Horticultural Activities for the Month of May: ਭਾਰਤ ਦੁਨੀਆ ਦੇ ਉਨ੍ਹਾਂ ਕੁਝ ਵਿਲੱਖਣ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਇੱਕ ਸਾਲ ਵਿੱਚ 6 ਰੁੱਤਾਂ ਹੁੰਦੀਆਂ ਹਨ ਅਤੇ ਜੋ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਅਸਮਾਨ ਹੁੰਦੀਆਂ ਹਨ। ਇਸ ਸਿਲਸਿਲੇ ਵਿੱਚ ਗਰਮੀਆਂ ਦੀ ਰੁੱਤ ਮਈ-ਜੂਨ ਦੇ ਮਹੀਨਿਆਂ ਵਿੱਚ ਆਉਂਦੀ ਹੈ, ਜਿਸ ਦਾ ਖੇਤੀਬਾੜੀ ਦੇ ਕੰਮਾਂ 'ਤੇ ਵਿਆਪਕ ਪ੍ਰਭਾਵ ਪੈਂਦਾ ਹੈ।
ਇਸ ਦੋ-ਮਾਸਿਕ ਸਮੇਂ ਦੌਰਾਨ, ਗਰਮੀਆਂ ਦਾ ਸੰਕ੍ਰਮਣ 21 ਜੂਨ ਨੂੰ ਹੁੰਦਾ ਹੈ, ਜੋ ਕਿ ਗਰਮੀਆਂ ਦੇ ਮੌਸਮ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਦੌਰਾਨ ਉੱਤਰ-ਪੱਛਮੀ ਸੁੱਕੇ ਇਲਾਕਿਆਂ ਵਿੱਚ ‘ਲੂ’ ਦਾ ਬੋਲਬਾਲਾ ਰਹਿੰਦਾ ਹੈ, ਜਿਸ ਕਾਰਨ ਛੋਟੇ ਬੂਟਿਆਂ ਜਾਂ ਨਵੇਂ ਬਣੇ ਬਗੀਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਮਈ ਮਹੀਨੇ ਦੌਰਾਨ ਕਿਸਾਨਾਂ ਨੂੰ ਫਲ, ਫੁੱਲ, ਸਬਜ਼ੀਆਂ, ਸਜਾਵਟੀ ਬੂਟੇ, ਖੁੰਬਾਂ ਦੀ ਕਾਸ਼ਤ, ਸ਼ਹਿਦ ਮੱਖੀ ਪਾਲਣ ਲਈ ਕਿਹੜੇ ਕਾਰਜ ਕਰਨੇ ਚਾਹੀਦੇ ਹਨ।
ਮਈ ਮਹੀਨੇ ਮੌਸਮ ਵਿੱਚ ਕਾਫੀ ਗਰਮੀ ਹੁੰਦੀ ਹੈ, ਜਿਸ ਕਰਕੇ ਗਰਮੀ ਕਾਰਨ ਜ਼ਮੀਨ ਅਤੇ ਪੱਤਿਆਂ ਰਾਹੀ ਵੀ ਵਾਸ਼ਪੀਕਰਨ ਕਰਕੇ ਕਾਫੀ ਪਾਣੀ ਉੱਡ ਜਾਂਦਾ ਹੈ, ਇਸ ਲਈ ਬੂਟਿਆਂ ਦੀ ਪਾਣੀ ਦੀ ਮੰਗ ਵੱਧ ਜਾਂਦੀ ਹੈ। ਇਸ ਮਹੀਨੇ ਦੌਰਾਨ ਬੂਟਿਆਂ ਨੂੰ ਭਿਆਨਕ ਗਰਮੀ ਤੋਂ ਬਚਾਉਣਾ, ਨਮੀ ਦੀ ਮਲਚਿੰਗ ਰਾਹੀ ਸੰਭਾਲ ਕਰਨਾ ਅਤੇ ਫਲਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਣਾ ਅਹਿਮ ਕਾਰਜ ਹਨ ਜਿੰਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਸਿਰ ਸਿੰਚਾਈ ਕਰਨੀ ਚਾਹੀਦੀ ਹੈ।
ਫਲਦਾਰ ਬੂਟੇ
ਸਦਾਬਹਾਰ ਫਲਦਾਰ ਬੂਟਿਆਂ ਨੂੰ ਸੋਕੇ ਅਤੇ ਜ਼ਿਆਦਾ ਗਰਮੀ ਤੋਂ ਬਚਾਅ ਲਈ ਨਵੇਂ ਲਗਾਏ ਬੂਟਿਆਂ ਨੂੰ ਲਗਾਤਾਰ ਹਲਕੀ ਸਿੰਚਾਈ ਕਰਦੇ ਰਹੋ ਅਤੇ ਜਮੀਨ ਵਿੱਚ ਨਮੀਂ ਦੀ ਸੰਭਾਲ ਲਈ ਜ਼ਮੀਨ ਤੇ ਪਰਾਲੀ, ਗੰਨੇ ਦੀ ਖੋਰੀ ਜਾਂ ਪਲਾਸਟਿਕ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ। ਨਵੇਂ ਲਗਾਏ ਬੂਟਿਆਂ ਦੇ ਤਣਿਆਂ ਨੂੰ ਤਿੱਖੀ ਧੁੱਪ ਦੇ ਭੈੜੇ ਅਸਰ ਤੋਂ ਬਚਾਉਣ ਲਈ ਬੂਟਿਆਂ ਦੇ ਤਣਿਆਂ ਨੂੰ ਪਰਾਲੀ ਆਦਿ ਲਪੇਟ ਦਿਉ ਅਤੇ ਤਣਿਆ ਤੇ ਕਲੀ ਵਿੱਚ ਨੀਲਾ ਥੋਥਾ ਪਾ ਕੇ ਸਫੈਦੀ (ਕਲੀ) ਕਰ ਦਿਉ।
ਗਰਮੀ ਕਾਰਨ ਹੀ ਨਿੰਬੂ, ਅਨਾਰ, ਲੀਚੀ ਦੇ ਫਲਾਂ ਦਾ ਛਿਲਕਾ ਪਾਟਦਾ ਹੈ ਜੋ ਕਿ ਕੋਈ ਬਿਮਾਰੀ ਨਹੀ ਹੈ, ਇਸ ਦੀ ਰੋਕਥਾਮ ਲਈ ਸ਼ਾਮ ਨੂੰ ਸੂਰਜ ਛਿਪਣ ਤੋਂ ਇੱਕ ਘੰਟਾਂ ਬਾਅਦ ਬੂਟਿਆਂ 'ਤੇ ਪਾਣੀ ਦਾ ਛਿੜਕਾਅ ਕਰੋ। ਨਵੇਂ ਲਗਾਏ ਬੂਟਿਆਂ ਨੂੰ ਹਫਤੇ ਵਿੱਚ ਦੋ ਵਾਰ ਅਤੇ ਅੰਗੂਰ, ਆੜੂ, ਨਾਸ਼ਪਾਤੀ ਅਤੇ ਅਲੂਚਾ ਬੂਟਿਆਂ ਨੂੰ ਹਫਤੇ ਵਿੱਚ ਇੱਕ ਵਾਰ ਪਾਣੀ ਦਿਉ ਤਾਂ ਜੋ ਵਧੀਆ ਫਲਾਂ ਦੀ ਪੈਦਾਵਾਰ ਹੋਵੇ।
ਅਮਰੂਦ ਦੇ ਬਾਗ ਨੂੰ ਨਦੀਨਾਂ ਤੋਂ ਬਚਾਉਣ ਲਈ 25 ਕਿੱਲੋ ਝੋਨੇ ਦੀ ਪਰਾਲੀ ਪ੍ਰਤੀ ਮਰਲਾ ਬੂਟਿਆਂ ਹੇਠ ਵਿਛਾ ਦਿਉ ਅਤੇ ਸ਼ਿਫਾਰਸ਼ ਕੀਤੀ ਰੂੜੀ ਦੀ ਖਾਦ ਅਤੇ ਅੱਧੀਆਂ ਰਸਾਇਣਿਕ ਖਾਦਾਂ ਦੀ ਪਹਿਲੀ ਕਿਸ਼ਤ ਇਸ ਮਹੀਨੇ ਦੇ ਅਖੀਰ ਵਿੱਚ ਪਾ ਦਿਉ। ਆੜੂ, ਅਲੂਚਾ, ਫਾਲਸਾ, ਅੰਗੂਰ ਦੇ ਫਲਾਂ ਦੀ ਤੁੜਾਈ ਕਰ ਲਵੋ।
ਆੜੂ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਲਾ ਦਿਉ। ਨਾਸ਼ਪਾਤੀ ਵਿੱਚ ਤੇਲੇ ਦੀ ਰੋਕਥਾਮ ਲਈ ਗੰਭੀਰ ਹਮਲੇ ਹੇਠ ਆਏ ਪੱਤਿਆਂ ਨੂੰ ਤੋੜ ਕੇ ਨਸ਼ਟ ਕਰ ਦਿਉ। ਅੰਬ ਵਿੱਚ ਕੇਰੇ ਦੀ ਰੋਕਥਾਮ ਲਈ 0.2 ਗ੍ਰਾਮ 2,4-ਡੀ ਸੋਡੀਅਮ ਸਾਲਟ (ਹਾਰਟੀਕਲਚਰ ਗਰੇਡ) ਦਵਾਈ ਪ੍ਰਤੀ 10 ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ।
ਅੰਗੂਰਾਂ ਵਿੱਚ ਚਿੱਟੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ 0.4 ਗ੍ਰਾਮ ਬੇਲੇਟੋਨ ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਪਹਿਲੇ ਹਫਤੇ ਅਤੇ ਐਨਥਰੈਕਨੋਜ਼ ਦੀ ਰੋਕਥਾਮ ਲਈ ਬੋਰਡ ਮਿਸ਼ਰਣ 2:2:250 ਦੇ ਅਨੁਪਾਤ ਅਖੀਰਲੇ ਹਫਤੇ ਛਿੜਕਾਅ ਕਰੋ।
ਨਿੰਬੂ ਜਾਤੀ ਵਿੱਚ ਜਿੰਕ ਦੀ ਘਾਟ ਦੀ ਰੋਕਥਾਮ ਲਈ 3 ਗ੍ਰਾਮ ਜ਼ਿੰਕ ਸਲਫੇਟ ਅਤੇ ਸਿੱਲਾ ਤੇ ਸੁਰੰਗੀ ਕੀੜੇ ਦੀ ਰੋਕਥਾਮ ਲਈ 0.4 ਮਿ.ਲਿ. ਇਮਿਡਾਕਲੋਰਪਰਿਡ 17.8 ਐਸ ਐਲ ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ।ਕੇਲੇ ਨੂੰ 60 ਗ੍ਰਾਮ ਯੂਰੀਆ ਅਤੇ 60 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਬੂਟਾ ਪਾ ਦਿਉ।
ਬੇਰ ਵਿੱਚ ਫਲ ਨਵੀਆਂ ਸ਼ਾਖਾਂ ਦੇ ਪੱਤਿਆਂ ਦੇ ਸਿਰੇ ਤੇ ਲਗਦਾ ਹੈ ਇਸ ਲਈ ਹਰ ਸਾਲ ਕਾਂਟ-ਛਾਂਟ ਮਈ ਮਹੀਨੇ ਦੇ ਦੁਜੇ ਪੰਦਰਵਾੜੇ ਕਰਨੀ ਚਾਹੀਦੀ ਹੈ। ਬੇਰ ਨੂੰ ਦੇਸੀ ਰੂੜੀ ਵੀ ਇਸ ਮਹੀਨੇ ਪਾ ਕੇ ਡੂੰਘੀ ਵਹਾਈ ਕਰ ਦਿਉ।
ਇਹ ਵੀ ਪੜ੍ਹੋ : ਮਈ ਮਹੀਨੇ ਦੇ ਪਹਿਲੇ ਪੰਦਰਵਾੜੇ ਦੇ ਬਾਗਬਾਨੀ ਰੁਝੇਵੇਂ, ਇਨ੍ਹਾਂ ਫਸਲਾਂ ਦੀ ਕਰੋ ਕਾਸ਼ਤ
ਸਬਜ਼ੀਆਂ
ਗਰਮ ਰੁੱਤ ਦੀਆਂ ਸਬਜ਼ੀਆਂ ਨੂੰ ਹਫਤੇ ਬਾਅਦ ਪਾਣੀ ਲਗਾਉਦੇ ਰਹੋ ਅਤੇ ਇੰਨ੍ਹਾਂ ਦੀ ਤੁੜਾਈ ਇੱਕ ਦਿਨ ਛੱਡ ਕੇ ਸ਼ਾਮ ਨੂੰ ਕਰਦੇ ਰਹੋ ਕਿਉਕਿ ਸਵੇਰ ਵੇਲੇ ਇੰਨ੍ਹਾਂ ਦੀ ਪਰ-ਪਰਾਗਣ ਕਿਰਿਆ ਖਰਾਬ ਹੁੰਦੀ ਹੈ ਪਰ ਘੀਆ ਕੱਦੂ ਤੇ ਰਾਮ ਤੋਰੀ ਦੀ ਤੁੜਾਈ ਸਵੇਰ ਵੇਲੇ ਕਰੋ ਕਿੳਕਿ ਇੰਨ੍ਹਾਂ ਦੇ ਫੁੱਲ ਸ਼ਾਮ ਨੂੰ ਖੁਲਦੇ ਹਨ। ਪਿਆਜ਼ ਅਤੇ ਲਸਣ ਦੀ ਕਟਾਈ ਕਰਕੇ ਸੁੱਕੀ ਜਗ੍ਹਾ 'ਤੇ ਸਟੋਰ ਕਰ ਲਵੋ। ਪੱਕੇ ਹੋਏ ਟਮਾਟਰ ਦੀ ਚਟਨੀ, ਸਾਸ, ਪਿਊਰੀ ਆਦਿ ਬਣਾ ਕੇ ਰੱਖ ਲਵੋ ਜੋ ਸਾਲ ਭਰ ਕੰਮ ਆਵੇਗੀ। ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬਿਜਾਈ ਹੁਣ ਕਰ ਲਵੋ। ਕੱਦੂ ਜਾਤੀ ਸਬਜ਼ੀਆਂ ਨੂੰ ਫਲ ਦੀ ਮੱਖੀ ਦੀ ਰੋਕਥਾਮ ਲਈ ਹਮਲੇ ਵਾਲੇ ਫਲ ਤੋੜ ਕੇ ਡੂੰਘੇ ਦੱਬ ਦਿਉ ਅਤੇ ਕਾਲੀ ਤੋਰੀ ਲਈ ਖੇਤ ਵਿੱਚ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਲਗਾ ਦਿਉ।
ਖੁੰਬਾਂ ਦੀ ਕਾਸ਼ਤ
ਖੁੰਬਾਂ ਦੀ ਸਰਦ ਰੁੱਤ ਵਿੱਚ ਕਾਸ਼ਤ ਕਰਨ ਲਈ ਤੂੜੀ ਦਾ ਪ੍ਰਬੰਧ ਹੁਣ ਹੀ ਕਰ ਲਵੋ। ਗਰਮ ਰੁੱਤ ਵਾਲੀ ਖੁੰਬ ਦੀ ਕਾਸ਼ਤ ਕਈ 1-1.5 ਕਿੱਲੋ ਦੇ ਪਰਾਲੀ ਦੇ ਪੂਲੇ ਬਣਾ ਕੇ ਗਿੱਲੇ ਕਰਕੇ ਕਮਰੇ ਵਿੱਚ ਬੈੱਡ ਲਗਾਉ ਅਤੇ ਦਿਨ ਵਿੱਚ ਦੋ ਵਾਰ ਪਾਣੀ ਲਗਾਉ। ਮਹੀਨੇ ਤੱਕ ਫਸਲ ਤਿਆਰ ਹੋ ਜਾਵੇਗੀ। ਮਿਲਕੀ ਖੁੰਬ ਦੀ ਬਿਜਾਈ ਲਈ ਤੂੜੀ ਨੂੰ ਉਬਾਲ ਕੇ, ਬੀਜ ਰਲਾ ਕੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਭਰ ਕੇ ਕਰੋ।15-20 ਦਿਨ ਬਾਅਦ ਜਦੋਂ ਰੇਸ਼ਾ ਫੈਲ ਜਾਵੇ ਤਾਂ ਕੇਸਿੰਗ ਕਰ ਦਿਉ। ਮਿਲਕੀ ਖੁੰਬ ਅਤੇ ਪਰਾਲੀ ਖੂੰਬ ਲਈ ਬੀਜ ਪੀਏਯੂ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ਪ੍ਰਾਪਤ ਕਰੋ। ਇਸ ਸਬੰਧੀ ਮੁਕੰਮਲ ਜਾਣਕਾਰੀ ਲੈਣ ਲਈ ਆਪਣੇ ਨੇੜੇ ਦੇ ਬਾਗਬਾਨੀ ਅਫਸਰ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ।
ਫੁੱਲ ਅਤੇ ਸਜਾਵਟੀ ਬੂਟੇ
ਫੁੱਲਾਂ ਜਿਵੇਂ ਕੋਸਮੋਸ, ਗਲਾਰਡੀਆ, ਗੋਮਫਰੀਨਾ, ਕੋਚੀਆ, ਜ਼ੀਨੀਆ, ਪਾਰਚੂਲੈਕਾ ਦੀਆਂ ਕਿਆਰੀਆਂ ਨੂੰ ਪਾਣੀ ਲਗਾਉਦੇ ਰਹੋ ਅਤੇ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰ ਦਿਉ। ਘਾਹ ਦੇ ਲਾਅਨ ਨੂੰ ਹਰਾ ਭਰਾ ਰੱਖਣ ਲਈ ਸਿੰਚਾਈ ਦਾ ਖਾਸ ਧਿਆਨ ਰੱਖੋ ਅਤੇ ਕਟਾਈ ਕਰਦੇ ਰਹੋ। ਜਿੰਨ੍ਹਾਂ ਲਾਅਨ ਵਿੱਚ ਮੋਥੇ ਦੀ ਬਹੁਤਾਤ ਹੋਵੇ ਉਸ ਨੂੰ ਵਾਹ ਕੇ ਮਈ-ਜੂਨ ਵਿੱਚ ਚੰਗੀ ਧੁੱਪ ਲਗਾ ਕੇ ਸਾਰੇ ਨਦੀਨ ਚੰਗੀ ਤਰਾਂ ਕੱਢ ਦਿਉ ਤਾਂ ਜੋ ਜੁਲਾਈ ਅਗਸਤ ਵਿੱਚ ਨਵਾਂ ਘਾਹ ਲਗਾਇਆ ਜਾ ਸਕੇ। ਗੁਲਾਬ, ਦਰਖਤਾਂ, ਝਾੜੀਆਂ ਤੇ ਵੇਲਾਂ ਵਾਲੇ ਬੂਟਿਆਂ ਨੂੰ ਵੀ ਹਫਤੇ ਬਾਅਦ ਪਾਣੀ ਦਿੰਦੇ ਰਹੋ।
ਸ਼ਹਿਦ ਮੱਖੀ ਪਾਲਣ
ਸ਼ਹਿਦ ਮੱਖੀਆਂ ਦੇ ਬਕਸਿਆ ਵਿੱਚ ਇਸ ਮਹੀਨੇ ਗਰਮੀ ਤੋਂ ਬਚਾਉਣ ਲਈ ਬਕਸਿਆਂ ਨੂੰ ਸੰਘਣੀ ਛਾਂ ਵਿੱਚ ਰੱਖਣ ਲਈ ਉਪਰਾਲੇ ਕੀਤੇ ਜਾਣ। ਗਰਮੀ ਕਾਰਣ ਮੱਖੀਆਂ ਲਈ ਪਾਣੀ ਦਾ ਉਚਿਤ ਪ੍ਰਬੰਧ ਵੀ ਕਰੋ ਇਸ ਲਈ ਬਕਸਿਆਂ ਸਟੈਂਡ ਦੇ ਪਾਵਿਆਂ ਹੇਠਾਂ ਰੱਖੇ ਕੋਲਿਆਂ ਵਿੱਚ ਪਾਣੀ ਪਾਇਆ ਜਾ ਸਕਦਾ ਹੈ ਜਿਸ ਨਾਲ ਇਹ ਸ਼ਹਿਦ ਮੱਖੀਆਂ ਦੀ ਪਾਣੀ ਜਰੂਰਤ ਪੂਰੀ ਕਰਨ ਦੇ ਨਾਲ-ਨਾਲ ਕੀੜੀਆਂ ਤੋਂ ਵੀ ਬਚਾਉਣਗੇ।
ਸਿਖਲਾਈ ਕੋਰਸ
ਬਾਗਬਾਨੀ ਫਸਲਾਂ ਅਤੇ ਕਿੱਤੇ ਨਾਲ ਸਬੰਧਤ ਸਿਖਲਾਈ ਕੋਰਸਾਂ ਲਈ ਸਕਿੱਲ ਡਿਵੈਲਪਮੈਂਟ ਸੈਂਟਰ (ਫੋਨ ਨੰ: 0161-240196-261) ਪੀ.ਏ.ਯੂ. ਲੁਧਿਆਣਾ ਤੋਂ ਅਤੇ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਕੇ ਭਾਗ ਲੈ ਸਕਦੇ ਹੋ।
ਸਰੋਤ: ਡਾ. ਸੁਖਦੀਪ ਸਿੰਘ ਹੁੰਦਲ, ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ-ਕਮ-ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ।
Summary in English: Horticultural Activities for the Month of May, Complete information including Fruits, Flowers, Vegetables, Ornamental Plants, Mushroom Cultivation, Beekeeping