Cotton Crop: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿਚ ਵਿਗਿਆਨੀਆਂ ਦੀ ਟੀਮ ਵੱਲੋਂ ਬਠਿੰਡਾ ਅਤੇ ਮਾਨਸਾ ਦੇ ਵੱਖ-ਵੱਖ ਪਿੰਡਾਂ ਕਟਾਰ ਸਿੰਘ ਵਾਲਾ, ਕੋਟ ਸ਼ਮੀਰ, ਜੀਵਨ ਸਿੰਘ ਵਾਲਾ, ਜੌੜਕੀਆਂ, ਅਤੇ ਟਾਂਡੀਆਂ ਆਦਿ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿਖਿਆ ਡਾ. ਮੱਖਣ ਸਿੰਘ ਭੁੱਲਰ, ਮੁਖੀ ਕੀਟ ਵਿਗਿਆਨ ਵਿਭਾਗ ਡਾ ਮਨਮੀਤ ਕੌਰ ਭੁੱਲਰ, ਸੀਨੀਅਰ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ, ਖੋਜ ਕੇਂਦਰ, ਬਠਿੰਡਾ ਦੇ ਵਿਗਿਆਨੀਆਂ ਵੱਲੋਂ ਨਰਮੇ ਦੇ ਖੇਤਾਂ ਵਿੱਚ ਚਿੱਟੀ ਮੱਖੀ, ਹਰੇ ਤੇਲੇ ਅਤੇ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਲਈ ਸਰਵੇਖਣ ਕੀਤਾ ਗਿਆ।
ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਕੁਝ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਦੇਖਣ ਨੂੰ ਮਿਲਿਆ। ਉਹਨਾਂ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਲਗਾਤਾਰ ਸਰਵੇਖਣ ਕਰਨ ਲਈ ਸਲਾਹ ਦਿੱਤੀ। ਉਹਨਾਂ ਇਹ ਵੀ ਦੇਖਿਆ ਗਿਆ ਕਿ ਜਿਹਨਾਂ ਕਿਸਾਨ ਵੀਰਾਂ ਵੱਲੋਂ ਸਿਫ਼ਾਰਸ਼ ਕੀਟ-ਨਾਸ਼ਕਾਂ ਦੀ ਸਹੀ ਸਮੇਂ ਤੇ ਵਰਤੋਂ ਕੀਤੀ ਗਈ ਸੀ, ਉਹਨਾਂ ਦੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਬਹੁਤ ਘੱਟ ਸੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਹਾਨੀਕਾਰਕ ਕੀੜੇ ਮਿੱਥੀ ਗਈ ਆਰਥਿਕ ਕਗਾਰ ਤੋਂ ਵਧਦੇ ਹਨ ਤਾਂ ਹੀ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ।
ਡਾ. ਅਜਮੇਰ ਸਿੰਘ ਢੱਟ ਨੇ ਕਿਸਾਨ ਵੀਰਾਂ ਨੂੰ ਸੁਝਾਅ ਦਿੱਤਾ ਕਿ ਬਰਸਾਤ ਨਾ ਹੋਣ ਕਾਰਨ ਨਰਮੇ ਦੀ ਫ਼ਸਲ ਔੜ ਵਰਗੇ ਹਾਲਾਤਾਂ ਨਾਲ ਜੂਝ ਰਹੀ ਹੈ, ਇਸ ਲਈ ਕਿਸਾਨ ਵੀਰਾਂ ਨੂੰ ਨਹਿਰੀ ਪਾਣੀ ਲਾਉਣ ਮਗਰੋਂ ਸਿਫ਼ਾਰਸ਼ ਅਨੁਸਾਰ ਯੂਰੀਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਫ਼ਸਲ ਦਾ ਚੰਗਾ ਵਾਧਾ ਹੋ ਸਕੇ।
ਡਾ. ਮੱਖਣ ਸਿੰਘ ਭੁੱਲਰ ਵੱਲੋਂ ਕਿਸਾਨ ਵੀਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਖੇਤਾਂ ਵਿੱਚੋਂ ਨਦੀਨਾਂ ਦਾ ਖਾਤਮਾ ਕੀਤਾ ਜਾਵੇ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਫ਼ਸਲ ਨੂੰ ਬਚਾਉਣ ਲਈ ਫ਼ੁੱਲਾਂ ਅਤੇ ਟੀਡਿਆਂ ਦਾ ਮੁਆਇਨਾ ਕੀਤਾ ਜਾਵੇ ਤਾਂ ਕਿ ਕਿਸਾਨ ਵੀਰ ਇਸ ਫ਼ਸਲ ਤੋਂ ਚੰਗਾ ਝਾੜ ਲੈ ਸਕਣ। ਉਹਨਾਂ ਇਹ ਵੀ ਕਿਹਾ ਕਿ ਕਿਸਾਨ ਵੀਰ ਨਰਮੇ ਦੀ ਫਸਲ ਵਿੱਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਦੇ ਹੱਲ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਕਿਸਾਨ ਸਲਾਹਕਾਰ ਸੇਵਾ ਕੇਂਦਰ ਨਾਲ ਤੁਰੰਤ ਰਾਬਤਾ ਕਰਨ।
ਇਹ ਵੀ ਪੜ੍ਹੋ: ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕੀਤੀ Shivraj Singh Chouhan ਨਾਲ ਮੁਲਾਕਾਤ, ਬੀਜੀ-3 ਕਪਾਹ ਦੇ ਬੀਜਾਂ ਲਈ ਖੋਜ ਅਤੇ ਪ੍ਰਵਾਨਗੀ ਦੇਣ ਦੀ ਕੀਤੀ ਮੰਗ
ਇਸ ਮੌਕੇ ਫਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ ਦੇ ਜ਼ਿਲ੍ਹਾ ਪਸਾਰ ਮਾਹਿਰ ਡਾ ਅਮਰਜੀਤ ਸਿੰਘ ਸੰਧੂ, ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਨਿਰਦੇਸ਼ਕ ਡਾ ਕਰਮਜੀਤ ਸਿੰਘ ਸੇਖੋਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਉਪ ਨਿਰਦੇਸ਼ਕ ਡਾ ਗੁਰਦੀਪ ਸਿੰਘ ਸਿੱਧੂ ਵੀ ਹਾਜ਼ਿਰ ਸਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Experts visited the villages of Narma Patti of Punjab, whitefly attack was seen in some fields