1. Home
  2. ਖਬਰਾਂ

ਧੋਖੇ ਤੋਂ ਬਚਣ ਲਈ ਸਿਰਫ਼ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਦੇ ਪ੍ਰਮਾਣਿਤ ਬੀਜਾਂ ਦੀ ਕਾਸ਼ਤ ਕਰੋ: ਗੁਰਮੀਤ ਸਿੰਘ ਖੁੱਡੀਆਂ

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ਼੍ਰ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਖੇਤੀ ਦਾ ਧੰਦਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ ਅਤੇ ਸਾਡਾ ਕਿਸਾਨ ਦਿਨ ਰਾਤ ਇੱਕ ਕਰਕੇ ਦੁਨੀਆਂ ਭਰ ਨੂੰ ਰੋਜ਼਼ੀ- ਰੋਟੀ ਮੁਹੱਈਆ ਕਰ ਰਿਹਾ ਹੈ ਪਰ ਐਨੀ ਮਿਹਨਤ, ਮੁਸ਼ੱਕਤ ਦੇ ਬਾਵਜੂਦ ਉਸ ਨੂੰ ਆਰਥਿਕ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Gurpreet Kaur Virk
Gurpreet Kaur Virk
ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

Kisan Mela 2025: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਂਰ, ਬਠਿੰਡਾ ਵਿਖੇ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸਿ਼ਰਕਤ ਕੀਤੀ। ਇਸ ਕਿਸਾਨ ਮੇਲੇ ਵਿੱਚ ਸ. ਗੁਰਮੀਤ ਸਿੰਘ ਖੁੱਡੀਆਂ, ਮਾਣਯੋਗ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਫੂਡ ਪ੍ਰੋਸੈਸਿੰਗ, ਮੰਤਰੀ ਪੰਜਾਬ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕਿਸਾਨ ਮੇਲੇ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਲੁਧਿਆਣਾ ਨੇ ਕੀਤੀ।

ਡਾ ਗੁਰਦੇਵ ਸਿੰਘ ਖੁਸ਼, ਅੰਤਰਰਾਸ਼ਟਰੀ ਖੇਤੀ ਵਿਗਿਆਨੀ ਅਤੇ ਸ੍ਰ. ਮੋਹਨ ਸਿੰਘ ਜਾਖ਼ੜ, ਮੈਂਬਰ ਪ੍ਰਬੰਧਕੀ ਬੋਰਡ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਡਾ ਗੁਰਜਿੰਦਰਪਾਲ ਸਿੰਘ ਸੋਢੀ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਡਾ ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਡਾ ਕੁਲਦੀਪ ਸਿੰਘ, ਸਹਿਯੋਗੀ ਨਿਰਦੇਸ਼ਕ, ਲੋਕ ਸੰਪਰਕ, ਪੀ.ਏ.ਯੂ. ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰ ਉਚੱ ਅਧਿਕਾਰੀ ਵੀ ਸ਼ਾਮਲ ਸਨ।

ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ਼੍ਰ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਖੇਤੀ ਦਾ ਧੰਦਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ ਅਤੇ ਸਾਡਾ ਕਿਸਾਨ ਦਿਨ ਰਾਤ ਇੱਕ ਕਰਕੇ ਦੁਨੀਆਂ ਭਰ ਨੂੰ ਰੋਜ਼਼ੀ- ਰੋਟੀ ਮੁਹੱਈਆ ਕਰ ਰਿਹਾ ਹੈ ਪਰ ਐਨੀ ਮਿਹਨਤ, ਮੁਸ਼ੱਕਤ ਦੇ ਬਾਵਜੂਦ ਉਸ ਨੂੰ ਆਰਥਿਕ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀ.ਏ.ਯੂ. ਦੇ ਖੇਤੀ ਵਿਗਿਆਨੀਆਂ ਵੱਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਨਾਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਖੇਤੀ ਕਰਨ ਦੀ ਸਲਾਹ ਦਿੱਤੀ। ਗਿਆਨ - ਵਿਗਿਆਨ ਨਾਲ ਖੇਤੀ ਦੇ ਧੰਦੇ ਨੂੰ ਸਿਖ਼ਰਾਂ ਤੇ ਪਹੁੰਚਾਉਣ ਲਈ ਖੇਤੀ ਸਿਖਿਆ ਹਾਸਿਲ ਕਰਨ ਦੀ ਤਾਕੀਦ ਕਰਦਿਆਂ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਪੜ੍ਹ ਲਿਖ ਕੇ ਨੌਕਰੀ ਲੱਭਣ ਦੀ ਥਾਂ ਰੁਜ਼ਗਾਰ ਮੁਹੱਈਆ ਕਰਨ ਵਾਲੇ ਬਣਨ ਲਈ ਕਿਹਾ। ਖੇਤੀ ਦੇ ਨਾਲ- ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਦਿਆਂ ਸ੍ਰ. ਖੁੱਡੀਆਂ ਨੇ ਕਿਹਾ ਕਿ ਆਮਦਨ ਵਿੱਚ ਇਜ਼ਾਫਾ ਕਰਨ ਅਤੇ ਘਰੇਲੂ ਲੋੜਾਂ ਦੀ ਪੂਰਤੀ ਲਈ ਸਾਨੂੰ ਘਰਾਂ ਵਿੱਚ ਪਸ਼ੂ ਪਾਲਣ ਦੀ ਰਿਵਾਇਤ ਨੂੰ ਜਾਰੀ ਰੱਖਣ ਦੀ ਲੋੜ ਹੈ। ਨਕਲੀ ਖਾਦਾਂ, ਬੀਜਾਂ ਅਤੇ ਰਸਾਇਣਾਂ ਨੂੰ ਖਰੀਦਣ ਤੋਂ ਗੁਰੇਜ਼ ਕਰਦਿਆਂ ਉਨ੍ਹਾਂ ਧੋਖੇ ਤੋਂ ਬਚਣ ਲਈ ਸਿਰਫ਼ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਕੀਤੀਆਂ ਕਿਸ਼ਮਾਂ ਦੇ ਪ੍ਰਮਾਣਿਤ ਬੀਜਾਂ ਦੀ ਕਾਸ਼ਤ ਕਰਨ ਲਈ ਕਿਹਾ।

ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਬਠਿੰਡੇ ਦਾ ਇਹ ਜਰਖੇਜ਼ ਇਲਾਕਾ ਕਪਾਹ ਲਈ ਬਹੁਤ ਢੁੱਕਵਾਂ ਹੈ ਜਿਥੇ ਸਾਡੇ ਯੂਨੀਵਰਸਿਟੀ ਦੇ ਖੋਜ ਸਟੇਸ਼ਨ ਨੇ ਕਪਾਹ ਦੀਆਂ ਕਈ ਨਵੀਆਂ ਕਿਸਮਾਂ ਕੱਢੀਆਂ ਹਨ। ਦੇਸੀ ਕਪਾਹ ਦੀਆਂ ਦੋ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹਨਾਂ ਦੇ ਬੀਜ ਪੈਦਾ ਕਰਨ ਦਾ ਕਾਰਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਕਿਸਮਾਂ ਦਾ ਝਾੜ ਵਧੀਆ ਹੈ, ਕੀੜੇੑ ਮਕੌੜੇ ਘੱਟ ਲੱਗਦੇ ਹਨ ਅਤੇ ਇਨ੍ਹਾਂ ਦਾ ਬੀਜ ਕਿਸਾਨ ਆਪ ਵੀ ਪੈਦਾ ਕਰ ਸਕਦੇ ਹਨ। ਕਿਸਾਨ ਮੇਲੇ ਦੇ ਉਦੇਸ਼ “ਨਵੀਆਂ ਖੇਤੀ ਤਕਨੀਕਾਂ ਅਪਣਾਓ, ਖਰਚ ਘਟਾਓ ਝਾੜ ਵਧਾਓ” ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਖੇਤੀ ਲਾਗਤਾਂ ਘਟਾਉਣ ਅਤੇ ਆਮਦਨ ਵਿੱਚ ਵਾਧਾ ਕਰਨ ਦੀ ਲੋੜ ਹੈ ਪਰ ਉਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀਆਂ ਜਾਂਦੀਆਂ ਨਵੀਆਂ ਖੇਤੀ ਤਕਨੀਕਾਂ ਨੂੰ ਅਪਣਾਵਾਂਗੇ ਅਤੇ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਵਿਗਿਆਨਕ ਲੀਹਾਂ ਤੇ ਖੇਤੀ ਕਰਾਂਗੇ।

ਉਨ੍ਹਾਂ ਨੇ ਘਰੇਲੂ ਲੋੜਾਂ ਦੀ ਪੂਰਤੀ ਲਈ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਸਬਜ਼ੀਆਂ, ਸਾਉਣੀ ਦੇ ਚਾਰਿਆਂ ਦੇ ਬੀਜਾਂ, ਤੇਲ ਬੀਜਾਂ ਅਤੇ ਅਤੇ ਮੋਟੇ ਅਨਾਜ਼ਾਂ ਦੀਆਂ ਕਿੱਟਾਂ ਖਰੀਦਣ ਲਈ ਕਿਹਾ। ਖੇਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਜੈਵਿਕ ਖਾਦਾਂ ਬੀਜਣ ਦੀ ਸਿਫ਼ਾਰਿਸ਼ ਕਰਦਿਆਂ ਅਤੇ ਪਰਾਲੀ ਦੀ ਉਚਿਤ ਸਾਂਭ - ਸੰਭਾਲ ਬਾਰੇ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕੰਬਾਇਨ ਦੇ ਅੱਗੇ ਡਰਿੱਲ ਅਤੇ ਪਿੱਛੇ ਐਸੱ ਐਮੱ ਐਸੱ ਲਗਾ ਕੇ ਨਵੀਂ ਮਸ਼ੀਨਰੀ ਵਿਕਸਤ਼ ਕੀਤੀ ਗਈ ਹੈ, ਜਿਸ ਨਾਲ ਝੋਨੇ ਦੀ ਪਰਾਲੀ ਦਾ ਕੁਤਰਾ ਕਰਨ ਅਤੇ ਕਣਕ ਦੀ ਬਿਜਾਈ ਨਾਲੋ ਨਾਲ ਕਰਨ ਵਿੱਚ ਮੱਦਦ ਮਿਲਦੀ ਹੈ। ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਕੀਤੀਆਂ ਜਾਂਦੀਆਂ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀਆਂ ਸਿਫਾਰਿਸ਼ਾਂ, ਪੁਸਤਕਾਂ ਖਰੀਦਣ ਦੀ ਤਾਕੀਦ ਕਰਦਿਆਂ ਉਨ੍ਹਾਂ ਨੇ ਪੀ.ਏ.ਯੂ. ਵੱਲੋਂ ਸ਼ੋਸਲ ਮੀਡੀਆ ਤੇ ਚਲਾਏ ਜਾਂਦੇ ਫੇਸਬੁੱਕ ਲਾਈਵ ਪ੍ਰੋਗਰਾਮ, ਯੂੑਟਿਊਬ ਚੈਨਲਾਂ ਅਤੇ ਖੇਤੀ ਸੰਦੇਸ਼ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: Pashu Palan Mela 2025: ਵੈਟਨਰੀ ਯੂਨੀਵਰਸਿਟੀ ਵੱਲੋਂ 21 ਅਤੇ 22 ਮਾਰਚ ਨੂੰ ‘ਪਸ਼ੂ ਪਾਲਣ ਮੇਲੇ’ ਦਾ ਆਯੋਜਨ

ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

ਝੋਨੇ ਦੇ ਬਾਦਸ਼ਾਹ ਅਤੇ ਨੋਬਲ ਪੁਰਸਕਾਰ ਵਿਜੇਤਾ ਡਾ ਗੁਰਦੇਵ ਸਿੰਘ ਖੁਸ਼ ਨੇ ਕਿਸਾਨਾਂ ਦੇ ਭਰਵੇਂ ਇਕੱਠ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਮਿਹਨਤ ਸਦਕਾ ਹੀ ਹਰੀ ਕ੍ਰਾਂਤੀ ਸੰਭਵ ਹੋ ਸਕੀ। ਉਨ੍ਹਾਂ ਕਿਹਾ ਕਿ ਇਥੇ ਕਣਕ ਝੋਨੇ ਦੀ ਬੰਪਰ ਫ਼ਸਲ ਹੁੰਦੀ ਹੈ ਪਰ ਹੁਣ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਸਾਨੂੰ ਖੇਤੀ ਵੰਨ-ਸੁਵੰਨਤਾ ਵੱਲ ਤੁਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਜੋ ਸਰਕਾਰ ਦਾ ਟੀਚਾ ਹੈ ਉਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਨੂੰ ਵਧਾਵਾਂਗੇ। ਜਲ ਸੋਮਿਆਂ ਦੀ ਸਾਂਭ - ਸੰਭਾਲ ਲਈ ਉਨ੍ਹਾਂ ਨੇ ਤੁਪਕਾ ਸੰਚਾਈ ਕਰਨ ਲਈ ਕਿਹਾ ਕਿਉਕਿ ਇਸ ਨਾਲ 70 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ।

ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਸੁਰੱਖਿਅਤ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਡਾ ਗੁਰਜੀਤ ਸਿੰਘ ਮਾਂਗਟ, ਵਧੀਕ ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਦੱਸਿਆ ਕਿ ਖੇਤੀ ਵਿਗਿਆਨੀਆਂ ਵੱਲੋਂ ਹੁਣ ਤੱਕ 950 ਤੋਂ ਵੱਧ ਕਿਸਮਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 250 ਤੋਂ ਵੱਧ ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਹੋ ਚੁੱਕੀ ਹੈ। ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ 48 ਸਿਫ਼ਾਰਿਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 18 ਕਿਸਮਾਂ ਵੱਖ-ਵੱਖ ਫ਼ਸਲਾਂ, 6 ਕਿਸਮਾਂ ਸਬਜ਼ੀਆਂ ਦੀਆਂ ਅਤੇ 3 ਕਿਸਮਾਂ ਫੁੱਲਾਂ ਦੀਆਂ ਵੀ ਹਨ।

ਇਹ ਵੀ ਪੜ੍ਹੋ: Mission 2047 ਨਾਲ ਭਾਰਤ ਬਣੇਗਾ Organic, Natural ਅਤੇ Profitable, Krishi Jagran ਵੱਲੋਂ ਦਿੱਲੀ ਵਿਖੇ MIONP 'ਤੇ ਅੰਤਰਰਾਸ਼ਟਰੀ ਕਾਨਫਰੰਸ ਅਤੇ ਵਰਕਸ਼ਾਪ

ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਪਰਮਲ ਝੋਨੇ ਦੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੀ.ਆਰ 132, ਮੱਕੀ ਦੀ ਨਵੀਂ ਕਿਸਮ ਪੀ.ਐਮ.ਐਚ 17, ਪੁਦੀਨੇ ਦੀ ਕਿਸਮ, ਮੋਟੇ ਅਨਾਜ਼ ਦੀ ਕਿਸਮ ਪੰਜਾਬ ਕੰਗਨੀ-1, ਆਲੂ ਦੀਆਂ ਦੋ ਕਿਸਮਾਂ ਪੰਜਾਬ ਪੋਟੈਟੋ 103 ਅਤੇ ਪੰਜਾਬ ਪੋਟੈਟੋ 104, ਗੋਭੀ ਅਤੇ ਸੰਤਰੀ ਗਾਜਰ ਦੀ ਨਵੀਂ ਕਿਸਮ ਤੋਂ ਇਲਾਵਾ ਫਰਾਂਸਬੀਨ ਦੀਆਂ ਨਵੀਆਂ ਕਿਸਮਾਂ ਫਰਾਂਸਬੀਨ-1 ਅਤੇ ਫਰਾਂਸਬੀਨ - 2 ਅਤੇ ਰਸਭਰੀ ਦੀਆਂ ਨਵੀਆਂ ਕਿਸਮਾਂ ਪੰਜਾਬ ਰਸਭਰੀ- 1 ਅਤੇ ਪੰਜਾਬ ਰਸਭਰੀ- 2, ਗਰੇਪ ਫਰੂਟ ਅਤੇ ਗੁਲਦਾਉਦੀ ਦੀਆਂ ਕਿਸਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਕਿਸਾਨ ਮੇਲੇ ਵਿੱਚ ਸਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ 1967 ਤੋਂ ਯੂਨੀਵਰਸਿਟੀ ਵੱਲੋਂ ਲਗਾਤਾਰ ਲਗਾਏ ਜਾ ਰਹੇ ਹਾੜ੍ਹੀ ਅਤੇ ਸਾਉਣੀ ਦੇ ਕਿਸਾਨ ਮੇਲਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪੀ.ਏ.ਯੂ. ਕੈਪਂਸ ਵਿਖੇ 21-22 ਮਾਰਚ, 2025 ਨੂੰ ਲੱਗਣ ਵਾਲੇ ਦੋ ਰੋਜ਼ਾਂ ਕਿਸਾਨ ਮੇਲੇ ਵਿੱਚ ਵੱਧ ਚੜ੍ਹ ਕੇ ਸਿ਼ਰਕਤ ਕਰਨ ਦੀ ਅਪੀਲ਼ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਅਤਿੑਆਧੁਨਿਕ ਜਾਣਕਾਰੀ ਹਾਸਿਲ ਕਰਨ ਲਈ ਅਤੇ ਖੇਤੀ ਵਿਗਿਆਨੀਆਂ ਨਾਲ ਰਾਬਤਾ ਕਾਇਮ ਰੱਖਣ ਲਈ ਇਹ ਕਿਸਾਨ ਮੇਲੇ ਬਹੁਤ ਸਹਾਈ ਹੁੰਦੇ ਹਨ, ਜਿਨ੍ਹਾਂ ਵਿੱਚ ਸਾਨੂੰ ਕਿਸਾਨਾਂ ਤੋਂ ਜੋ ਫੀਡ ਬੈਕ ਮਿਲਦਾ ਹੈ ਉਸ ਮੁਤਾਬਿਕ ਖੇਤੀ ਨੂੰ ਨਵੇ ਦਿਸ਼ਾ ਨਿਰਦੇਸ਼ ਦੇਣ ਵਿੱਚ ਸਹਾਇਤਾ ਮਿਲਦੀ ਹੈ।

ਇਹ ਵੀ ਪੜ੍ਹੋ: 19 ਮਾਰਚ ਨੂੰ ਹੋਵੇਗਾ Dr. Gurdev Singh Khush Foundation ਦਾ ਸਾਲਾਨਾ ਪੁਰਸਕਾਰ ਸਮਾਰੋਹ

ਉਨ੍ਹਾਂ ਨੇ ਯੂਨੀਵਰਸਿਟੀ ਦੇ ਵੱਖ - ਵੱਖ ਵਿਭਾਗਾਂ ਵੱਲੋਂ ਲਗਾਈਆਂ ਖੇਤ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਦਾ ਦੌਰਾ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਦੀ ਖੇਤੀ ਸਬੰਧੀ ਵਿਗਿਆਨਕ ਜਾਣਕਾਰੀ ਵਿੱਚ ਵਾਧਾ ਹੋ ਸਕੇ। ਸਹਾਇਕ ਧੰਦਿਆਂ ਵਿਚੋਂ ਹਰ ਰੋਜ਼ ਆਮਦਨ ਹਾਸਿਲ ਕਰਨ ਲਈ ਡਾ ਭੁੱਲਰ ਨੇ ਖੇਤੀ ਦੇ ਨਾਲ-ਨਾਲ ਮਧੂ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ ਕਰਨ, ਮੁਰਗੀ ਪਾਲਣ ਵਰਗੇ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ ਅਤੇ ਇਸ ਸਬੰਧੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਂਰਾਂ ਵੱਲੋਂ ਲਗਾਈਆਂ ਜਾਂਦੀਆਂ ਮੁਫ਼ਤ ਸਿਖਲਾਈਆਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਕੇਦਂਰ ਵੱਲੋਂ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਜਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰੋ ਸ੍ਰ. ਗੁਰਪ੍ਰੀਤ ਸਿੰਘ ਸਪੁੱਤਰ ਸ਼੍ਰ. ਜੈ ਸਿੰਘ ਵਾਸੀ ਪਿੰਡ ਤੁੜ, ਜਿਲ੍ਹਾ ਤਰਨਤਾਰਨ ਨੂੰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਡਾ ਤੇਜਿ਼ਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਕੀਤੀਆਂ ਗਈਆਂ ਪੁਸ਼ਤਕਾਂ ਪੰਤਵੰਤਿਆਂ ਤੋਂ ਰਲੀਜ਼ ਕਰਵਾਈਆਂ।

ਮੰਚ ਸੰਚਾਲਣ ਕਰਦਿਆਂ ਡਾ ਗੁਰਜਿੰਦਰ ਸਿੰਘ ਰੋਮਾਣਾ, ਪ੍ਰਮੁੱਖ ਵਿਗਿਆਨੀ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਸ਼ੋਸਲ ਮੀਡੀਆ ਨਾਲ ਵੱਧ ਤੋਂ ਵੱਧ ਜੁੜਨ ਲਈ ਫੋਨ ਨੰ: 82880-57707 ਤੇ ਮਿਸਡ ਕਾਲ ਦੇਣ ਲਈ ਕਿਹਾ ਤਾਂ ਜੋ ਉਨ੍ਹਾਂ ਤੱਕ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਖੋਜ ਸਬੰਧੀ ਅਤਿ-ਆਧੁਨਿਕ ਜਾਣਕਾਰੀ ਮੋਬਾਇਲ ਫੋਨ ਰਾਹੀਂ ਉਨ੍ਹਾਂ ਤੱਕ ਪਹੁੰਚ ਸਕੇ।

ਧੰਨਵਾਦ ਦੇ ਸ਼ਬਦ ਕਹਿੰਦਿਆਂ ਖੇਤਰੀ ਖੋਜ ਕੇਦਂਰ, ਬਠਿੰਡਾ ਦੇ ਨਿਰਦੇਸ਼ਕ ਡਾ ਕਰਮਜੀਤ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਤੋਂ ਖੇਤੀ ਸਿੱਖਿਆ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਗਿਆਨ ਵਿਗਿਆਨ ਨਾਲ ਖੇਤੀ ਦੇ ਧੰਦੇ ਨੂੰ ਹੋਰ ਸਿਖ਼ਰਾਂ ਤੇ ਪਹੁੰਚਾਇਆ ਜਾ ਸਕੇ।

Summary in English: Kisan Mela: To avoid fraud, cultivate only certified seeds of varieties recommended by PAU: Gurmeet Singh Khuddian

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters