ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵਲੋਂ ਇਕ 10 ਦਿਨਾਂ ਦਾ ਈ-ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਵਿਸ਼ਾ ਹੈ ’ਜਲ ਜੀਵ ਪਾਲਣ ਦੇ ਟਿਕਾਊਪਨ ਸੰਬੰਧੀ ਜਲ ਜੀਵ ਸਿਹਤ ਅਤੇ ਵਾਤਾਵਰਣ ਪ੍ਰਬੰਧਨ ਸੰਬੰਧੀ ਨਵੀਨ ਨੁਕਤੇ’।ਇਹ ਪ੍ਰੋਗਰਾਮ ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਭਾਰਤ ਸਰਕਾਰ ਦੇ ਮੱਛੀ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੀ ਸਰਪ੍ਰਸਤੀ ਅਧੀਨ ਕਰਵਾਇਆ ਜਾ ਰਿਹਾ ਹੈ।
ਸਿਖਲਾਈ ਪ੍ਰੋਗਰਾਮ ਦੇ ਆਰੰਭ ਵਿਚ ਕਾਲਜ ਦੇ ਡੀਨ, ਡਾ. ਮੀਰਾ ਡੀ ਆਂਸਲ ਨੇ ਦੱਸਿਆ ਕਿ ਇਸ ਸਿਖਲਾਈ ਲਈ 605 ਉਮੀਦਵਾਰਾਂ ਨੇ ਬਿਨੈ-ਪੱਤਰ ਦਿੱਤੇ ਸਨ।ਜਿਨ੍ਹਾਂ ਵਿਚੋਂ 90 ਉਮੀਦਵਾਰਾਂ ਦੀ ਚੋਣ ਉਨ੍ਹਾਂ ਦੇ ਤਜਰਬੇ, ਕਾਰਜ ਅਤੇ ਸੰਬੰਧਿਤ ਖੇਤਰ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਜਿੰਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਮਾਹਿਰ ਸਿਖਲਾਈ ਦੇਣਗੇ।
ਸਮਾਗਮ ਦੇ ਮੁੱਖ ਮਹਿਮਾਨ, ਡਾ. ਜੇ ਕੇ ਜੇਨਾ, ਉਪ-ਮਹਾਂਨਿਰਦੇਸ਼ਕ (ਮੱਛੀ ਵਿਗਿਆਨ) ਭਾਰਤੀ ਖੇਤੀ ਖੋਜ ਪਰਿਸ਼ਦ ਨੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਲਈ ਇਹ ਬੜੀ ਸੁਭਾਗੀ ਗੱਲ ਹੈ ਕਿ ਉਨ੍ਹਾਂ ਨੇ ਆਲਮੀ ਪ੍ਰਸਿੱਧੀ ਦੇ ਵਿਗਿਆਨੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਪ੍ਰਤੀਭਾਗੀਆਂ ਨੂੰ ਮੰਚ ਮੁਹੱਈਆ ਕਰਵਾਇਆ ਹੈ।ਉਨ੍ਹਾਂ ਕਿਹਾ ਕਿ ਅਜਿਹੇ ਨਿਰੰਤਰ ਯਤਨਾਂ ਨਾਲ ਅਸੀਂ ਮੁਲਕ ਵਿਚ 2024-25 ਦੌਰਾਨ 22 ਮਿਲੀਅਨ ਟਨ ਮੱਛੀ ਉਤਪਾਦਨ ਕਰਨ ਦਾ ਟੀਚਾ ਪੂਰਾ ਕਰ ਲਵਾਂਗੇ।ਸਮਾਗਮ ਦੇ ਪਤਵੰਤੇ ਮਹਿਮਾਨ. ਡਾ. ਮਦਨ ਮੋਹਨ, ਨਿਰਦੇਸ਼ਕ ਅਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਨੇ ਜਲ ਜੀਵਾਂ ਦੇ ਖੇਤਰ ਵਿਚ ਸਿਹਤ ਪ੍ਰਬੰਧਨ ਦੀ ਮਹੱਤਤਾ ਸੰਬੰਧੀ ਰੋਸ਼ਨੀ ਪਾਈ ਅਤੇੇ ਭਾਰਤੀ ਖੇਤੀ ਖੋਜ ਪਰਿਸ਼ਦ ਤੇ ਵੈਟਨਰੀ ਯੂਨੀਵਰਸਿਟੀ ਦੇ ਸਾਂਝੇ ਯਤਨ ਲਈ ਉਚੇਚੀ ਸ਼ਲਾਘਾ ਕੀਤੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਵੈਟਨਰੀ ਯੂਨੀਵਰਸਿਟੀ ਨੇ ਭਵਿੱਖ ਦੀਆਂ ਖੋਜ ਅਤੇ ਵਿਕਾਸ ਯੋਜਨਾਵਾਂ ਬਾਰੇ ਚਰਚਾ ਕੀਤੀ ਜਿਸ ਨਾਲ ਕਿ ਇਸ ਖੇਤਰ ਵਿਚ ਮੱਛੀ ਪਾਲਣ ਰਾਹੀਂ ਵਿਭਿੰਨਤਾ ਨੂੰ ਉਤਸਾਹਿਤ ਕੀਤਾ ਜਾ ਸਕੇ।ਉਨ੍ਹਾਂ ਨੇ ਯੂਨੀਵਰਸਿਟੀ ਨੂੰ ਇਸ ਕਾਰਜ ਲਈ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਅਧੀਨ ਮਿਲੇ 1.39 ਕਰੋੜ ਦੇ ਪ੍ਰਾਜੈਕਟ ਨੂੰ ਵੀ ਇਕ ਮਹੱਤਵਪੂਰਣ ਉਪਲਬਧੀ ਦੱਸਿਆ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਸਿਹਤ, ਭੋਜਨ ਅਤੇ ਵਾਤਾਵਰਣ ਸੁਰੱਖਿਆ ਅਤੇ ਪ੍ਰਬੰਧਨ ਦੇ ਵਿਸ਼ਿਆਂ ਨੂੰ ਭਵਿੱਖੀ ਦਿ੍ਰਸ਼ਟੀ ਰਾਹੀਂ ਧਿਆਨ ਵਿਚ ਰਖ ਕੇ ਉਮੀਦਵਾਰਾਂ ਨੂੰ ਸਿੱਖਿਅਤ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਮੱਛੀ ਪਾਲਣ ਦੇ ਖੇਤਰ ਵਿਚ ਸਾਨੂੰ ਵਿਭਿੰਨਤਾ, ਏਕੀਕਰਣ, ਨਵੀਨਤਮ ਤਕਨਾਲੋਜੀਆਂ ਦੀ ਵਰਤੋਂ ਦੇ ਨਾਲ ਇਕ ਸਿਹਤ ਦੇ ਸੰਕਲਪ ਨੂੰ ਵੀ ਵਿਚਾਰਨਾ ਲੋੜੀਂਦਾ ਹੈ ਤਾਂ ਜੋ ਮਾਨਵਤਾ ਨੂੰ ਬਿਹਤਰ ਵਾਤਾਵਰਣ ਦਿੱਤਾ ਜਾ ਸਕੇ।
ਇਸ ਸ਼ੁਰੂਆਤੀ ਸਮਾਗਮ ਸੰਬੰਧੀ ਡਾ. ਸ਼ਾਂਤਨਾਗੌੜਾ, ਅਨੁਜ ਤਿਆਗੀ, ਨਵੀਨ ਕਮਾਰ ਨੇ ਮਹੱਤਵਪੂਰਣ ਸਹਿਯੋਗ ਦਿੱਤਾ ਅਤੇ ਵਿਭਾਗ ਮੁਖੀ, ਡਾ. ਵਨੀਤ ਇੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Launched training program on aquatic health management at Veterinary University