ਮੀਟ ਜਾਂ ਉਸ ਤੋਂ ਬਣੇ ਉਤਪਾਦ ਭਰਪੂਰ ਪੌਸ਼ਟਿਕ ਪਦਾਰਥ ਅਤੇ ਵਧੇਰੇ ਨਮੀ ਵਾਲੇ ਹੋਣ ਕਾਰਣ ਇਨ੍ਹਾਂ ਵਿਚ ਸੂਖਮ ਜੀਵਾਣੂਆਂ ਦਾ ਵਿਕਾਸ ਬਹੁਤ ਛੇਤੀ ਨਾਲ ਹੋ ਜਾਂਦਾ ਹੈ।
ਇਸ ਲਈ ਮੀਟ ਦੀ ਕਵਾਲਿਟੀ ਨੂੰ ਬਿਹਤਰ ਅਤੇ ਸਹੀ ਰੱਖਣ ਲਈ ਇਸ ਦੀ ਸਹੀ ਸੰਭਾਲ ਬਹੁਤ ਜ਼ਰੂਰੀ ਹੈ।ਇਹ ਜਾਣਕਾਰੀ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਨੇ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਸਾਨੂੰ ਪਸ਼ੂ ਫਾਰਮ ਤੋਂ ਉਪਭੋਗੀ ਦੀ ਵਰਤੋਂ ਤਕ ਪਹੁੰਚਾਉਣ ਲਈ ਬਹੁਤ ਸਾਫ ਸੁਥਰੇ ਅਤੇ ਚੰਗੇ ਤਰੀਕੇ ਨਾਲ ਮੀਟ ਨੂੰ ਰੱਖਣਾ ਚਾਹੀਦਾ ਹੈ।ਉਨ੍ਹਾਂ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਸੜਕਾਂ ਕਿਨਾਰੇ, ਦੂਸ਼ਿਤ ਮਾਹੌਲ ਵਿਚ ਜਾਂ ਗੰਦੇ ਪਾਣੀ ਵਿਚ ਤਿਆਰ ਕੀਤੇ ਉਤਪਾਦ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ।ਬਹੁਤ ਵਾਰੀ ਗ਼ੈਰ ਸੁਥਰੇ ਹਾਲਾਤ ਵਾਲੀਆਂ ਦੁਕਾਨਾਂ ਵਿਚ ਮੀਟ ਨੂੰ ਇਕੋ ਪਾਣੀ ਵਿਚ ਹੀ ਕਈ ਵਾਰ ਧੋਤਾ ਜਾਂਦਾ ਹੈ ਜੋ ਕਿ ਸਹੀ ਕਾਰਜਸ਼ੈਲੀ ਨਹੀਂ ਹੈ।ਇਸ ਲਈ ਇਸ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਸਹੀ ਮਾਹੌਲ ਅਤੇ ਸਹੀ ਤਰੀਕੇ ਨਾਲ ਹੀ ਮੀਟ ਉਪਭੋਗੀ ਤਕ ਪਹੁੰਚਦਾ ਕਰਨ।
ਉਪਭੋਗੀ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਮੀਟ ਨੂੰ ਸਹੀ ਤਰੀਕੇ ਨਾਲ ਪਕਾ ਕੇ ਵਰਤੋਂ ਵਿਚ ਲਿਆਏ ਤਾਂ ਜੋ ਮੀਟ ਉਸ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਚੱਲ ਰਹੇ ਕੋਰੋਨਾ ਕਾਲ ਵਿਚ ਅਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ ਕਿ ਕੋਰੋਨਾ ਦਾ ਮੀਟ ਦੀ ਵਰਤੋਂ ਨਾਲ ਕੋਈ ਸੰਬੰਧ ਹੈ ਪਰ ਇਸ ਗੱਲ ਦਾ ਕੋਈ ਵੀ ਆਧਾਰ ਨਹੀਂ।ਜੇ ਅਸੀਂ ਮੀਟ ਨੂੰ ਪੂਰਨ ਤੌਰ ’ਤੇ ਪਕਾ ਕੇ ਖਾਵਾਂਗੇ ਤਾਂ ਇਹ ਇਕ ਪੌਸ਼ਟਿਕ ਖੁਰਾਕ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ, ਮੀਟ ਉਦਯੋਗ ਅਤੇ ਵਪਾਰ ਦੇ ਖੇਤਰ ਵਿਚ ਕੰਮ ਕਰ ਰਹੇ ਕਿਰਤੀਆਂ ਨੂੰ ਲਗਾਤਾਰ ਸਿਖਲਾਈ ਦਿੰਦਾ ਰਹਿੰਦਾ ਹੈ।ਇਸ ਸੰਬੰਧੀ ਵਿਭਾਗ ਨੇ ਕਈ ਸਿਖਲਾਈ ਕੋਰਸ ਕਰਵਾਏ ਹਨ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਭਾਗ ਨੇ ਮੀਟ ਅਤੇ ਆਂਡਿਆਂ ਦੀ ਸੁਚੱਜੀ ਵਰਤੋਂ ਵਾਸਤੇ ਕਈ ਗੁਣਵੱਤਾ ਭਰਪੂਰ ਉਤਪਾਦ ਵੀ ਤਿਆਰ ਕੀਤੇ ਹਨ ਜਿਨ੍ਹਾਂ ਦੀ ਤਕਨਾਲੋਜੀ ਜੇ ਕੋਈ ਯੂਨੀਵਰਸਿਟੀ ਕੋਲੋਂ ਲੈਣਾ ਚਾਹਵੇ ਤਾਂ ਉਹ ਵੀ ਮੁਹੱਈਆ ਕੀਤੀ ਜਾਂਦੀ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Hygienic meat is good for the health of the user - veterinary experts