1. Home
  2. ਖਬਰਾਂ

Surface Seeder Machine ਦਾ ਉਤਪਾਦਨ ਕਰਨ ਲਈ 4 ਫਰਮਾਂ ਨੂੰ ਲਾਈਸਿੰਸ ਜਾਰੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪਹਿਲੇ ਗੇੜ ਦੌਰਾਨ ਸਰਫੇਸ ਸੀਡਰ ਮਸ਼ੀਨ ਦਾ ਉਤਪਾਦਨ ਕਰਨ ਲਈ 4 ਫਰਮਾਂ ਨੂੰ ਲਾਈਸਿੰਸ ਜਾਰੀ ਕੀਤੇ।

Gurpreet Kaur Virk
Gurpreet Kaur Virk
4 ਫਰਮਾਂ ਨੂੰ ਲਾਈਸਿੰਸ ਜਾਰੀ

4 ਫਰਮਾਂ ਨੂੰ ਲਾਈਸਿੰਸ ਜਾਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਵਿਕਸਿਤ ਕੀਤੀ ਨਵੇਕਲੀ ਸਰਫੇਸ ਸੀਡਰ ਨਾਮਕ ਮਸ਼ੀਨ ਦਾ ਉਤਪਾਦਨ ਕਰਨ ਦੇ ਅਧਿਕਾਰ, ਅਧਿਕਾਰਿਤ ਲਾਈਸੈਂਸ ਰਾਹੀਂ 4 ਖੇਤੀ ਮਸ਼ੀਨਰੀ ਨਿਰਮਾਤਾਵਾਂ ਨੂੰ ਦਿੱਤੇ ਗਏ।

ਇਹਨਾਂ ਨਿਰਮਾਤਾਵਾਂ ਵਿੱਚ ਮੈਸ ਥਿੰਦ ਮਸ਼ਿਨਰੀ ਵਰਕਸ, ਅੰਮਿ੍ਤਸਰ; ਮੈਸ ਕੇ ਐਸ ਐਗਰੋਟੈਕ, ਮਲੇਰਕੋਟਲਾ; ਮੈਸ ਅਮਰੀਕ ਐਗਰੀਕਲਚਰ ਇੰਡਸਟਰੀ, ਬਟਾਲਾ ਅਤੇ ਕਿਸਾਨ ਐਗਰੀਕਲਚਰ ਵਰਕਸ, ਤਲਵੰਡੀ ਭਾਈ ਸ਼ਾਮਿਲ ਹਨ। ਇਹਨਾਂ ਫਰਮਾਂ ਨਾਲ ਸਮਝੌਤੇ ਦੀ ਰਸਮ ਮਾਨਯੋਗ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਦੀ ਹਾਜਰੀ ਵਿੱਚ ਹੋਈ। ਡਾ ਗੋਸਲ ਨੇ ਲਾਈਸੈਂਸ ਲੈਣ ਵਾਲੀਆਂ ਇਹਨਾਂ ਚਾਰੇ ਫਰਮਾਂ ਨੂੰ ਸਰਫੇਸ ਸੀਡਰ ਦਾ ਵਪਾਰਕ ਪੱਧਰ ਤੇ ਮਿਆਰੀ ਨਿਰਮਾਣ ਕਰਨ ਲਈ ਕਿਹਾ ਅਤੇ ਸ਼ੁਭ ਕਾਮਨਾਵਾਂ ਦਿੱਤੀਆ।

ਇਸ ਮੌਕੇ ਤੇ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਡਾ ਅਜਮੇਰ ਸਿੰਘ ਢੱਟ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸਰਫੇਸ ਸੀਡਰ ਤਕਨੀਕ ਅੱਜ ਤੱਕ ਦੀ ਪਰਾਲੀ ਖੇਤਾਂ ਵਿੱਚ ਹੀ ਮੱਲਚ ਦੇ ਰੂਪ ਵਿੱਚ ਸਾਂਭਣ ਅਤੇ ਕਣਕ ਬੀਜਣ ਦੀ ਸਭ ਤੋਂ ਸਰਲ, ਸਸਤੀ ਅਤੇ ਸਟੀਕ ਤਕਨੀਕ ਹੈ। ਇਸ ਮਸ਼ੀਨ ਵਰਤਕੇ 700-800 ਰੁਪਏ ਦੇ ਖਰਚੇ ਨਾਲ ਇੱਕ ਏਕੜ ਕਣਕ ਬੀਜੀ ਜਾ ਸਕਦੀ ਹੈ ਅਤੇ ਵੱਡੇ ਟਰੈਕਟਰ ਦੀ ਵੀ ਲੋੜ ਨਹੀਂ ਪੈਂਦੀ। ਇਸ ਤਰੀਕੇ ਨਾਲ ਕਣਕ ਦੀ ਬਿਜਾਈ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਮੇਂ ਸਿਰ ਕੀਤੀ ਜਾ ਸਕਦੀ ਹੈ।

ਇਹ ਮਸ਼ੀਨ ਤਕਰੀਬਨ 40 ਮਿੰਟ ਵਿੱਚ 1 ਏਕੜ ਦੀ ਬਿਜਾਈ ਕਰ ਦਿੰਦੀ ਹੈ। ਉਹਨਾਂ ਕਿਸਾਨਾਂ ਨੂੰ ਅਗਾਹ ਕੀਤਾ ਕਿ ਕਣਕ ਦੀ ਬਿਜਾਈ ਸਮੇਂ ਖੇਤ ਦਾ ਸੁੱਕਾ ਹੋਣਾ ਜਰੂਰੀ ਹੈ, ਜਿਸ ਵਾਸਤੇ ਝੋਨੇ ਦਾ ਅਖੀਰਲਾ ਪਾਣੀ ਸਮੇਂ ਸਿਰ ਬੰਦ ਕਰ ਦੇਵੋ। ਬਿਜਾਈ ਉਪਰੰਤ ਬੀਜ ਨੂੰ ਪਰਾਲੀ ਨਾਲ ਚੰਗੀ ਤਰਾਂ ਢੱਕਣਾ ਯਕੀਨੀ ਬਣਾਉਂਦੇ ਹੋਏ ਤੁਰੰਤ ਹਲਕਾ ਪਾਣੀ ਲਗਾਓ ਅਤੇ ਪਾਣੀ ਨੂੰ ਖੇਤ ਵਿੱਚ ਖੜਨ ਨਾ ਦੇਵੋ। ਉਨ੍ਹਾਂ ਆਸ ਕੀਤੀ ਕਿ ਇਸ ਤਕਨੀਕ ਨੂੰ ਅਪਨਾਉਣ ਨਾਲ ਜਿੱਥੇ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਹੱਲ ਹੋਵੇਗਾ, ਉੱਥੇ ਜਮੀਂਨ ਦੀ ਸਿਹਤ ਦਾ ਵੀ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ: Punjab Kisan Melas: ਉਭਰਦੇ ਉੱਦਮੀਆਂ ਲਈ ਕਾਮਯਾਬੀ ਦੀ ਚਾਬੀ "ਕਿਸਾਨ ਮੇਲੇ"

ਡਾ ਗੁਰਸਾਹਿਬ ਸਿੰਘ, ਅਪਰ ਨਿਰਦੇਸ਼ਕ ਖੋਜ (ਫਾਰਮ ਮਸ਼ੀਨਰੀ) ਨੇ ਦੱਸਿਆ ਕਿ ਪੰਜਾਬ ਸਰਕਾਰ ਇਹ ਮਸ਼ੀਨ ਖਰੀਦਣ ਲਈ ਸਹਿਕਾਰੀ ਸਭਾਵਾਂ ਤੇ ਕਿਸਾਨ ਸਮੂਹਾਂ ਨੂੰ 64000/- ਅਤੇ ਨਿੱਜੀ ਕਿਸਾਨਾਂ ਨੂੰ 40000/- ਰੁਪਏ ਦੀ ਸਬਸਿਡੀ ਦੇ ਰਹੀ ਹੈ। ਇਸ ਮੌਕੇ ਡਾ ਗੁਰਜੀਤ ਸਿੰਘ ਮਾਂਗਟ, ਅਪਰ ਨਿਰਦੇਸ਼ਕ ਖੋਜ (ਕਰਾਪ ਇੰਪਰੂਵਮੈਂਟ), ਡਾ ਪੁਸ਼ਪਿੰਦਰ ਸਿੰਘ ਅਪਰ ਨਿਰਦੇਸ਼ਕ ਖੋਜ (ਪੌਦ ਸੁਰੱਖਿਆ), ਡਾ ਮੱਖਣ ਸਿੰਘ ਭੁੱਲਰ, ਮੁਖੀ ਫ਼ਸਲ ਵਿਗਿਆਨ ਵਿਭਾਗ, ਡਾ ਮਹੇਸ਼ ਨਾਰੰਗ, ਮੁਖੀ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਅਤੇ ਡਾ ਜਸਬੀਰ ਸਿੰਘ ਗਿੱਲ ਹਾਜਰ ਸਨ। ਇਸ ਰਸਮ ਦੀ ਸਾਰੀ ਕਾਰਵਾਈ ਯੂਨੀਵਰਸਿਟੀ ਦੇ ਤਕਨਾਲੋਜੀ ਮਾਰਕੀਟਿੰਗ ਅਤੇ ਆਈ ਪੀ ਆਰ ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ ਖੁਸ਼ਦੀਪ ਧਾਰਨੀ ਵੱਲੋਂ ਆਜੋਜਿਤ ਕੀਤੀ ਗਈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: License issued to 4 firms to produce Surface Seeder Machine

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters