Punjab Agricultural University: ਕਿਸਾਨਾਂ ਲਈ ਮਸੀਹਾ ਮੰਨੀ ਜਾਂਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਮੇਂ-ਸਮੇਂ 'ਤੇ ਨਵੇਕਲੇ ਕਦਮ ਚੁੱਕਦੀ ਰਹਿੰਦੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਇਸ ਲੜੀ 'ਚ ਪੀਏਯੂ ਦੇ ਕਿਸਾਨ ਮੇਲਿਆਂ ਦੀ ਸ਼ੁਰੂਆਤ 5 ਮਾਰਚ 2024 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਤੋਂ ਹੋਈ, ਜਿੱਥੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ਦਾ ਉਦਘਾਟਨ ਮੇਲੇ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ।
ਸਾਉਣੀ ਦੀਆਂ ਫ਼ਸਲਾਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ, ਅੰਮ੍ਰਿਤਸਰ 'ਚ ਲੱਗੇ ਕਿਸਾਨ ਮੇਲੇ 'ਚ ਕਿਸਾਨਾਂ ਦਾ ਭਾਰੀ ਇਕੱਠ ਜੁੜਿਆ। ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੀ ਸਾਉਣੀ ਰੁੱਤ ਲਈ ਪੀ.ਏ.ਯੂ. ਦੀਆਂ ਫ਼ਸਲਾਂ ਬਾਰੇ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ।
ਡਾਇਰੈਕਟਰ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਾਢੇ ਨੌ ਸੌ ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਹਨ। ਨਵੀਆਂ ਕਿਸਮਾਂ ਵਿੱਚੋਂ ਉਨ੍ਹਾਂ ਨੇ ਪੂਸਾ ਬਾਸਮਤੀ 1847 ਦਾ ਜ਼ਿਕਰ ਕੀਤਾ, ਜੋ ਲਗਭਗ 100 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਚਾਰੇ ਵਾਲੀ ਮੱਕੀ ਦੀ ਕਿਸਮ ਜੇ 1008 ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੁਰਾਣੀਆਂ ਕਿਸਮਾਂ ਨਾਲੋਂ ਪਹਿਲਾਂ ਪੱਕ ਜਾਂਦੀ ਹੈ ਅਤੇ ਸਾਈਲੇਜ ਲਈ ਢੁਕਵੀਂ ਹੈ। ਖਰਵ੍ਹੇ ਅਨਾਜਾਂ ਵਿੱਚੋਂ, ਉਨ੍ਹਾਂ ਨੇ ਪੀਸੀਬੀ 167, ਜੋ ਕਿ 90 ਦਿਨਾਂ ਵਿੱਚ ਪੱਕਦਾ ਹੈ, ਅਤੇ ਪੰਜਾਬ ਚੀਨਾ 1, ਜੋ ਕਿ 65 ਦਿਨਾਂ ਵਿੱਚ ਪੱਕਦਾ ਹੈ, ਦਾ ਜ਼ਿਕਰ ਕੀਤਾ।
ਉਨ੍ਹਾਂ ਬੈਂਗਣ ਦੀ ਨਵੀਂ ਕਿਸਮ ਪੀਬੀਐਚਐਲ 56 ਅਤੇ ਤਰਬੂਜ ਦੀ ਨਵੀਂ ਕਿਸਮ ਪੰਜਾਬ ਅੰਮ੍ਰਿਤ ਦੀ ਸਿਫ਼ਾਰਸ਼ ਕੀਤੀ ਅਤੇ ਇਸ ਦੇ ਗੁਣਾਂ ਬਾਰੇ ਦੱਸਿਆ। ਨਿਰਦੇਸ਼ਕ ਖੋਜ ਨੇ ਨਾਲ ਹੀ ਤਰਬੂਜ ਅਤੇ ਜਾਮਣਾਂ ਦੀਆਂ ਨਵੀਆਂ ਸਿਫਾਰਸ਼ ਕੀਤੀਆਂ ਕਿਸਮਾਂ ਦਾ ਵੀ ਜ਼ਿਕਰ ਕੀਤਾ। ਉਤਪਾਦਨ ਤਕਨਾਲੋਜੀ ਵਿੱਚ ਡਾ. ਢੱਟ ਨੇ ਇੱਕ ਨਵੇਂ ਫ਼ਸਲੀ ਚੱਕਰ ਦੀ ਸਿਫ਼ਾਰਸ਼ ਸਾਂਝੀ ਕੀਤੀ ਜੋ ਕਿ ਰਵਾਇਤੀ ਕਣਕ-ਝੋਨੇ ਦੇ ਫ਼ਸਲੀ ਚੱਕਰ ਨਾਲੋਂ ਵੱਧ ਮੁਨਾਫ਼ੇ ਵਾਲਾ ਹੈ। ਇਸ ਤੋਂ ਇਲਾਵਾ ਟੀਂਡਾ ਅਤੇ ਕਿੰਨੂ ਦੀ ਕਾਸ਼ਤ ਸਬੰਧੀ ਨਵੀਆਂ ਉਤਪਾਦਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।
ਪੌਦ ਸੁਰੱਖਿਆ ਤਕਨਾਲੋਜੀ ਵਿੱਚ ਡਾ. ਭੱਟ ਨੇ ਜੈਵਿਕ ਅਤੇ ਗੈਰ-ਜੈਵਿਕ ਹਾਲਤਾਂ ਵਿੱਚ ਝੋਨੇ ਅਤੇ ਬਾਸਮਤੀ ਦੇ ਬੂਟਿਆਂ 'ਤੇ ਟਿੱਡੀਆਂ ਦੇ ਹਮਲੇ, ਮੱਕੀ ਵਿੱਚ ਫਾਲ ਆਰਮੀਵਰਮ ਦੀ ਰੋਕਥਾਮ ਅਤੇ ਛੋਲਿਆਂ ਦੇ ਕੀੜਿਆਂ ਦੇ ਨਿਯੰਤਰਣ ਬਾਰੇ ਸਿਫਾਰਸ਼ਾਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਕੁਦਰਤੀ ਗੁਲਾਲ, ਅੰਜੀਰ ਨੂੰ ਸੁਕਾਉਣ ਅਤੇ ਹੋਰ ਤਕਨੀਕਾਂ ਵਿੱਚ ਸੋਇਆ ਪਾਊਡਰ ਤੋਂ ਤਿਆਰ ਦੁੱਧ ਅਤੇ ਮਿਲਟਸ ਦੀ ਪ੍ਰੋਸੈਸਿੰਗ ਦੀਆਂ ਤਕਨਾਲੋਜੀਆਂ ਬਾਰੇ ਗੱਲ ਕੀਤੀ। ਉਨ੍ਹਾਂ ਝੋਨੇ ਦੀ ਲਵਾਈ ਲਈ ਆਟੋਮੈਟਿਕ ਟਰਾਂਸਪਲਾਂਟਰ ਅਤੇ ਪਰਾਲੀ ਦੀਆਂ ਗੰਢਾਂ ਤੋਂ ਮਲਚਿੰਗ ਬਣਾਉਣ ਵਾਲੀ ਮਸ਼ੀਨ ਨੂੰ ਨਵੀਆਂ ਮਸ਼ੀਨਰੀ ਤਕਨੀਕਾਂ ਵਜੋਂ ਸਿਫਾਰਿਸ਼ ਕੀਤਾ।
Summary in English: Kharif Season 2024: PAU shares crop research recommendations for upcoming Kharif season