ਵੈਟਨਰੀ ਅਤੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬੱਕਰੀ ਪਾਲਣ ਸਬੰਧੀ ਇੱਕ ਹਫਤੇ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਦਾ ਸ਼ਕਤੀਕਰਨ, ਸਵੈ-ਰੁਜਗਾਰ ਅਤੇ ਉੱਨਤੀ ਲਈ ਉਤਸਾਹਿਤ ਕਰਨਾ ਸੀ ।
ਸਿਖਲਾਈ ਸੰਯੋਜਕ ਡਾ. ਰਾਜੇਸ਼ ਕਾਸਰੀਜਾ ਅਤੇ ਡਾ. ਰਵਦੀਪ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਜਾਬ ਦੇ ਕੁਲ 10 ਸਿੱਖਿਆਰਥੀਆਂ ਨੇ ਭਾਗ ਲਿਆ। ਬੱਕਰੀ ਪਾਲਣ ਇੱਕ ਉੱਭਰ ਰਹੇ ਉੱਦਮ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕ ਇਸਨੂੰ ਇੱਕ ਉੱਦਮ ਵਜੋਂ ਅਪਣਾਉਣ ਲਈ ਅੱਗੇ ਆ ਰਹੇ ਹਨ। ਵਿਭਾਗ ਇਸ ਸਾਲ ਪਹਿਲਾਂ ਹੀ ਬੱਕਰੀ ਸਿਖਲਾਈ ਦੇ ਤਿੰਨ ਪ੍ਰੋਗਰਾਮ ਕਰਵਾ ਚੁੱਕਾ ਹੈ ਅਤੇ ਭਵਿੱਖ ਵਿੱਚ ਹੋਰ ਕਰਵਾਉਣ ਦੀ ਯੋਜਨਾ ਰਖਦਾ ਹੈ।
ਇਸ ਕਿਸਮ ਦੇ ਸਿਖਲਾਈ ਪ੍ਰੋਗਰਾਮ ਭਾਈਵਾਲਾਂ ਦੇ ਸਮੂਹ ਨੂੰ ਤਿਆਰ ਕਰਨ ਵਿੱਚ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਗਿਆਨਕ ਪਸ਼ੂ ਪਾਲਣ ਦੇ ਅਭਿਆਸਾਂ ਬਾਰੇ ਵਧੇਰੇ ਗਿਆਨਵਾਨ ਅਤੇ ਜਾਗਰੁਕ ਕਰਦੇ ਹਨ। ਸਿਖਲਾਈ ਪ੍ਰੋਗਰਾਮ ਵਿੱਚ ਬੱਕਰੀ ਪਾਲਣ ਦੇ ਸਿਧਾਂਤਕ ਅਤੇ ਵਿਹਾਰਕ ਪਹਿਲੂਆਂ ਜਿਵੇਂ ਨਸਲਾਂ, ਪ੍ਰਜਨਣ, ਪ੍ਰਬੰਧਨ, ਸ਼ੇਡ ਡਿਜਾਈਨ, ਮੌਸਮ ਪ੍ਰਬੰਧਨ, ਟੀਕਾਕਰਨ, ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ, ਮੀਟ, ਦੁੱਧ ਅਤੇ ਬੱਕਰੀ ਪਾਲਣ ਦੀ ਆਰਥਿਕਤਾ ਆਦਿ ਬਾਰੇ ਸਿਧਾਂਤਕ ਤੌਰ ਤੇ ਦੱਸਿਆ ਗਿਆ। ਬੱਕਰੀਆਂ ਨੂੰ ਸੰਭਾਲਣ, ਤਾਪਮਾਨ ਮਾਪਣ, ਤੰਦਰੁਸਤ ਜਾਨਵਰਾਂ ਦੀ ਪਛਾਣ, ਦੰਦਾਂ ਤੋਂ ਪਛਾਣ ਅਤੇ ਖੁਰਲੀ ਦੇ ਪ੍ਰਬੰਧਨ ਬਾਰੇ ਵੀ ਭਾਸ਼ਣ ਅਤੇ ਵਿਹਾਰਕ ਸਿਖਲਾਈ ਦਿੱਤੀ ਗਈ।
ਡ.: ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂ ਨੂੰ ਮੌਜੂਦਾ ਸਥਿਤੀ ਅਤੇ ਭਵਿੱਖ ਵਿੱਚ ਬੱਕਰੀ ਪਾਲਣ ਦੀ ਮੰਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਕਰੀ ਉਤਪਾਦਾਂ (ਦੁੱਧ ਅਤੇ ਮੀਟ) ਦੇ ਗੁਣਵੱਤਾ ਭਰਪੁਰ ਉਤਪਾਦ ਬਣਾਉਣ 'ਤੇ ਜ਼ੋਰ ਦਿੱਤਾ ਜੋ ਕਿ ਕਿਸਾਨੀ ਦੀ ਆਮਦਨੀ ਨੂੰ ਵਧਾ ਸਕਦਾ ਹਨ ਅਤੇ ਕਿਸਾਨੀ ਦੀ ਆਰਥਿਕ ਅਤੇ ਪੌਸ਼ਟਿਕ ਸੁਰੱਖਿਆ ਵਿੱਚ ਸਹਾਇਤਾ ਕਰ ਸਕਦੇ ਹਨ।
ਵਿਭਾਗ ਦੇ ਮੁਖੀ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਕਿਤਾਬ ਦੇ ਰੂਪ ਵਿੱਚ ਅਤੇ ਇੱਕ ਮੋਬਾਈਲ ਐਪ ਰਾਹੀਂ ਬੱਕਰੀ ਪਾਲਣ ਬਾਰੇ ਗਿਆਨ ਦੇ ਰਹੀ ਹੈ। ਇਹ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਜਾਂ ਹੋਰ ਪੁੱਛਗਿੱਛ ਲਈ ਹੈਲਪਲਾਈਨ ਨੰਬਰ 0161- 2414026 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Goat rearing - an emerging venture: Veterinary Veterinary University