅਤੇ ਵਾਤਾਵਰਣ ਸਿਹਤ ਨਾਲ ਜੁੜੇ ਮੁੱਦਿਆਂ ਬਾਰੇ ਤਾਜ਼ਾ ਗਿਆਨ ਪ੍ਰਾਪਤ ਕਰਨ ਲਈ ਬਹੁਤ ਵਧੀਆ ਮੰਚ ਸਾਬਿਤ ਹੁੰਦੇ ਹਨ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਮੁਖ ਨਿਰੀਖਕ ਸੰਸਥਾ ਵਿਕਾਸ ਯੋਜਨਾ ਅਤੇ ਡੀਨ, ਵੈਟਨਰੀ ਸਾਇੰਸ ਕਾਲਜ ਨੇ ਵਨ ਹੈਲਥ ਕੇਂਦਰ ਨੂੰ ਇਸ ਆਯੋਜਨ ਲਈ ਵਧਾਈ ਦਿੱਤੀ ਅਤੇ ਸਾਰੀ ਟੀਮ ਦੀ ਸ਼ਲਾਘਾ ਕੀਤੀ। ਡਾ. ਰਜਨੀਸ਼ ਸ਼ਰਮਾ, ਸਹਿ-ਪ੍ਰਬੰਧਕੀ ਸਕੱਤਰ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਮੰਤਿ੍ਰਤ ਬੁਲਾਰੇ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: eterinary University celebrates World Ozone Day