ਦੂਜਾ ਦਿਨ ਜਲਵਾਯੂ ਅਤੇ ਜੰਗਲੀ ਜੀਵ ਸਿਹਤ ਦੇ ਵਿਸ਼ੇ ’ਤੇ ਵਿਗਿਆਨਕ ਪੇਸ਼ਕਾਰੀਆਂ ਨਾਲ ਹੋਇਆ ਆਰੰਭ
International Conference: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਵਨ ਹੈਲਥ ਨੂੰ ਅੱਗੇ ਵਧਾਉਣਾ’ ਵਿਸ਼ੇ ’ਤੇ ਕਰਵਾਈ ਜਾ ਰਹੀ ਦੋ ਦਿਨਾ ਅੰਤਰਰਾਸ਼ਟਰੀ ਗੋਸ਼ਠੀ ਦਾ ਦੂਜਾ ਦਿਨ ਜਲਵਾਯੂ ਅਤੇ ਜੰਗਲੀ ਜੀਵ ਸਿਹਤ ਦੇ ਵਿਸ਼ੇ ’ਤੇ ਵਿਗਿਆਨਕ ਪੇਸ਼ਕਾਰੀਆਂ ਨਾਲ ਆਰੰਭ ਹੋਇਆ।
ਵਿਸ਼ਵ ਪ੍ਰਸਿੱਧ ਮਾਹਿਰਾਂ ਵਿੱਚੋਂ ਡਾ. ਏਮਿਲੀ ਜੇਨਕਿੰਸ, ਵੈਸਟਰਨ ਕਾਲਜ ਆਫ ਵੈਟਨਰੀ ਮੈਡੀਸਨ, ਕੈਨੇਡਾ ਨੇ ਕੈਨੇਡੀਅਨ ਅਨੁਭਵ ਤੋਂ ਜੰਗਲੀ ਜੀਵ-ਪਸ਼ੂ-ਮਨੁੱਖ ਅੰਤਰ ਸੰਬੰਧਾਂ ’ਤੇ ਇਕ ਗਿਆਨ ਵਧਾਊ ਭਾਸ਼ਣ ਦਿੱਤਾ।
ਡਾ. ਸੁਰਿੰਦਰ ਸਿੰਘ ਕੁੱਕਲ, ਸਾਬਕਾ ਡੀਨ, ਪੀ ਏ ਯੂ ਨੇ ਪਾਣੀ, ਮਿੱਟੀ ਅਤੇ ਖੇਤੀਬਾੜੀ ਪ੍ਰਣਾਲੀਆਂ ਨੂੰ ਸਿਹਤ ਦੇ ਵਾਤਾਵਰਣ ਨਿਰਧਾਰਿਕਾਂ ਵਜੋਂ ਚਿੰਨ੍ਹਿਤ ਕੀਤਾ। ਡਾ. ਪਰਾਗ ਨਿਗਮ, ਜੰਗਲੀ ਜੀਵ ਸੰਸਥਾ, ਭਾਰਤ ਨੇ ਉਭਰ ਰਹੀਆਂ ਛੂਤ ਦੀਆਂ ਬਿਮਾਰੀਆਂ ਨੂੰ ਪਛਾਨਣ ਅਤੇ ਬਿਮਾਰੀਆਂ ਦੀ ਪੇਸ਼ੀਨਗੋਈ ਕਰਨ ਸੰਬੰਧੀ ਜੰਗਲੀ ਜੀਵ ਸਿਹਤ ਦੀ ਭੂਮਿਕਾ ਬਾਰੇ ਚਾਨਣਾ ਪਾਇਆ।
ਕਾਨਫਰੰਸ ਵਿੱਚ ਪਸ਼ੂ ਸਿਹਤ ਅਤੇ ਜੈਵਿਕ ਸੁਰੱਖਿਆ ਮੁੱਦਿਆਂ ਨੂੰ ਵੀ ਵਿਚਾਰਿਆ ਗਿਆ। ਡਾ. ਜੇਰੋਇਨ ਡਿਉਲਫ, ਬੈਲਜ਼ੀਅਮ ਨੇ ਆਲਮੀ ਫਾਰਮ ਜੈਵਿਕ ਸੁਰੱਖਿਆ, ਰੋਗਾਣੂਨਾਸ਼ਕ ਪ੍ਰਤੀਰੋਧ ਘਟਾਉਣ ਦੀਆਂ ਰਣਨੀਤੀਆਂ ਨੂੰ ਉਜਾਗਰ ਕੀਤਾ। ਏਮਜ਼, ਨਵੀਂ ਦਿੱਲੀ ਦੇ ਡਾ. ਵਿਕਰਮ ਸੈਣੀ ਨੇ ਰੋਗ ਵਿਭਿੰਨਤਾ ’ਤੇ ਚਰਚਾ ਕੀਤੀ ਜਦੋਂ ਕਿ ਡਾ. ਨਰਿੰਦਰ ਹੇਗੜੇ, ਹੈਦਰਾਬਾਦ ਨੇ ਲੱਛਣ ਆਧਾਰਿਤ ਖੋਜ ਅਤੇ ਆਧੁਨਿਕ ਨਿਰੀਖਣ ਦੀ ਰੂਪ-ਰੇਖਾ ਦੱਸੀ। ਇਸ ਤੋਂ ਬਾਅਦ ਅਕਾਦਮਿਕ-ਉਦਯੋਗਿਕ ਅਤੇ ਵਿਕਾਸ ਖੇਤਰ ਦੇ ਮਾਹਿਰਾਂ ਨੇ ਵਨ ਹੈਲਥ ਨੂੰ ਲਾਗੂ ਕਰਨ ਲਈ ਸਹਿਯੋਗੀ ਮੌਕਿਆਂ ਦੀ ਚਰਚਾ ਕੀਤੀ।
ਖੋਜਕਾਰਾਂ ਅਤੇ ਵਿਦਿਆਰਥੀਆਂ ਨੇ ਵਿਭਿੰਨ ਵਿਸ਼ਿਆਂ ’ਤੇ ਆਪਣੇ ਪੋਸਟਰ ਅਤੇ ਮੌਖਿਕ ਖੋਜਕਾਰੀ ਵੀ ਪੇਸ਼ ਕੀਤੀ। ਐਸੋਸੀਏਸ਼ਨ ਦੇ ਆਮ ਇਜਲਾਸ ਦੇ ਨਾਲ ਵਿਦਾਇਗੀ ਅਤੇ ਪੁਸਰਕਾਰ ਵੰਡ ਸਮਾਰੋਹ ਕਰਵਾਇਆ ਗਿਆ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੂੰ ਵੈਟਨਰੀ ਜਨਤਕ ਸਿਹਤ ਵਿੱਚ ਵਿਸ਼ੇਸ਼ ਯੋਗਦਾਨ ਦੇਣ ਲਈ ਜੀਵਨ ਪ੍ਰਾਪਤੀ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਜਸਬੀਰ ਸਿੰਘ ਬੇਦੀ ਨੂੰ ਏ ਟੀ ਸ਼ੇਰੀਕਰ ਸਨਮਾਨ ਪ੍ਰਾਪਤ ਹੋਇਆ। ਡਾ. ਸਿਮਰਨਪ੍ਰੀਤ ਕੌਰ ਨੂੰ ਡਾ. ਆਰ ਕੇ ਅਗਰਵਾਲ ਸਨਮਾਨ ਅਤੇ ਡਾ. ਇਕਰਾ ਆਰਿਫ਼ ਨੂੰ ਸਰਵਉੱਤਮ ਥੀਸਿਸ ਸਨਮਾਨ ਪ੍ਰਦਾਨ ਕੀਤਾ ਗਿਆ। ਪੋਸਟਰ ਅਤੇ ਮੌਖਿਕ ਪੇਸਕਾਰੀ ਵਿੱਚ ਵੀ ਸਰਵਉੱਤਮ ਅਵਾਰਡ ਪ੍ਰਦਾਨ ਕੀਤੇ ਗਏ।
ਡਾ. ਗਿੱਲ ਨੇ ਸਾਰੇ ਇਨਾਮ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਾਈਵਾਲ ਧਿਰਾਂ ਦੀ ਪ੍ਰਸੰਸਾ ਕੀਤੀ। ਡਾ. ਜਸਬੀਰ ਸਿੰਘ ਬੇਦੀ ਨੇ ਇਸ ਸਮਾਗਮ ਨੂੰ ਇਤਿਹਾਸਕ ਵਿਗਿਆਨਕ ਇਕੱਠ ਵਜੋਂ ਸਥਾਪਿਤ ਕਰਦਿਆਂ ਪ੍ਰਤੀਭਾਗੀਆਂ, ਪ੍ਰਾਯੋਜਕਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਸਰੋਤ: ਗਡਵਾਸੂ (GADVASU)
Summary in English: International One Health Symposium: Two-day international conference on ‘Advancing One Health’ in Ludhiana