ਭਾਸ਼ਾ ਮਨੁੱਖ ਦੀ ਇਕ ਵਿਲੱਖਣ ਪ੍ਰਾਪਤੀ ਹੈ। ਤੁਸੀ ਸਾਰੇ ਆਪਣੀ ਮਾਤ ਭਾਸ਼ਾ ਨੂੰ ਬਹੁਤ ਸਤਿਕਾਰ ਅਤੇ ਪਿਆਰ ਕਰਦੇ ਹੋ ।ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਮਾਤ ਭਾਸ਼ਾ ਤੋਂ ਬਚਾ ਬੋਲਣਾ ਅਤੇ ਚਲਣਾ ਸਿੱਖਦਾ ਹੈ।ਮਨੁੱਖ ਨੂੰ ਉਸਦੀ ਮਾਤ ਭਾਸ਼ਾ ਤੋਂ ਪਛਾਣਿਆ ਜਾਂਦਾ ਹੈ। ਭਾਸ਼ਾ ਮਨੁੱਖ ਦੇ ਸੰਚਾਰ,ਪ੍ਰਸਾਰ ਅਤੇ ਵਿਕਾਸ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ। ਸਮਾਜਿਕ ਵਿਕਾਸ ਅਤੇ ਪਰਿਵਰਤਨ ਦੀ ਸੂਚਨਾ ਭਾਸ਼ਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਭਾਸ਼ਾ ਮਨੁਖੀ ਚੇਤਨਾ ਦਾ ਮੂਰਤ ਰੂਪ ਹੈ ਜਿਸ ਦੇ ਕਰਕੇ ਉਸਦੀ ਸੰਸਕ੍ਰਿਤੀ ਦੀ ਆਤਮਾ ਭੌਤਿਕ ਸੰਸਾਰ ਵਿਚ ਪ੍ਰਗਟ ਹੁੰਦੀ ਹੈ।
ਮਾਤ ਭਾਸ਼ਾ ਤੋਂ ਭਾਵ ਹੈ ਜਿਹੜੀ ਭਾਸ਼ਾ ਕੋਈ ਵੀ ਬੱਚਾ ਜਨਮ ਤੋ ਬਾਅਦ ਆਪਣੀ ਮਾਂ ਦੇ ਦੁੱਧ ਤੋਂ ਗ੍ਰਹਿਣ ਕਰਦਾ ਹੈ,ਅਤੇ ਹੌਲੀ-ਹੌਲੀ ਮਾਂ ਦੇ ਮੁੱਖ ਚੋਂ ਨਿਕਲੇ ਸ਼ਬਦਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ। ਮਾਤ ਭਾਸ਼ਾ ਨੂੰ ਇਕ ਬੱਚਾ ਆਪਣੀ ਮਾਂ,ਪਰਿਵਾਰ ਅਤੇ ਚੌਗਿਰਦੇ ਤੋਂ ਆਸਾਨੀ ਨਾਲ ਸਹਿਜੇ ਸਹਿਜੇ ਹੀ ਸਿਖਦਾ ਜਾਂਦਾ ਹੈ। ਇਹ ਇਕੋ ਇਕ ਅਜਿਹਾ ਮਾਧਿਅਮ ਹੈ ਜੋ ਮਨੁੱਖ ਵਿੱਚ ਮਨੁੱਖਤਾ ਲਿਆਉਂਦੀ ਹੈ। ਮਾਤ ਭਾਸ਼ਾ ਵਿੱਚ ਕੋਈ ਵੀ ਮਨੁੱਖ ਕੁਝ ਵੀ ਬਹੁਤ ਅਸਾਨੀ ਨਾਲ ਅਤੇ ਛੇਤੀ ਸਿੱਖ ਲੈਂਦਾ ਹੈ ਕਿਉਂਕਿ ਮਾਤ ਭਾਸ਼ਾ ਦਾ ਵਾਤਾਵਰਨ ਵਿਚ ਵਿਆਪਕ ਪਸਾਰਾ ਹੁੰਦਾ ਹੈ। ਇਸ ਕਥਨ ਨੂੰ ਭਾਸ਼ਾ ਦੇ ਬਹੁਤ ਸਾਰੇ ਬੁੱਧੀਜੀਵੀਆਂ,ਵਿਗਿਆਨੀਆਂ,ਮਾਹਿਰਾਂ ਨੇ ਮੰਨਿਆ ਹੈ ਅਤੇ ਇਸ ਨੂੰ ਮਨੁੱਖੀ ਸੱਭਿਆਚਾਰ ਵਿੱਚ ਸਿੱਧ ਵੀ ਕਰਕੇ ਦੱਸਿਆ ਹੈ। ਇੱਕ ਮਾਤ-ਭਾਸ਼ਾ ਹੀ ਮਨੁੱਖ ਵਿਚ ਅਜਿਹੇ ਗੁਣ ਪੈਦਾ ਕਰ ਸਕਦੀ ਹੈ ਜਿਸ ਨਾਲ ਉਹ ਸਮਾਜ ਵਿੱਚ ਸਤਿਕਾਰਿਆ ਜਾਂਦਾ ਹੈ। ਪ੍ਰੰਤੂ ਅੱਜ ਦੇ ਮੌਜੂਦਾ ਸਮੇਂ ਵਿੱਚ ਮਾਤ ਭਾਸ਼ਾ ਨੂੰ ਬਣਦਾ ਮਾਣ ਅਤੇ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ ਜੋ ਕਿ ਇੱਕ ‘ਕੌੜਾ ਸੱਚ’ਹੈ।
ਪੰਜਾਬੀ ਭਾਸ਼ਾ ਜਿਸਦਾ ਵਿਕਾਸ ਇੱਕ ਲੰਮੀ ਪ੍ਰਕਿਰਿਆ ਵਿਚੋਂ ਹੋਇਆ ਹੈ। ਨੌਵੀਂ-ਦਸਵੀਂ ਸਦੀ ਵਿੱਚ ਨਾਥ ਜੋਗੀਆਂ ਅਤੇ ਇਹਨਾਂ ਤੋਂ ਬਾਅਦ ਬਾਬਾ ਫ਼ਰੀਦ ਜੀ ਦੀਆਂ ਰਚਨਾਵਾਂ ਵਿੱਚ ਪੰਜਾਬੀ ਬੋਲੀ ਦਾ ਸਪੱਸ਼ਟ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਬਾਬਾ ਫ਼ਰੀਦ ਜੀ ਤੋਂ ਬਾਅਦ ਸੰਤ ਰਵਿਦਾਸ ਜੀ,ਸੰਤ ਕਬੀਰ ਜੀ ਅਤੇ ਹੋਰ ਸਮਕਾਲੀ ਸੰਤਾਂ ਦੀਆਂ ਰਚਨਾਵਾਂ ਉੱਪਰ ਵੀ ਪੰਜਾਬੀ ਭਾਸ਼ਾ ਦੀ ਛਾਪ ਦੇਖੀ ਜਾ ਸਕਦੀ ਹੈ। ਇਸ ਤੋਂ ਅੱਗੇ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ- ਸਾਹਿਬਾਨਾਂ ਨੇ ਵੀ ਸਾਰੀ ਗੁਰਬਾਣੀ ਨੂੰ ਇਸ ਭਾਸ਼ਾ ਵਿਚ ਰਚਿਆ। ਗੁਰੂ ਅਰਜਨ ਦੇਵ ਜੀ ਨੇ ਸਾਰੀ ਗੁਰਬਾਣੀ ਇਕੱਠੀ ਕਰਕੇ “ਆਦਿ ਗ੍ਰੰਥ” ਦੀ ਸੰਪਾਦਨਾ ਕੀਤੀ। ਸਾਰੀ ਗੁਰਬਾਣੀ ਨੂੰ ‘ਗੁਰਮੁਖੀ’ਵਿੱਚ ਲਿਖ ਕੇ ਪੰਜਾਬੀ ਭਾਸ਼ਾ ਨੂੰ ਅਮੀਰੀ ਪ੍ਰਦਾਨ ਕੀਤੀ। ਸਦੀਆਂ ਤੋਂ ਜੋ ਮਾਣ ਸਤਿਕਾਰ ਪੰਜਾਬੀ ਨੂੰ ਨਾ ਮਿਲ ਸਕਿਆ ਸੀ, ਉਸ ਨੂੰ ਅਮਲੀ ਜਾਮਾ ਗੁਰੂ ਸਾਹਿਬਾਨਾਂ ਨੇ ਪਹਿਨਾਇਆ ਸੀ।
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਦਾ ਖੇਤਰ ਬਹੁਤ ਵਿਸ਼ਾਲ ਹੈ। ਮੌਜੂਦਾ ਪੰਜਾਬ ਵਿਚ ਪੰਜਾਬੀ ਦੀਆਂ ਉਪਭਾਸ਼ਾਵਾਂ ਮਾਝੀ, ਦੁਆਬੀ, ਮਲਵਈ ਅਤੇ ਪੁਆਧੀ ਹਨ । ਮਾਝੀ ਭਾਸ਼ਾ ਨੂੰ ਸਾਹਿਤਕ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਹਿਮਾਚਲ ਪ੍ਰਦੇਸ਼,ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿਚ ਬੋਲੀ ਜਾਂਦੀਆਂ ਡੋਗਰੀ, ਪਹਾੜੀ ਆਦਿ ਪੰਜਾਬੀ ਦੀਆਂ ਹੀ ਉਪ ਭਾਸ਼ਾਵਾਂ ਹਨ। ਇਸ ਤੋਂ ਇਲਾਵਾ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਨੂੰ ਬੋਲਣ ਵਾਲੇ ਲੋਕ ਰਹਿੰਦੇ ਹਨ ਜਿਹਨਾਂ ਵਿਚੋਂ ਕੈਨੇਡਾ,ਅਮਰੀਕਾ ,ਆਸਟ੍ਰੇਲੀਆ, ਇਟਲੀ,ਇੰਗਲੈਂਡ ਆਦਿ ਦੇਸ਼ਾਂ ਦੇ ਨਾਮ ਵਰਨਣਯੋਗ ਹੈ।
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਪੂਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ ਜਿਸ ਵਿੱਚ ਸੰਸਾਰ ਦੀਆਂ ਮਾਤ ਭਾਸ਼ਾਵਾਂ ਤੇ ਚਰਚਾ ਕੀਤੀ ਜਾਂਦੀ ਹੈ।ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਮਾਤ ਭਾਸ਼ਾ ਦਾ ਗਿਆਰਵਾਂ ਸਥਾਨ ਆਉਂਦਾ ਹੈ ਕਿਉਂਕਿ ਦੇਸ਼- ਵਿਦੇਸ਼ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ ਤੇਰਾਂ ਕਰੋੜ ਹੈ। ਸਾਡਾ ਸਮਾਜ ਅਤੇ ਸਰਕਾਰ ਦੋਵੇਂ ਹੀ ਮਾਤ ਭਾਸ਼ਾ ਦੇ ਡਿਗ ਰਹੇ ਪੱਧਰ ਲਈ ਜ਼ਿੰਮੇਵਾਰ ਹਨ। ਪੰਜਾਬ ਅੰਦਰ ਬੱਚੇ ਨੂੰ ਸਿੱਖਿਆ ਪੰਜਾਬੀ, ਹਿੰਦੀ ਅਤੇ ਅੰਗਰੇਜੀ ਭਾਸ਼ਾਵਾਂ ਰਾਹੀਂ ਦਿੱਤੀ ਜਾਂਦੀ ਹੈ। ਪਰ ਬਦਲਦੀ ਸੋਚ ਨੇ ਪੰਜਾਬੀ ਨੂੰ ਪਿੱਛੇ ਹੀ ਛੱਡ ਦਿੱਤਾ ਹੈ। ਸੂਬੇ ਅੰਦਰ ਬਹੁਤ ਸਾਰੇ ਸਕੂਲ ਇਸ ਕਰਕੇ ਹੀ ਹੋਂਦ ਵਿਚ ਆਏ ਹਨ ਕਿ ਉਹ ਸਕੂਲ ਸਿੱਖਿਆ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਹੀ ਦਿੰਦੇ ਹਨ। ਸਾਡੀ ਸੋਚ ਤੇ ਵੀ ਇਹ ਚੀਜ਼ ਘਰ ਕਰ ਗਈ ਹੈ ਕਿ ਜੇਕਰ ਸਾਡੇ ਬੱਚੇ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਨਗੇ ਤਾਂ ਵਧੇਰੇ ਸਿੱਖਿਅਤ ਹੋਣਗੇ।
ਭਾਸ਼ਾ ਵਿਗਿਆਨੀ ਇਸ ਨੂੰ ਇਕ ਬਹੁਤ ਵੱਡਾ ਭੁਲੇਖਾ ਮੰਨਦੇ ਹਨ।ਅਜਿਹੀ ਸੋਚ ਕਰਕੇ ਹੀ ਪੰਜਾਬੀ ਭਾਸ਼ਾ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ।ਪੰਜਾਬੀਓ ਹੁਣੇ ਵੀ ਸਮਾਂ ਹੈ ਆਪਣੀ ਮਾਤ ਭਾਸ਼ਾ ਨੂੰ ਖਤਮ ਨਹੀਂ ਹੋਣ ਦੇਣਾ। ਆਪਣੀ ਮਾਤ ਭਾਸ਼ਾ ਬੋਲਣ ਵਾਲਾ ਇਨਸਾਨ ਕਦੇ ਅਨਪੜ ਨਹੀਂ ਹੁੰਦਾ ਹੈ। ਅੱਜ ਦੇ ਸਮੇਂ ਵਿਚ ਪੰਜਾਬੀ ਸਿੱਖਿਆ ਵਿੱਚੋ ਬਹਾਰ ਕੱਢੀ ਜਾ ਰਹੀ ਹੈ।ਜੇਕਰ ਤੁਸੀ ਆਪਣਾ ਇੱਤਿਹਾਸ ਬਚਾਉਣਾ ਹੈ ਤਾਂ ਆਪਣੀ ਮਾਤ ਭਾਸ਼ਾ ਨੂੰ ਕਦੇ ਨਾ ਛੱਡੋ।
ਵਰਤਮਾਨ ਸਮੇਂ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਦੁਆਰਾ ਤਕਨੀਕੀ ਕੋਰਸਾਂ ਨੂੰ ਮਾਤ ਭਾਸ਼ਾ ਵਿੱਚ ਪੜਾਉਣ ਦੇ ਦਿਸ਼ਾ ਨਿਰਦੇਸ਼ ਦੇਣਾ ਇਕ ਚੰਗੀ ਗਲ ਹੈ ਕਿੰਤੂ ਇਸ ਦੇ ਨਾਲ ਹੀ ਸਰਕਾਰੀ ਅਤੇ ਗੈਰ- ਸਰਕਾਰੀ ਖੇਤਰਾਂ ਦੀਆਂ ਨਿਯੁਕਤੀਆਂ ਲਈ ਇਸ਼ਤਿਹਾਰ,ਪ੍ਰਸ਼ਨ -ਪੱਤਰ ,ਪ੍ਰਤਿਯੋਗੀ ਪ੍ਰੀਖਿਆਵਾਂ, ਇੰਟਰਵਿਊ ਆਦਿ ਲਈ ਵੀ ਮਾਤ ਭਾਸ਼ਾ ਨੂੰ ਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Punjab election 2022: ਪੰਜਾਬ ਚੋਣਾਂ ਵਿੱਚ ਕਿਸਾਨ ਮੁੱਦਾ ਕਿਓਂ ਨਹੀਂ, ਸਿਆਸਤ ਵਿੱਚ ਆਏ ਪਰ ਅੰਦੋਲਨ ਜਿੰਨੀ ਚਰਚਾ ਨਹੀਂ!
Summary in English: International Mother Language Day