Dairy Plant: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਪ੍ਰਯੋਗਿਕ ਡੇਅਰੀ ਪਲਾਂਟ, ਕਾਲਜ ਆਫ਼ ਡੇਅਰੀ ਅਤੇ ਫ਼ੂਡ ਸਾਇੰਸ ਟੈਕਨਾਲੋਜੀ ਦੇ ਮਾਲੀਏ ਵਿੱਚ ਤਿੰਨ ਸਾਲਾਂ ਦੇ ਥੋੜ੍ਹੇ ਸਮੇਂ ਵਿੱਚ 2020-2021 ਵਿੱਚ 19.6 ਲੱਖ ਤੋਂ 2023-2024 ਵਿੱਚ 2.02 ਕਰੋੜ ਹੋ ਗਿਆ।
ਗੁਣਵੱਤਾ ਭਰਪੂਰ ਉਤਪਾਦ, ਨਵੀਨ ਅਭਿਆਸਾਂ, ਮੰਡੀਕਾਰੀ ਰਣਨੀਤੀਆਂ ਅਤੇ ਸਮਰਪਿਤ ਸਟਾਫ਼ ਦੇ ਅਣਥੱਕ ਯਤਨਾਂ ਦੀ ਇਹ ਪਰਿਵਰਤਨਸ਼ੀਲ ਉਦਾਹਰਣ ਹੈ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਇਸ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਦਾ ਹੈ।
ਉਪ-ਕੁਲਪਤੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਗੁਣਵੱਤਾ ਭਰਪੂਰ ਉਤਪਾਦਾਂ ਲਈ ਵਰਤਿਆ ਜਾਣ ਵਾਲਾ ਦੁੱਧ 8% ਤੋਂ ਵਧ ਕੇ 28% ਹੋ ਗਿਆ ਅਤੇ ਨਤੀਜੇ ਵਜੋਂ ਇਸ ਦੀ ਆਮਦਨ 19.6 ਲੱਖ ਤੋਂ 2 ਕਰੋੜ ਤੋਂ ਵੱਧ ਗਈ। ਵਿਭਿੰਨ ਉਤਪਾਦ ਕੁਲਫੀ, ਪਿੰਨੀ, ਦਹੀ, ਮੌਜ਼ੇਰੇਲਾ ਪਨੀਰ, ਫਲੇਵਰਡ ਮਿਲਕ, ਬਰਫੀ, ਮਿਲਕ ਕੇਕ, ਘਿਓ, ਵੇਅ ਡਰਿੰਕਸ ਅਤੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਦੇਸੀ ਘਿਓ, ਬਿਸਕੁਟ ਵਰਗੇ ਉਤਪਾਦਾਂ ਦੀ ਸ਼ੁਰੂਆਤ ਨੇ ਉਤਪਾਦ ਲੜੀ ਦਾ ਵਿਸਥਾਰ ਕੀਤਾ। ਇਹ ਉਤਪਾਦ ਲੋਕਾਂ ਵਿਚ ਬਹੁਤ ਹਰਮਨਪਿਆਰੇ ਹੋਏ ਹਨ।
ਡਾ. ਸਿੰਘ ਨੇ ਕਿਹਾ ਕਿ ਉੱਚ ਪੱਧਰ ਦੇ ਸਾਹੀਵਾਲ ਘਿਓ ਦੀ ਸ਼ੁਰੂਆਤ, ਜੋ ਕਿ ਕਾਲਝਰਾਣੀ ਵਿਖੇ ਯੂਨੀਵਰਸਿਟੀ ਦੇ ਸਾਹੀਵਾਲ ਫਾਰਮ ਤੋਂ ਪ੍ਰਾਪਤ ਕੀਤੀ ਕਰੀਮ ਨਾਲ ਇਸ ਪਲਾਂਟ ਵਿਚ ਤਿਆਰ ਕੀਤਾ ਜਾਂਦਾ ਹੈ, ਬਹੁਤ ਲੋਕ ਖਿੱਚ ਉਤਪਾਦ ਬਣ ਚੁੱਕਾ ਹੈ। ਸਾਹੀਵਾਲ ਦਾ ਦੁੱਧ ਜਿੱਥੇ ਸਹਿਕਾਰੀ ਅਦਾਰਿਆਂ ਨੂੰ 30-35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਸੀ, ਉੱਥੇ ਇਸ ਦੇ ਘਿਓ ਦੀ ਵਿਕਰੀ ਨਾਲ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਵੱਧ ਹੋ ਗਈ ਹੈ।
ਡਾ. ਸਿੰਘ ਨੇ ਦੱਸਿਆ ਕਿ ਉੱਚ ਗੁਣਵੱਤਾ ਅਤੇ ਮਿਆਰੀਕਰਨ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪਲਾਂਟ ਵਿਚ ਵਾਤਾਵਰਣ ਅਨੁਕੂਲ ਪੈਕਿੰਗ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਪਲਾਸਟਿਕ ਪੌਲੀਫਿਲਮ ਦੀ ਥਾਂ `ਤੇ ਟੀਨ ਪੈਕਿੰਗ, ਕੱਚ ਦੀਆਂ ਬੋਤਲਾਂ ਅਤੇ ਵੈਕਿਊਮ ਪੈਕਿੰਗ ਵਰਗੇ ਨਵੇਂ ਵਿਕਲਪ ਪੇਸ਼ ਕੀਤੇ ਗਏ ਹਨ। ਇਨ੍ਹਾਂ ਸੁਧਾਰਾਂ ਨੂੰ ਖਪਤਕਾਰਾਂ ਨੇ ਵੀ ਸਰਾਹਿਆ ਹੈ। ਇਸ ਤੋਂ ਇਲਾਵਾ ਸਰੋਤਾਂ ਦੀ ਕੁਸ਼ਲ ਵਰਤੋਂ ਅਤੇ ਉੱਚ ਮੁਨਾਫੇ ਨੂੰ ਯਕੀਨੀ ਬਨਾਉਣ ਲਈ ਖੋਜ ਅਤੇ ਵਿਕਾਸ ’ਤੇ ਵੀ ਵਿਸ਼ੇਸ਼ ਕੰਮ ਕੀਤਾ ਹੈ।
ਇਹ ਵੀ ਪੜ੍ਹੋ: Kisan Mela 2024: ਸਤੰਬਰ ਮਹੀਨੇ 'ਚ ਹੋਣ ਵਾਲੇ ਕਿਸਾਨ ਮੇਲਿਆਂ ਦਾ ਪੂਰਾ ਵੇਰਵਾ, ਇੱਥੇ ਕਲਿੱਕ ਕਰੋ
ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ਼ ਡੇਅਰੀ ਅਤੇ ਫ਼ੂਡ ਸਾਇੰਸ ਟੈਕਨਾਲੋਜੀ ਨੇ ਦੱਸਿਆ ਕਿ ਵੱਖ-ਵੱਖ ਪ੍ਰਬੰਧਨ ਤਬਦੀਲੀਆਂ ਰਾਹੀਂ ਕੁਸ਼ਲਤਾ ਨੂੰ ਬਿਹਤਰ ਕੀਤਾ ਗਿਆ। ਬੁਨਿਆਦੀ ਢਾਂਚੇ ਨੂੰ ਬਿਹਤਰ ਕਰਨ ਲਈ ਨਿਵੇਸ਼ ਕੀਤਾ ਗਿਆ, ਜਿਸ ਨਾਲ ਨਾ ਸਿਰਫ਼ ਉਤਪਾਦਨ ਸਮਰੱਥਾ ਵਿੱਚ ਵਾਧਾ ਹੋਇਆ ਸਗੋਂ ਪੂਰੀ ਗੁਣਵੱਤਾ ਜਾਂਚ ਦੁਆਰਾ ਉਤਪਾਦਾਂ ਦੀ ਗੁਣਵੱਤਾ ਵਿੱਚ ਇਕਸਾਰਤਾ ਨੂੰ ਯਕੀਨੀ ਬਣਾਇਆ ਗਿਆ।
ਡਾ. ਸੇਠੀ ਨੇ ਕਿਹਾ ਕਿ ਦੁੱਧ ਉਤਪਾਦਾਂ ਦੀ ਇੱਕ ਵੱਡੀ ਲੜੀ ਕਾਰਣ ਡੇਅਰੀ ਤਕਨਾਲੋਜੀ ਵਿੱਚ ਪੜ੍ਹਾਈ ਕਰ ਰਹੇ ਸਾਡੇ ਗ੍ਰੈਜੂਏਟ ਇਸ ਖੇਤਰ ਵਿੱਚ ਉੱਦਮ ਕਰਨ ਲਈ ਵਿਹਾਰਕ ਹੁਨਰ ਨਾਲ ਜੁੜਦੇ ਹਨ। ਇਸ ਪਲਾਂਟ ਨੇ ਵੇਰਕਾ ਮਿਲਕ ਪਲਾਂਟਾਂ ਵਿੱਚ ਨਵੇਂ ਉਤਪਾਦ ਵਿਕਸਿਤ ਕਰਨ ਲਈ ਖੋਜ ਅਤੇ ਵਿਕਾਸ ਸਹੂਲਤਾਂ ਪ੍ਰਦਾਨ ਕਰਕੇ ਵੇਰਕਾ, ਮਿਲਕਫੈੱਡ, ਪੰਜਾਬ ਨਾਲ ਵੀ ਸਹਿਯੋਗ ਵਧਾਇਆ ਹੈ। ਇਸ ਭਾਈਵਾਲੀ ਨਾਲ ਖੋਜ ਅਤੇ ਉਤਪਾਦ ਵਿਕਾਸ ਵਿੱਚ ਮੁਹਾਰਤ ਦਾ ਲਾਭ ਮਿਲੇਗਾ। ਇਹ ਪਲਾਂਟ ਉਨ੍ਹਾਂ ਉੱਦਮੀਆਂ ਅਤੇ ਕਿਸਾਨਾਂ ਨੂੰ ਦੁੱਧ ਦੇ ਮੁੱਲ ਵਿੱਚ ਵਾਧਾ ਕਰਨ ਦੀ ਸਿਖਲਾਈ ਵੀ ਪ੍ਰਦਾਨ ਕਰ ਰਿਹਾ ਹੈ ਜੋ ਡੇਅਰੀ ਫਾਰਮਿੰਗ ਤੋਂ ਆਪਣੇ ਮੁਨਾਫੇ ਨੂੰ ਵਧਾਉਣ ਦੀ ਸੋਚ ਰੱਖਦੇ ਹਨ।
ਕੱਚੇ ਦੁੱਧ ਨੂੰ ਕਈ ਤਰ੍ਹਾਂ ਦੇ ਉਤਪਾਦਾਂ ਵਿੱਚ ਬਦਲ ਕੇ, ਡੇਅਰੀ ਕਿਸਾਨ ਨਾ ਸਿਰਫ਼ ਮੁਨਾਫ਼ਾ ਵਧਾ ਸਕਦੇ ਹਨ, ਸਗੋਂ ਉੱਚ-ਗੁਣਵੱਤਾ ਵਾਲੇ ਉਤਪਾਦਾਂ ਦੀ ਮੰਗ ਨੂੰ ਪੂਰਾ ਕਰਨ ਲਈ ਨਵੇਂ ਮੌਕੇ ਵੀ ਸਿਰਜ ਸਕਦੇ ਹਨ।
ਸਰੋਤ: ਗਡਵਾਸੂ (GADVASU)
Summary in English: Experimental Dairy Plant of Veterinary University is writing a new story of success, know the story