Paddy Sowing: ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਜਗਰਾਓਂ ਦੇ ਪਿੰਡ ਸ਼ੇਖਪੁਰ ਖੁਰਦ ਵਿਚ ਮੈਟ ਟਾਈਪ ਪਨੀਰੀ ਦੇ ਪ੍ਰਦਰਸ਼ਨ ਲਈ ਇਕ ਖੇਤ ਦਿਵਸ ਕਰਵਾਇਆ। ਇਸ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁਲੱਰ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਅਨੂਪ ਕੁਮਾਰ ਦੀਕਸ਼ਿਤ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਾਮਿਲ ਹੋਏ।
ਜ਼ਿਕਰਯੋਗ ਹੈ ਕਿ ਇਸ ਮਸ਼ੀਨ ਨੂੰ ਸ. ਅਵਤਾਰ ਸਿੰਘ ਨਾਮੀ ਕਿਸਾਨ ਨੇ ਪਿਛਲੇ ਸਾਲ ਖਰੀਦਿਆ ਸੀ ਅਤੇ ਉਹ ਕਿਰਾਏ 'ਤੇ ਚਲਾਉਂਦੇ ਹਨ। ਚਾਲੂ ਸਾਉਣੀ ਸੀਜ਼ਨ ਦੌਰਾਨ ਉਹਨਾਂ ਨੇ 600 ਏਕੜ ਦੇ ਕਰੀਬ ਮੈਟ ਟਾਈਪ ਪਨੀਰੀ ਦੀ ਬਿਜਾਈ ਕੀਤੀ ਹੈ ਅਤੇ ਅਜੇ ਵੀ ਇਹ ਮਸ਼ੀਨ 15 ਦਿਨ ਹੋਰ ਚਲ ਸਕਦੀ ਹੈ। ਡਾ. ਦੀਕਸ਼ਤ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਮਸ਼ੀਨ ਨੂੰ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਵਿਕਸਿਤ ਕੀਤਾ ਗਿਆ ਸੀ।
ਇਸ ਮਸ਼ੀਨ ਦੇ ਸਹਿ ਖੋਜੀ ਡਾ. ਗੁਰਸਾਹਿਬ ਸਿੰਘ ਮਨੇਸ ਨੇ ਦੱਸਿਆ ਕਿ ਆਮਤੌਰ 'ਤੇ ਮਸ਼ੀਨੀ ਢੰਗ ਨਾਲ ਪਨੀਰੀ ਲਾਉਣ ਲਈ ਵੀ ਪਨੀਰੀ ਨੂੰ ਰਵਾਇਤੀ ਤਰੀਕੇ ਨਾਲ ਪੈਦਾ ਕਰਨਾ ਪੈਂਦਾ ਹੈ। ਮੈਟ ਟਾਈਪ ਪਨੀਰੀ ਪੈਦਾ ਕਰਨ ਦਾ ਹੱਥੀਂ ਤਰੀਕਾ ਬਹੁਤ ਪੇਚੀਦਾ ਅਤੇ ਕਈ ਪ੍ਰਕਿਰਿਆਵਾਂ ਚੋਂ ਲੰਘਣ ਵਾਲਾ ਹੈ। ਉਹਨਾਂ ਕਿਹਾ ਕਿ ਮੈਟ ਟਾਈਪ ਪਨੀਰੀ ਦੀ ਬਿਜਾਈ ਲਈ ਚੰਗੀ ਤਰ੍ਹਾਂ ਦਾ ਸੀਟ ਬੈੱਡ ਤਿਆਰ ਕਰਨਾ ਪੈਂਦਾ ਹੈ। 50-60 ਗੇਜ ਦੀ ਮੋਟੀ ਪਲਾਸਟਿਕ ਦੀ ਸ਼ੀਟ ਜੋ ਇਕ ਮੀਟਰ ਚੌੜੀ ਹੋਵੇ ਨੂੰ ਖੇਤ ਵਿਚ ਵਿਛਾ ਕੇ ਦੋ ਸੈਟੀਮੀਟਰ ਉੱਚੇ ਲੋਹੇ ਦੇ ਪਾਈਪ ਕਤਾਰਾਂ ਵਿਚ ਪਲਾਸਟਿਕ ਸ਼ੀਟ ਉੱਤੇ ਟਿਕਾ ਦਿੱਤੇ ਜਾਂਦੇ ਹਨ। ਇਸ ਫਰੇਮ ਦੇ ਆਸੇ-ਪਾਸਿਓ ਮਿੱਟੀ ਨਾਲ ਢੱਕ ਕੇ ਪਲਾਸਟਿਕ ਸ਼ੀਟ ਉੱਤੇ ਖਾਨੇ ਬਣਾ ਦਿੱਤੇ ਜਾਂਦੇ ਹਨ।
ਪੁੰਗਰਣ ਤੋਂ ਪਹਿਲਾਂ ਬੀਜਾਂ ਨੂੰ ਸ਼ੀਟ ਉੱਪਰ ਹੱਥਾਂ ਨਾਲ ਇਕਸਾਰ ਫੈਲਾ ਦਿੱਤਾ ਜਾਂਦਾ ਹੈ। ਬੀਜਾਂ ਨੂੰ ਮਿੱਟੀ ਦੀ ਪਤਲੀ ਪਰਤ ਨਾਲ ਢੱਕ ਕੇ ਹੱਥੀਂ ਸਪਰੇਅ ਕਰਕੇ ਛਿੜਕਾਅ ਕੀਤਾ ਜਾਂਦਾ ਹੈ। ਦੋ ਬੰਦੇ ਇਕ ਦਿਨ ਵਿਚ ਦੋ ਹੈਕਟੇਅਰ ਲਈ ਪਨੀਰੀ ਦੀ ਬਿਜਾਈ ਕਰ ਸਕਦੇ ਹਨ। ਟਰੈਕਟਰ ਨਾਲ ਚੱਲਣ ਵਾਲੀ ਮੈਟ ਟਾਈਪ ਨਰਸਰੀ ਬਿਜਾਈ ਮਸ਼ੀਨ ਕਈ ਕੰਮ ਇੱਕੋ ਸਮੇਂ ਕਰਦੀ ਹੈ ਅਤੇ ਉਹ ਸੌਖੇ ਤਰੀਕੇ ਨਾਲ ਤੇਜ਼ ਅਤੇ ਮਜ਼ਦੂਰੀ ਦੀ ਬੱਚਤ ਕਰਨ ਵਾਲਾ ਤਰੀਕਾ ਹੈ। ਮਸ਼ੀਨ ਨਾਲ ਇਕ ਏਕੜ ਦੀ ਪਨੀਰੀ ਲਈ 10-12 ਕਿੱਲੋ ਬੀਜ ਦੀ ਲੋੜ ਪੈਂਦੀ ਹੈ। ਮਸ਼ੀਨ ਇੱਕੋ ਦਿਨ ਵਿਚ ਵੱਡੇ ਰਕਬੇ ਉੱਤੇ ਪਨੀਰੀ ਬੀਜ ਸਕਦੀ ਹੈ। ਇਸ ਨਾਲ ਕੰਮ 70-75 ਪ੍ਰਤੀਸ਼ਤ ਸਸਤਾ ਪੈਂਦਾ ਹੈ ਅਤੇ ਮਜ਼ਦੂਰੀ ਦੀ 80-85 ਪ੍ਰਤੀਸ਼ਤ ਬੱਚਤ ਹੋ ਜਾਂਦੀ ਹੈ। ਇਸ ਮੌਕੇ ਡਾ. ਅਸੀਮ ਵਰਮਾ, ਇੰਜ: ਅਰਸ਼ਦੀਪ ਸਿੰਘ ਨੇ ਵੀ ਕੁਝ ਤਕਨੀਕੀ ਨੁਕਤਿਆਂ ਬਾਰੇ ਗੱਲ ਕਰਦਿਆਂ ਇਸ ਮਸ਼ੀਨ ਦੀ ਵਰਤੋਂ ਦੇ ਢੰਗ ਕਿਸਾਨਾਂ ਨੂੰ ਦੱਸੇ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਗੋਸਲ ਨੇ ਮਸ਼ੀਨ ਦੇ ਪ੍ਰਦਰਸ਼ਨ ਤੇ ਖੁਸ਼ੀ ਜ਼ਾਹਿਰ ਕੀਤੀ| ਉਹਨਾਂ ਆਪਣੀ ਟਿੱਪਣੀ ਵਿਚ ਕਿਹਾ ਕਿ ਇਸ ਮਸ਼ੀਨ ਨਾਲ ਝੋਨੇ ਦੀ ਸਮੇਂ ਸਿਰ ਬਿਜਾਈ ਵੱਡੇ ਪੱਧਰ ਤੇ ਕੀਤੀ ਜਾ ਸਕਦੀ ਹੈ ਜਿਸ ਨਾਲ ਮਜ਼ਦੂਰੀ ਦੀ ਕਿੱਲਤ ਦੇ ਸਮੇਂ ਵਿਚ ਕਿਸਾਨ ਨੂੰ ਲਾਭ ਹੋ ਸਕਦਾ ਹੈ। ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਇਸ ਮਸ਼ੀਨ ਨੂੰ ਕਿਸਾਨਾਂ ਨੇ ਵੱਡੀ ਪੱਧਰ ਤੇ ਅਪਣਾਇਆ ਹੈ। ਡਾ. ਮੱਖਣ ਸਿੰਘ ਭੁੱਲਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਮਸ਼ੀਨ ਦੀ ਪ੍ਰਵਾਨਗੀ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹ ਮਸ਼ੀਨ ਝੋਨੇ ਦੀ ਬਿਜਾਈ ਵਿਚ ਵੱਡਾ ਬਦਲਾਅ ਲਿਆਉਣ ਦੇ ਸਮਰੱਥ ਹੈ।
ਇਸ ਮਸ਼ੀਨ ਦੇ ਵਪਾਰੀਕਰਨ ਲਈ ਪੀ.ਏ.ਯੂ. ਨਾਲ ਸਮਝੌਤਾ ਕਰਨ ਵਾਲੇ ਸ਼੍ਰੀ ਰਣਧੀਰ ਸਿੰਘ, ਮੈਸ. ਰਾਜੜ ਐਗਰੀ ਵਰਕਸ ਮੁੱਲਾਂਪੁਰ ਨੇ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ ਪੀ ਵਿਚ 12 ਮਸ਼ੀਨਾਂ ਵੇਚੀਆਂ ਹਨ। ਕਿਸਾਨ ਹਰਨੇਕ ਸਿੰਘ ਜਿਨ੍ਹਾਂ ਨੇ ਪਿਛਲੇ ਸਾਲ ਇਸ ਤਕਨੀਕ ਨੂੰ ਅਪਣਾਇਆ ਸੀ, ਇਸ ਮਸ਼ੀਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆਏ। ਇਸ ਮੌਕੇ ਡਾ. ਜਸਵੀਰ ਸਿੰਘ ਗਿੱਲ ਅਤੇ ਇੰਜ: ਰਾਕੇਸ਼ ਕੁਮਾਰ ਵੀ ਮੌਜੂਦ ਸਨ।
Summary in English: MAT TYPE NURSERY SEEDER: Machine sowing of paddy is 70-75 percent cheaper and 80-85 percent labor saving: Dr. Gursahib Singh Manes