KVK SBS Nagar: ਨੌਜਵਾਨਾਂ ਨੂੰ ਕਿਸਾਨੀ ਦੇ ਨਾਲ-ਨਾਲ ਸਹਾਇਕ ਧੰਦਿਆ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵੱਲੋਂ 25 ਸਤੰਬਰ ਤੋਂ 01 ਅਕਤੂਬਰ, 2024 ਤੱਕ ਬਟਨ ਖੁੰਬ ਦੀ ਕਾਸ਼ਤ ਸੰਬੰਧੀ ਕਿੱਤਾਮੁੱਖੀ ਸਿਖਲਾਈ ਕੌਰਸ ਦਾ ਆਯੋਜਨ ਕੀਤਾ ਗਿਆ।
ਇਸ ਟੇਨਿੰਗ ਦਾ ਮੁੱਖ ਮੰਤਵ ਨਵੇਂ ਆਏ ਸਿਖਿਆਰਥੀਆਂ ਨੂੰ ਖੁੰਬਾਂ ਦੇ ਧੰਦੇ ਨੂੰ ਅਪਨਾਉਣ ਵਿੱਚ ਮਦਦ ਕਰਨਾ ਸੀ। ਇਸ ਮੌਕੇ ਉਚੇਚੇ ਤੌਰ 'ਤੇ ਐਸੋਸੀਏਟ ਡਾਇਰੈਕਟਰ ਡਾ. ਵਿਪਨ ਕੁਮਾਰ ਰਾਮਪਾਲ ਨੇ ਸਿੱਖਿਆਰਥੀਆਂ ਨੂੰ ਵਪਾਰਕ ਪੱਧਰ 'ਤੇ ਖੁੰਬਾਂ ਦੀ ਕਾਸ਼ਤ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਖੁੰਬਾਂ ਦੀ ਡੱਬਾਬੰਦੀ ਵੱਲ ਪ੍ਰੇਰਿਤ ਕੀਤਾ।
ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਅਰਵਿੰਦ ਪ੍ਰੀਤ ਕੌਰ ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਹੋ ਰਹੀ ਖੇਤੀ ਯੋਗ ਜਮੀਨ ਦੀ ਵੰਡ ਕਾਰਨ ਕਿਸਾਨ ਇੱਕਲੇ ਖੇਤੀ ਤੇ ਨਿਰਭਰ ਹੋ ਕੇ ਆਪਣਾ ਜੀਵਨ ਬਸਰ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਨੂੰ ਕੋਈ ਨਾ ਕੋਈ ਸਹਾਇਕ ਧੰਦਾ ਅਪਣਾਉਣਾ ਚਾਹੀਦਾ ਹੈ ਜੋ ਕਿ ਅਜੋਕੇ ਸਮੇਂ ਦੀ ਜਰੂਰਤ ਹੈ।
ਡਾ. ਅਰਵਿੰਦ ਪ੍ਰੀਤ ਕੌਰ ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਦੱਸਿਆ ਕਿ ਸਿੱਖਲਾਈ ਪ੍ਰੋਗਰਾਮ ਦੌਰਾਨ ਸਿੱਖਿਆਰਥੀਆਂ ਨਾਲ ਬਟਨ ਅਤੇ ਢੀਂਗਰੀ ਖੁੰਬ ਦੀ ਸਫਲਤਾਪੂਰਵਕ ਕਾਸ਼ਤ ਦੀਆਂ ਵੱਖ-ਵੱਖ ਤਕਨੀਕਾਂ, ਇਸ ਦੀ ਪੈਕਿੰਗ, ਸਾਂਭ ਸੰਭਾਲ ਅਤੇ ਮੰਡੀਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਿੱਖਿਆਰਥੀਆਂ ਨੂੰ ਕੰਪੋਸਟ, ਸਪਾਨਿੰਗ, ਤਿਆਰ ਕੰਪੋਸਟ ਦੀ ਬਿਜਾਈ ਅਤੇ ਕੇਸਿੰਗ ਆਦਿ ਤਕਨੀਕਾਂ ਬਾਰੇ ਹੱਥੀ ਤਜ਼ਰਬਾ ਕਰਵਾਇਆ ਗਿਆ।
ਇਸ ਤੋਂ ਇਲਾਵਾ ਡਾ. ਗੁਰਪ੍ਰੀਤ ਕੌਰ, ਪ੍ਰੋਫੈਸਰ ਫਾਰਮ ਸਲਾਹਕਾਰ ਕੇਂਦਰ ਪਟਿਆਲਾ ਨੇ ਸਿੱਖਿਆਰਥੀਆਂ ਨੂੰ ਖੁੰਬਾਂ ਦੀ ਆਰਥਿਕਤਾ ਬਾਰੇ ਜਾਣਕਾਰੀ ਦਿੱਤੀ।ਬਾਗਬਾਨੀ ਵਿਭਾਗ ਫਤਿਹਗੜ੍ਹ ਸਾਹਿਬ ਵਲੋਂ ਸ੍ਰੀਮਤੀ ਰਮਨਦੀਪ ਕੌਰ (ਬਾਗਬਾਨੀ ਅਫ਼ਸਰ) ਫਤਿਹਗੜ੍ਹ ਸਾਹਿਬ ਨੇ ਬਾਗਬਾਨੀ ਵਿਭਾਗ ਵਲੋਂ ਚਲਾਈ ਜਾਣ ਵਾਲੀਆ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ।
ਇਸ ਕੋਰਸ ਦੋਰਾਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਫਲ ਖੂੰਬ ਉਤਪਾਦਕ ਸ. ਲਖਵਿੰਦਰ ਸਿੰਘ ਪਿੰਡ ਮਨੇਲੀ ਦੇ ਖੁੰਬ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ।ਸ. ਲਖਵਿੰਦਰ ਸਿੰਘ ਨੇ ਬੜੇ ਹੀ ਖੁੱਲੇ ਦਿਲ ਨਾਲ ਸਾਰੇ ਸਿੱਖਿਆਰਥੀਆਂ ਦਾ ਸਵਾਗਤ ਕਰਦੇ ਹੋਏ ਵਿਸਥਾਰ ਵਿੱਚ ਆਪਣਾ ਖੁੰਬ ਉਤਪਾਦਨ ਦਾ ਤਜ਼ਰਬਾ ਸਾਂਝਾ ਕੀਤਾ। ਉਸ ਤੋਂ ਉਪਰੰਤ ਸਭ ਨੂੰ ਆਪਣੇ ਫਾਰਮ ਦਾ ਦੌਰਾ ਕਰਵਾਇਆ ਅਤੇ ਫਾਰਮ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਤੋ ਜਾਣੂ ਕਰਵਾਇਆ।
Summary in English: Mushroom Farming: Button and Dhingri Mushroom Cultivation is Profitable, Know These Different Techniques for Successful Cultivation