Detection Dog: ਰੇਲਵੇ ਸੁਰੱਖਿਆ ਬਲ ਵਿਚ ਕਾਰਜਸ਼ੀਲ, ਧਮਾਕਾਖੇਜ਼ ਸਮੱਗਰੀ ਲੱਭਣ ਵਾਲੇ ਕੁੱਤੇ ‘ਅਨੈਕਸ’ ਨੂੰ ਗੁਰਦਿਆਂ ਅਤੇ ਪੈਨਕ੍ਰਿਆ ਦੀ ਗੰਭੀਰ ਸਮੱਸਿਆ ਕਾਰਣ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਹਸਪਤਾਲ ਵਿਚ ਲਿਆਂਦਾ ਗਿਆ ਸੀ। ਇਹ ਕੁੱਤਾ ਬਹੁਤ ਗੰਭੀਰ ਢੰਗ ਨਾਲ ਬਿਮਾਰ ਸੀ ਅਤੇ ਗਹਿਰੀ ਦਰਦ ਅਤੇ ਤਕਲੀਫ਼ ਵਿਚ ਸੀ ਜਿਸ ਨਾਲ ਇਸ ਦੀ ਜਾਨ ਨੂੰ ਵੀ ਖ਼ਤਰਾ ਸੀ।
ਉਸ ਦੀ ਇਸ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਯੂਨੀਵਰਸਿਟੀ ਦੇ ਡਾਇਲਸਿਸ ਯੂਨਿਟ ਵਿਖੇ ਉਸ ਦਾ ਇਲਾਜ ਆਰੰਭ ਕੀਤਾ ਗਿਆ। ਮਾਹਿਰਾਂ ਦੇ ਇਲਾਜ ਨਾਲ ਇਸ ਕੁੱਤੇ ਦੀ ਸਥਿਤੀ ਠੀਕ ਹੋਣੀ ਸ਼ੁਰੂ ਹੋ ਗਈ ਅਤੇ ਹੁਣ ਇਹ ਜਾਨ ਦੇ ਖ਼ਤਰੇ ਤੋਂ ਬਾਹਰ ਅਤੇ ਬਹੁਤ ਹੱਦ ਤਕ ਠੀਕ ਹੈ।
ਡਾਇਲਸਿਸ ਯੂਨਿਟ ਦੇ ਇੰਚਾਰਜ ਡਾ. ਰਣਧੀਰ ਸਿੰਘ ਨੇ ਦੱਸਿਆ ਕਿ ਡਾ. ਰਾਜਸੁਖਬੀਰ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਸਚਿਨ ਨੇ ਬਹੁਤ ਮਿਹਨਤ ਨਾਲ ਇਸ ਕੁੱਤੇ ਦਾ ਇਲਾਜ ਕੀਤਾ। ਇਹ ਕੁੱਤਾ ਰੇਲਵੇ ਸੁਰੱਖਿਆ ਬਲ ਵਾਸਤੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੀ ਨਿਸ਼ਾਨਦੇਹੀ ’ਤੇ ਧਮਾਕਾਖੇਜ਼ ਸਮੱਗਰੀ ਨੂੰ ਪਛਾਣ ਕੇ ਕਈ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਿਆ ਹੈ ਅਤੇ ਭਵਿੱਖ ਵਿਚ ਵੀ ਇਹ ਸੁਰੱਖਿਆ ਲਈ ਇਕ ਅਹਿਮ ਯੋਗਦਾਨ ਦੇਵੇਗਾ।
ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਪਸ਼ੂ ਹਸਪਤਾਲ ਨੇ ਕਿਹਾ ਕਿ 2020 ਤੋਂ ਸਥਾਪਿਤ ਇਹ ਯੂਨਿਟ ਕਈ ਜਾਨਾਂ ਬਚਾ ਚੁੱਕਾ ਹੈ। ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਨੇ ਕਿਹਾ ਕਿ ਇਹ ਯੂਨਿਟ ਮੁਲਕ ਵਿਚ ਬਿਹਤਰ ਸੇਵਾਵਾਂ ਦੇਣ ਵਾਲੇ ਕੇਂਦਰ ਵਜੋਂ ਸਥਾਪਿਤ ਹੋ ਚੁੱਕਾ ਹੈ।
ਇਹ ਵੀ ਪੜ੍ਹੋ: Appeal to Farmers: ਕਿਸਾਨ ਵੀਰੋਂ ਪਰਾਲੀ ਸਾੜਨ ਦੇ ਰੁਝਾਨ ਨੂੰ ਬੰਦ ਕਰੋ, ਆਰਥਿਕ ਨੁਕਸਾਨ ਤੋਂ ਬਚਣ ਲਈ ਕਣਕ ਦੀਆਂ ਸਿਫ਼ਾਰਸ਼ ਕਿਸਮਾਂ ਹੀ ਬੀਜੋ
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਕਿਡਨੀ ਦੀ ਸਮੱਸਿਆ ਨਾਲ ਬਿਮਾਰ ਜਾਨਵਰਾਂ ਲਈ ਇਹ ਯੂਨਿਟ ਇਕ ਵਰਦਾਨ ਹੈ। ਇਸ ਲਈ ਸਿਰਫ ਪੰਜਾਬ ਤੋਂ ਹੀ ਨਹੀਂ ਬਲਕਿ ਨਾਲ ਲਗਦੇ ਖੇਤਰਾਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਵੀ ਮਰੀਜ਼ ਇਥੇ ਪਹੁੰਚਦੇ ਹਨ। ਇਸ ਤੋਂ ਪਹਿਲਾਂ ਸੀਮਾ ਸੁਰੱਖਿਆ ਬਲ ਦੇ ਕੁੱਤੇ ‘ਟਾਇਸਨ’ ਨੂੰ ਵੀ ਇਸੇ ਯੂਨਿਟ ਰਾਹੀਂ ਸਿਹਤਯਾਬ ਕੀਤਾ ਗਿਆ ਸੀ।
ਰੇਲਵੇ ਸੁਰੱਖਿਆ ਬਲ ਦੀ ਟੀਮ ਨੇ ਵੀ ਡਾਇਲਸਿਸ ਯੂਨਿਟ ਦੀ ਟੀਮ ਦੇ ਇਲਾਜ, ਮੁਹਾਰਤ ਅਤੇ ਸਮਰਪਣ ਭਾਵ ਸੰਬੰਧੀ ਧੰਨਵਾਦ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਯਤਨਾਂ ਨਾਲ ਅਨੈਕਸ ਸਾਡੀ ਟੀਮ ਦਾ ਹਿੱਸਾ ਹੈ।
Summary in English: Explosives detection dog 'Anex' got a new life at the Veterinary University