ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿੱਚ ਬੀਤੇ ਦਿਨੀਂ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਐੱਸ ਬੁੱਟਰ ਅਤੇ ਅਪਰ ਨਿਰਦੇਸ਼ਕ ਖੋਜ ਡਾ. ਪੀ ਪੀ ਐੱਸ ਪੰਨੂ ਦੀ ਪ੍ਰਧਾਨਗੀ ਹੇਠ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ । ਇਸ ਮੀਟਿੰਗ ਵਿੱਚ ਇਲਾਕੇ ਦੇ ਅਗਾਂਹਵਧੂ ਕਿਸਾਨ ਅਤੇ ਕਿਸਾਨ ਬੀਬੀਆਂ ਸ਼ਾਮਿਲ ਹੋਏ ।
ਡਾ. ਜੀ ਐੱਸ ਬੁੱਟਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਧੇਰੇ ਆਮਦਨ ਅਤੇ ਮੁਨਾਫ਼ੇ ਲਈ ਖੇਤੀ ਉਤਪਾਦਾਂ ਦੀ ਪੈਕੇਜਿੰਗ ਅਤੇ ਪ੍ਰੋਸੈਸਿੰਗ ਉੱਪਰ ਜ਼ੋਰ ਦਿੱਤਾ । ਉਹਨਾਂ ਨੇ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਪਰਾਲੀ ਦੀ ਵਾਤਾਵਰਨ ਪੱਖੀ ਸੰਭਾਲ ਲਈ ਉਤਸ਼ਾਹਿਤ ਕਰਨ । ਉਹਨਾਂ ਇਹ ਵੀ ਸਲਾਹ ਦਿੱਤੀ ਕਿ ਸ਼ਹਿਰੀ ਖੇਤਰਾਂ ਵਿੱਚ ਪੀ.ਏ.ਯੂ. ਦੇ ਮਿੱਟੀ ਰਹਿਤ ਛੱਤ ਬਗੀਚੀ ਮਾਡਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਸਸਤੇ ਭਾਅ ਤੇ ਰਸਾਇਣਾਂ ਤੋਂ ਮੁਕਤ ਸਬਜ਼ੀਆਂ ਲੋਕਾਂ ਦੇ ਭੋਜਨ ਵਿੱਚ ਸ਼ਾਮਿਲ ਹੋ ਸਕਣ ।
ਡਾ. ਪੀ ਪੀ ਐੱਸ ਪੰਨੂ ਨੇ ਸਥਾਨਕ ਕਿਸਾਨਾਂ ਨੂੰ ਸ਼ਹਿਦ ਅਤੇ ਗੁੜ ਵਰਗੇ ਉਤਪਾਦਾਂ ਦੀ ਵਿਕਰੀ ਲਈ ਸਵੈ ਮੰਡੀਕਰਨ ਵਿਧੀਆਂ ਅਪਨਾਉਣ ਲਈ ਕਿਹਾ । ਉਹਨਾਂ ਇਹ ਵੀ ਕਿਹਾ ਕਿ ਇਹਨਾਂ ਉਤਪਾਦਾਂ ਨੂੰ ਕਿਸਾਨ ਸਮੂਹਾਂ ਨਾਲ ਜੁੜ ਕੇ ਵੱਧ ਮੁਨਾਫ਼ਾ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ, ਡੇਅਰੀ ਵਿਭਾਗ, ਬਾਗਬਾਨੀ, ਭੂਮੀ ਅਤੇ ਪਾਣੀ ਸੰਭਾਲ, ਵੇਰਕਾ ਮਿਲਕ ਪਲਾਂਟ ਅਤੇ ਲੀਡ ਬੈਂਕ ਦੇ ਪ੍ਰਤੀਨਿਧ ਹਾਜ਼ਰ ਸਨ ।
ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਸਹਿਯੋਗੀ ਨਿਰਦੇਸ਼ਕ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਕਮੇਟੀ ਦੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ । ਡਾ. ਵਿਨੈ ਸਿੰਘ ਨੇ ਸਲਾਨਾ ਕਾਰਵਾਈ ਰਿਪੋਰਟ ਪੇਸ਼ ਕੀਤੀ । ਡਾ. ਗੁਰਮੀਤ ਸਿੰਘ ਢਿੱਲੋਂ ਨੇ ਆਉਣ ਵਾਲੇ ਸਾਲ ਲਈ ਯੋਜਨਾਵਾਂ ਦਾ ਖਾਕਾ ਪੇਸ਼ ਕੀਤਾ ।
ਡਾ. ਬੁੱਟਰ ਅਤੇ ਡਾ. ਪੰਨੂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵੱਖ-ਵੱਖ ਯੂਨਿਟਾਂ ਦੀਆਂ ਗਤੀਵਿਧੀਆਂ ਦਾ ਮੁਆਇਨਾ ਵੀ ਕੀਤਾ । ਸਮੂਹ ਕਮੇਟੀ ਮੈਂਬਰਾਂ ਨੇ ਕੇਂਦਰ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯੋਗ ਸਲਾਹਾਂ ਦਿੱਤੀਆਂ ।
ਇਹ ਵੀ ਪੜ੍ਹੋ : ਪੰਜਾਬ ਕਿਸਾਨ ਕ੍ਰੈਡਿਟ ਲਿਮਿਟ ਸਕੀਮ 2022, ਲੋਨ ਤੋਂ ਲੈ ਕੇ ਅਰਜ਼ੀ ਪ੍ਰਕਿਰਿਆ ਤੱਕ ਦੀ ਪੂਰੀ ਜਾਣਕਾਰੀ
Summary in English: Meeting of Scientific Advisory Committee held at PAU's Krishi Vigyan Kendra Bathinda