ਖੇਤੀ ਨੂੰ ਲਾਹੇਵੰਦ ਬਣਾਉਣ ਲਈ ਜ਼ਰੂਰੀ ਹੈ ਕਿ ਇਸ ਵਿੱਚ ਹੋਣ ਵਾਲੇ ਖਰਚਿਆਂ ਅਤੇ ਆਮਦਨ ਦਾ ਪੂਰਾ ਲਿਖਤੀ ਹਿਸਾਬ ਕਿਤਾਬ ਰੱਖ ਕੇ ਇਸ ਦਾ ਮੁਲਾਂਕਣ ਕੀਤਾ ਜਾਵੇ। ਬਹੁਤੇ ਕਿਸਾਨ ਵੀਰ ਸੰਪੂਰਨ ਖੇਤੀ ਰਿਕਾਰਡ ਨਹੀਂ ਰੱਖਦੇ ਸਗੋਂ ਆੜ੍ਹਤੀਏ ਹੀ ਉਹਨਾਂ ਦਾ ਖੇਤੀ ਹਿਸਾਬ ਰੱਖਦੇ ਹਨ। ਸੁਧਰੇ ਬੀਜ, ਸਿੰਚਾਈ ਦੇ ਸਾਧਨ, ਰਸਾਇਣਕ ਖਾਦਾਂ, ਖੇਤੀ ਦੇ ਨਵੇਂ ਢੰਗ ਅਤੇ ਮਸ਼ੀਨਰੀ ਵਿੱਚ ਵਾਧੇ ਕਾਰਨ ਅੱਜਕੱਲ ਖੇਤੀ ਇੱਕ ਆਮ ਨਹੀਂ ਸਗੋਂ ਇੱਕ ਵਪਾਰਕ ਧੰਦਾ ਬਣ ਗਿਆ ਹੈ। ਇਸ ਵਿੱਚ ਪੂੰਜੀ ਲਾਉਣ ਦੀਆਂ ਅਣਗਿਣਤ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ।
ਆਧੁਨਿਕ ਖੇਤੀ ਵਿੱਚ ਸਾਧਨਾਂ ਦੀਆਂ ਲੋੜਾਂ ਲਈ ਸਰਮਾਏ ਦੀ ਵਰਤੋਂ ਕਈ ਗੁਣਾ ਵਧ ਗਈ ਹੈ। ਇਸਦੀ ਸਫ਼ਲਤਾ ਦੂਜੇ ਧੰਦਿਆਂ ਵਾਂਗ ਯੋਗ ਪ੍ਰਬੰਧ ਤੇ ਹੀ ਨਿਰਭਰ ਕਰਦੀ ਹੈ। ਖੇਤੀ ਉਤਪਾਦਨ ਅਤੇ ਮੰਡੀਕਰਨ ਵਿੱਚ ਹਰ ਇੱਕ ਕੀਤੇ ਜਾਣ ਵਾਲੇ ਫ਼ੈਸਲੇ ਦਾ ਮੁੱਖ ਉਦੇਸ਼ ਆਮਦਨ ਵਧਾਉਣ ਅਤੇ ਖ਼ਰਚ ਘਟਾਉਣ ਦਾ ਹੋਣਾ ਚਾਹੀਦਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ (ਪੀ.ਏ.ਯੂ.) ਨੇ ਖੇਤੀ ਦੇ ਹਿਸਾਬ-ਕਿਤਾਬ ਲਈ ਇੱਕ ‘ਖੇਤੀ-ਫ਼ਾਰਮ ਦਾ ਵਹੀ-ਖਾਤਾ’ ਤਿਆਰ ਕੀਤਾ ਹੈ ਜੋ ਕਿਸਾਨੀ ਨੂੰ ਸਾਲ ਦੇ ਅਖੀਰ ਵਿੱਚ ਉਸਦੀ ਖੇਤੀ ਦਾ ਅਸਲ ਚਿਹਰਾ ਦਿਖਾਉਣ ਵਿੱਚ ਸਹਾਈ ਹੋਵੇਗਾ। ਕਿਸਾਨ ਵੀਰ ਇਸ ਵਹੀ ਖਾਤੇ ਨੂੰ ਪੀ.ਏ.ਯੂ. ਲੁਧਿਆਣਾ ਜਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਖਰੀਦ ਸਕਦੇ ਹਨ।
ਖੇਤੀ-ਫਾਰਮ ਦਾ ਵਹੀ ਖਾਤਾ ਭਰਨ ਸਬੰਧੀ ਹਦਾਇਤਾਂ:
ਖੇਤੀ-ਫਾਰਮ ਦਾ ਵਹੀ ਖਾਤਾ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਕੇ ਇਸ ਦੇ ਖ਼ਾਕਿਆਂ ਦੀ ਤਰਤੀਬ ਅਤੇ ਹਰੇਕ ਖਾਕੇ ਵਿਚਲੀ ਲੋੜੀਂਦੀ ਜਾਣਕਾਰੀ ਨੂੰ ਸਮਝ ਲੈਣਾ ਚਾਹੀਦਾ ਹੈ। ਇਸ ਨੂੰ ਭਰਨ ਤੋਂ ਪਹਿਲਾਂ ਹੇਠ ਲਿਖੀਆਂ ਹਦਾਇਤਾਂ ਦਾ ਖਾਸ ਧਿਆਨ ਰੱਖਣਾ ਬਹੁਤ ਜਰੂਰੀ ਹੈ।
1. ਫਾਰਮ ਦਾ ਨਕਸ਼ਾ: ਨਕਸ਼ਾ ਫਾਰਮ ਦਾ ਸਭ ਤੋਂ ਮੁਢਲਾ ਰਿਕਾਰਡ ਹੈ। ਫਾਰਮ ਦੀ ਸਮੁੱਚੀ ਤਸਵੀਰ ਨੂੰ ਪੇਸ਼ ਕਰਦਾ ਹੋਇਆ ਇਹ ਨਕਸ਼ਾ ਖੇਤਾਂ ਦੀਆਂ ਹੱਦਾਂ, ਬੰਨੇ, ਸੜਕਾਂ, ਪਾਣੀ ਦੀਆਂ ਖਾਲਾਂ, ਸਿੰਚਾਈ ਦੇ ਸਾਧਨ, ਦਰਖ਼ਤ, ਤਾਰਾਂ, ਨਿਕਾਸ ਪ੍ਰਬੰਧ, ਆਦਿ ਨੂੰ ਦਰਸਾਉਂਦਾ ਹੈ। ਵੱਖੋ ਵੱਖਰੇ ਖੇਤਾਂ ਦੇ ਨੰਬਰ ਇਸ ਤਰ੍ਹਾਂ ਲਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਖੇਤ ਬਾਰੇ ਪੂਰਾ ਵੇਰਵਾ ਨੰਬਰ ਤੋਂ ਹੀ ਪਤਾ ਲੱਗ ਸਕੇ। ਨਕਸ਼ੇ ਵਿੱਚ ਉਪਰੋਕਤ ਚੀਜ਼ਾਂ ਚਿਨ੍ਹਾਂ ਰਾਹੀਂ ਦਿਖਾਈਆਂ ਜਾ ਸਕਦੀਆਂ ਹਨ। ਮਿੱਟੀ ਦੀ ਪਰਖ ਰਿਪੋਰਟ ਵੀ ਨਕਸ਼ੇ ਵਾਲੇ ਪੰਨੇ ਨਾਲ ਹੀ ਨੱਥੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਖਾਦਾਂ ਪਾਉਣ ਸਮੇਂ ਇਸ ਦੀ ਮੱਦਦ ਲਈ ਜਾ ਸਕੇ।
2. ਫਾਰਮ ਦੀ ਸਾਧਨ-ਸੂਚੀ: ਸਾਧਨ-ਸੂਚੀ ਖੇਤੀ ਸਾਲ ਦੇ ਸ਼ੁਰੂ ਵਿੱਚ (ਪਹਿਲੀ ਜੁਲਾਈ ਨੂੰ) ਅਤੇ ਸਾਲ ਦੇ ਅੰਤ ਵਿਚ (ਅਗਲੇ ਸਾਲ ਦੀ 30 ਜੂਨ ਨੂੰ) ਭਰ ਲੈਣੀ ਚਾਹੀਦੀ ਹੈ ਤਾਂ ਜੋ ਸਾਲ ਦੇ ਦੌਰਾਨ ਸਾਧਨ-ਸੂਚੀ ਵਿਚ ਵਾਧੇ ਘਾਟੇ ਦਾ ਪਤਾ
ਲਗਾਇਆ ਜਾ ਸਕੇ।
3. ਫਾਰਮ ਦੇ ਕਾਮੇ: ਫਾਰਮ ਦੇ ਕਾਮਿਆਂ ਨੂੰ ਜੋ ਦਾਣੇ, ਤੂੜੀ, ਰੋਟੀ, ਕੱਪੜਾ ਆਦਿ ਦਿੱਤੇ ਜਾਂਦੇ ਹੋਣ ਤਾਂ ਉਨ੍ਹਾਂ ਦਾ ਮੁੱਲ ਵੀ ਕੱਢ ਲਿਆ ਜਾਵੇ ਤਾਂ ਜੋ ਅਸਲੀ ਦਿੱਤੀ ਗਈ ਮਜ਼ਦੂਰੀ ਦਾ ਠੀਕ ਪਤਾ ਲੱਗ ਸਕੇ।
ਇਹ ਵੀ ਪੜ੍ਹੋ : Dry Farming ਕੀ ਹੈ? ਇੱਥੇ ਜਾਣੋ ਉੱਨਤ ਕਿਸਮਾਂ ਅਤੇ ਬਿਜਾਈ ਵਿਧੀ ਬਾਰੇ ਪੂਰੀ ਜਾਣਕਾਰੀ
4. ਘਸਣ ਯੋਗ ਵਸਤੂਆਂ: ਇਮਾਰਤਾਂ, ਟਿਊਬਵੈੱਲ, ਪੱਕੇ ਖਾਲ, ਫਾਰਮ ਮਸ਼ੀਨਾਂ ਅਤੇ ਸੰਦਾਂ, ਆਦਿ ਦਾ ਸਾਲ ਦੇ ਸ਼ੁਰੂ ਦਾ ਮੁੱਲ ਉਨ੍ਹਾਂ ਦੇ ਕੀਤੇ ਗਏ ਖ਼ਰਚੇ ਅਨੁਸਾਰ ਲਾਇਆ ਜਾਵੇ। ਜੇ ਇਸ ਖਰਚੇ ਦਾ ਪਤਾ ਨਾ ਲੱਗ ਸਕੇ ਤਾਂ ਅੱਜ ਕੱਲ ਦੇ ਹਾਲਾਤਾਂ ਮੁਤਾਬਕ ਇਨ੍ਹਾਂ ਦੀ ਕੀਮਤ ਲਾ ਲੈਣੀ ਚਾਹੀਦੀ ਹੈ। ਸਾਲ ਦੇ ਅਖੀਰ ਵਿੱਚ ਇਹਨਾਂ ਵਸਤਾਂ ਦੇ ਮੁੱਲ ਵਿੱਚ ਹੋਇਆ ਘਾਟਾ ਸਾਲਾਨਾ ਖਰਚ ਗਿਣਿਆ ਜਾਵੇਗਾ। ਸਾਲਾਨਾ ਮੁੱਲ ਕਾਟ ਇਨ੍ਹਾਂ ਵਸਤੂਆਂ ਦੀ ਅੰਦਾਜ਼ਨ ਉਮਰ ਦੇ ਹਿਸਾਬ ਨਾਲ ਕੱਢੀ ਜਾਂਦੀ ਹੈ। ਪਸ਼ੂ ਪੰਛੀਆਂ ਦੀ ਉਮਰ ਵਧਣ ਨਾਲ ਸਾਲ ਵਿਚ ਇਨ੍ਹਾਂ ਦੀ ਕੀਮਤ ਵਿੱਚ ਹੋਇਆ ਘਾਟਾ ਜਾਂ ਵਾਧਾ ਯੋਗ ਖਾਨੇ ਵਿੱਚ ਦਰਜ਼ ਕਰਨਾ ਚਾਹੀਦਾ ਹੈ।
5. ਨਾ-ਘਸਣ ਯੋਗ ਵਸਤੂਆਂ: ਫਾਰਮ ਉਤਪਾਦਨ ਅਤੇ ਹੋਰ ਭੰਡਾਰ (ਦਾਣੇ, ਤੂੜੀ, ਖਾਦਾਂ, ਕੀੜੇਮਾਰ ਅਤੇ ਨਦੀਨ ਨਾਸ਼ਕ ਦਵਾਈਆਂ, ਖ਼ਲ, ਵੜੇਵੇਂ, ਡੀਜ਼ਲ/ਮੋਬਿਲ ਆਇਲ, ਆਦਿ) ਨਾ-ਘਸਣ ਯੋਗ ਵਸਤੂਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਸਾਲ ਦੇ ਸ਼ੁਰੂ ਅਤੇ ਸਾਲ ਦੇ ਅੰਤ ਵਿੱਚ ਇਹਨਾਂ ਦੇ ਮੁੱਲ ਵਿੱਚ ਆਏ ਫ਼ਰਕ ਤੋਂ ਪਤਾ ਲੱਗਦਾ ਹੈ ਕਿ ਸਮੁੱਚੇ ਫਾਰਮ ਤੋਂ ਹੋਇਆ ਵਾਧਾ-ਘਾਟਾ ਇਹਨਾਂ ਵਸਤੂਆਂ ਵਿੱਚ ਕਿੰਨਾ ਕੁ ਰਚ ਗਿਆ ਹੈ।
6. ਫ਼ਸਲੀ ਚੱਕਰ: ਇਸ ਤੋਂ ਹਰ ਇੱਕ ਖੇਤ ਵਿੱਚ ਫ਼ਸਲੀ ਚੱਕਰ ਬਾਰੇ ਇੱਕ ਪੰਛੀ-ਝਾਤ ਵਿੱਚ ਪਤਾ ਲੱਗ ਸਕੇਗਾ। ਫ਼ਸਲਾਂ ਵਿੱਚ ਬਦਲਾਅ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਖੇਤ ਦੀ ਉਪਜਾਊ ਸ਼ਕਤੀ ਦਾ ਬਹੁਤਾ ਨੁਕਸਾਨ ਨਾ ਹੋਵੇ।
7. ਫ਼ਸਲ ਦਾ ਲੇਖਾ ਪੱਤਾ: ਇਸ ਦਾ ਮੁੱਖ ਮੰਤਵ ਹਰ ਇੱਕ ਖੇਤ ਤੇ ਬੀਜੀ ਗਈ ਫ਼ਸਲ ਅਤੇ ਉਸ ਦੀ ਕਿਸਮ ਬਾਰੇ ਜਾਣਕਾਰੀ ਵੱਖੋ-ਵੱਖਰਿਆਂ ਪੰਨਿਆਂ ਤੇ ਦਰਸਾ ਕੇ ਉਸ ਉੱਤੇ ਹੋਏ ਖ਼ਰਚ ਅਤੇ ਆਮਦਨ ਦਾ ਹਿਸਾਬ ਲਾਉਣਾ ਹੈ। ਹਰ ਇੱਕ ਫ਼ਸਲ ਤੇ ਕਿਹੜੇ ਅਤੇ ਕਿੰਨੇ ਕੁ ਸਾਧਨ ਵਰਤੇ ਜਾਂਦੇ ਹਨ ਅਤੇ ਖਾਲਸ ਆਮਦਨ ਕਿੰਨੀ ਕੁ ਹੋ ਸਕਦੀ ਹੈ। ਇਹ ਜਾਣਕਾਰੀ ਭਵਿੱਖ ਵਿੱਚ ਯੋਗ ਵਿਉਂਤਬੰਦੀ ਕਰਨ ਲਈ ਬਹੁਤ ਸਹਾਈ ਸਿੱਧ ਹੋ ਸਕਦੀ ਹੈ।
ਇਸ ਨਾਲ ਹਰ ਇੱਕ ਕੰਮ ਕਾਰ ਵਿੱਚ ਵਰਤੀਆਂ ਗਈਆਂ ਵਸਤਾਂ ਦੀ ਮਾਤਰਾ, ਸੰਦ ਅਤੇ ਮਸ਼ੀਨਾਂ ਦੀ ਵਰਤੋਂ ਅਤੇ ਦਿਹਾੜੀਦਾਰਾਂ ਦੀ ਕਿਰਤ, ਆਦਿ ਦੇ ਖ਼ਰਚਿਆਂ ਦਾ ਸਹੀ ਅਨੁਮਾਨ ਲੱਗ ਜਾਂਦਾ ਹੈ। ਇਹ ਜਾਣਕਾਰੀ ਕਿਸਾਨ ਨੂੰ ਵੱਖੋ ਵੱਖਰੇ ਢੰਗਾਂ ਨਾਲ ਕੀਤੇ ਹੋਏ ਖੇਤੀ ਕੰਮ ਕਾਰ ਦੀ ਆਰਥਿਕ ਤੁਲਨਾ ਕਰਕੇ ਖ਼ਰਚ ਘਟਾਉਣ ਵਿੱਚ ਸਹਾਈ ਹੋ ਸਕਦੀ ਹੈ।
ਇੱਥੇ ਪੱਕੇ ਕਾਮਿਆਂ ਦੁਆਰਾ ਕੀਤੇ ਗਏ ਕੰਮ ਦਾ ਸਮਾਂ ਤਾਂ ਲਿਖ ਸਕਦੇ ਹਾਂ ਪਰ ਉਹਨਾਂ ਦੀ ਮਜ਼ਦੂਰੀ ਦਾ ਮੁੱਲ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਸਮੁੱਚੇ ਫਾਰਮ ਦੇ ਖ਼ਰਚੇ ਵਿੱਚ ਸਾਮਿਲ ਕੀਤਾ ਜਾਂਦਾ ਹੈ। ਸਮੁੱਚੇ ਫਾਰਮ ਤੇ ਹੋਏ ਪੱਕੇ ਕਾਮਿਆਂ ਦੇ ਕੰਮ ਵਿੱਚੋਂ ਕਿੰਨਾ ਹਿੱਸਾ ਕਿਸੇ ਫ਼ਸਲ ਲਈ ਢਲਦਾ ਹੈ ਉਸ ਹਿਸਾਬ ਨਾਲ ਇਹ ਪੱਕੇ ਕਾਮਿਆਂ ਦੇ ਖਰਚੇ ਉਸ ਫ਼ਸਲ ਲਈ ਪਾ ਲਏ ਜਾਂਦੇ ਹਨ।
ਇਹ ਵੀ ਪੜ੍ਹੋ : ਅਮੀਰ ਬਣਨ ਦਾ ਵਧੀਆ ਤਰੀਕਾ, ਅਗਸਤ 'ਚ ਕਰੋ ਇਨ੍ਹਾਂ 3 ਸਬਜ਼ੀਆਂ ਦੀ ਕਾਸ਼ਤ
8. ਦੁੱਧ ਦਾ ਉਤਪਾਦਨ, ਖਪਤ ਅਤੇ ਵਿਕਰੀ: ਹਰ ਇੱਕ ਮਹੀਨੇ ਦੁੱਧ ਦਾ ਉਤਪਾਦਨ ਅਤੇ ਖ਼ਪਤ ਨੋਟ ਕਰਨੀ ਚਾਹੀਦੀ ਹੈ। ਪਰ ਜੇ ਕਿਸਾਨ ਸਮਝੇ ਤਾਂ ਇਹ ਲੋੜ ਅਨੁਸਾਰ ਹਰ ਇੱਕ ਪੰਦਰਵਾੜੇ ਜਾਂ ਹਫ਼ਤਾਵਾਰ ਵੀ ਰੱਖਿਆ ਜਾ ਸਕਦਾ ਹੈ। ਗੋਹੇ ਦੀ ਵਿਕਰੀ ਮੁੱਲ ਨੂੰ ਵੀ ਫੁਟਕਲ ਖਾਨੇ ਵਿੱਚ ਲਿਖਣਾ ਚਾਹੀਦਾ ਹੈ ਤਾਂ ਜੋ ਪਸ਼ੂਆਂ ਤੋਂ ਸਮੁੱਚੀ ਆਮਦਨ ਦਾ ਅਨੁਮਾਨ ਲਾਇਆ ਜਾ ਸਕੇ।
9. ਪਸ਼ੂਆਂ ਤੇ ਸਲਾਨਾ ਖ਼ਰਚ: ਪਸ਼ੂ-ਧਨ ਫਾਰਮ ਦਾ ਇੱਕ ਜ਼ਰੂਰੀ ਅੰਗ ਹੈ। ਇਸ ਲਈ ਇਸ ਤੋਂ ਹੋਈ ਆਮਦਨ ਅਤੇ ਖ਼ਰਚ ਦਾ ਹਿਸਾਬ-ਕਿਤਾਬ ਰੱਖਣਾ ਜ਼ਰੂਰੀ ਹੈ। ਪਸ਼ੂਆਂ ਦੇ ਕੀਤੇ ਗਏ ਖਰਚਿਆਂ ਦਾ ਵੇਰਵਾ ਹਰ ਮਹੀਨੇ ਜਾਂ ਹਫ਼ਤਾਵਾਰ ਵੱਖਰੇ ਕਾਗਜ਼ਾਂ ਤੇ ਦਰਜ਼ ਕਰਕੇ ਨਾਲ ਹੀ ਨੱਥੀ ਕੀਤਾ ਜਾਵੇ ਅਤੇ ਸਾਲ ਬਾਅਦ ਜੋੜ ਕਰਕੇ ਸਬੰਧਿਤ ਖਾਕੇ ਵਿੱਚ ਦਿੱਤਾ ਜਾਵੇ।
ਪੱਠੇ ਜਾਂ ਤੂੜੀ ਆਦਿ ਜੋ ਫਾਰਮ ਤੇ ਹੀ ਪੈਦਾ ਕੀਤੇ ਗਏ ਹੋਣ, ਦੀ ਵੀ ਕੀਮਤ ਲਗਾ ਲੈਣੀ ਚਾਹੀਦੀ ਹੈ। ਜੇ ਡੇਅਰੀ ਦਾ ਧੰਦਾ ਫਾਰਮ ਤੇ ਮੁੱਖ ਧੰਦੇ ਦੇ ਤੌਰ ਤੇ ਅਪਣਾਇਆ ਗਿਆ ਹੋਵੇ ਤਾਂ ‘ਡੇਅਰੀ-ਫਾਰਮ ਦਾ ਵਹੀ ਖਾਤਾ’ ਜੋ ਕਿ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਦੀ ਮਦਦ ਨਾਲ ਹਿਸਾਬ-ਕਿਤਾਬ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮੀਂਹ 'ਚ ਧਰਤੀ ਹੇਠਲੇ ਪਾਣੀ ਦੀ Recharging ਕਰੋ
10. ਖ਼ਰਚ-ਆਮਦਨ ਖਾਤਾ: ਇਹ ਮਿਤੀ-ਵਾਰ ਹਰ ਇੱਕ ਕੀਤੇ ਗਏ ਖ਼ਰਚ ਅਤੇ ਹੋਈ ਆਮਦਨ ਦਾ ਵੇਰਵਾ ਹੈ। ਇਸ ਨਾਲ ਚੈੱਕ ਕੀਤਾ ਜਾ ਸਕਦਾ ਹੈ ਕਿ ਜੋ ਵੀ ਚੀਜ਼ ਫਾਰਮ ਵਾਸਤੇ ਖ਼ਰੀਦੀ ਗਈ ਉਸ ਦਾ ਵੇਰਵਾ ਪਹਿਲਾਂ ਆ ਚੁੱਕਿਆ ਹੈ ਜਾਂ ਨਹੀਂ।
11. ਸਮੁੱਚੇ ਫਾਰਮ ਦੇ ਖਰਚੇ ਅਤੇ ਆਮਦਨ: ਇਹ ਫਾਰਮ ਦੇ ਰੱਖੇ ਗਏ ਰਿਕਾਰਡ ਦਾ ਵਿਸ਼ਲੇਸ਼ਣ ਹੈ।
ਇਸ ਤੋਂ ਫਾਰਮ ਦੀ ਆਮਦਨ ਅਤੇ ਖ਼ਰਚ ਅਤੇ ਖਾਲਸ ਆਮਦਨ ਦੀ ਪੜਚੋਲ ਕਰਕੇ ਕਈ ਪ੍ਰਕਾਰ ਦੇ ਸਬਕ ਸਿੱਖੇ ਜਾ ਸਕਦੇ ਹਨ। ਰੋਜ਼ ਦੇ ਕੰਮ ਕਾਰ ਤੋਂ ਜੋ ਵੀ ਸਬਕ ਸਿੱਖੇ ਗਏ, ਉਨ੍ਹਾਂ ਦੇ ਫਾਰਮ ਪ੍ਰਬੰਧ ਦਾ ਅਸਲ ਵੇਰਵਾ ਵਿਸਥਾਰ ਨਾਲ ਦੇਣਾ ਚਾਹੀਦਾ ਹੈ। ਇਸ ਨਾਲ ਆਉਣ ਵਾਲੇ ਸਮੇਂ ਲਈ ਸੁਚੱਜੀ ਵਿਉਂਤਬੰਦੀ ਤਿਆਰ ਕੀਤੀ ਜਾ ਸਕੇਗੀ।
ਨੋਟ: ਆਪਣੇ ਫਾਰਮ ਦਾ ਹਿਸਾਬ ਕਿਤਾਬ ਰੱਖਣ ਸਬੰਧੀ ਵਧੇਰੇ ਅਗਵਾਈ ਜਾਂ ਮੱਦਦ ਲਈ ਆਪਣੇ ਜ਼ਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਵਿੱਚ ਸਥਿਤ ਫਾਰਮ ਪ੍ਰਬੰਧ ਮਾਹਿਰ ਜਾਂ ਇਕਨੋਮਿਕਸ ਅਤੇ ਸ਼ੋਸ਼ਿਆਲੋਜੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹੋ।
ਜੀ ਐੱਸ ਰੋਮਾਣਾ ਅਤੇ ਰਾਜ ਕੁਮਾਰ
ਇਕੋਨੋਮਿਕਸ ਅਤੇ ਸ਼ੋਸ਼ਿਆਲੋਜ਼ੀ ਵਿਭਾਗ
ਪੀ.ਏ.ਯੂ., ਲੁਧਿਆਣਾ।
Summary in English: Farm Account: A True Reflection of the Farming Business