ਭਾਰਤ ਦੇਸ਼ ਦੀ ਆਰਥਿਕਤਾ ਖੇਤੀਬਾੜੀ ਤੋਂ ਪ੍ਰਭਾਵਿਤ ਹੈ। ਖੇਤੀ ਜੋਤਾਂ ਦਾ ਸੁੰਗੜਨਾ ਅਤੇ ਖੇਤੀ ਖਰਚਿਆਂ ਵਿੱਚ ਵਾਧਾ ਲਗਾਤਾਰ ਖੇਤੀ ਆਮਦਨ ਨੂੰ ਪ੍ਰਭਾਵਿਤ ਕਰ ਰਹੇ ਹਨ। ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਖੇਤੀ ਨੂੰ ਪੁਰਾਤਨ ਲੀਹਾਂ ਤੋਂ ਵੱਖਰਾ ਦੇਖਣ ਦੀ ਜ਼ਰੂਰਤ ਹੈ।
ਖੇਤੀਬਾੜੀ ਦੀ ਆਰਥਿਕਤਾ ਦਾ ਸਿੱਧਾ ਸੰਬੰਧ ਇਸ ਦੀ ਆਮਦਨ ਨੂੰ ਵਧਾਉਣ ਦੇ ਉਪਰਾਲੇ ਕਰਨਾ ਹੈ। ਇਨ੍ਹਾਂ ਉਪਰਾਲਿਆਂ ਦੀ ਜੇਕਰ ਗੱਲ ਕਰੀਏ ਤਾਂ ਖੇਤੀ ਸਹਾਇਕ ਧੰਦੇ ਇਸ ਕੰਮ ਵਿੱਚ ਸਭ ਤੋਂ ਵਧੀਆ ਰੋਲ ਅਦਾ ਕਰ ਸਕਦੇ ਹਨ। ਇਨ੍ਹਾਂ ਧੰਦਿਆਂ ਵਿੱਚ ਡੇਅਰੀ, ਪੋਲਟਰੀ, ਖੁੰਭਾਂ ਦੀ ਕਾਸ਼ਤ, ਸ਼ਹਿਦ ਮੱਖੀ ਪਾਲਣ, ਬਾਗਬਾਨੀ, ਸਬਜ਼ੀ ਉਤਪਾਦਨ, ਬੱਕਰੀ ਪਾਲਣ, ਸੂਰ ਪਾਲਣ, ਪੋਲੀ ਹਾਊਸ, ਆਚਾਰ ਮੁਰੱਬੇ, ਚੱਟਨੀਆਂ ਦੀ ਕਾਸ਼ਤ, ਟਾਈ ਡਾਈ, ਪ੍ਰੋਸੈਸਿੰਗ ਅਤੇ ਮੁੱਲ ਵਾਧੇ ਲਈ ਕੋਰਸ ਬਹੁਤ ਹੀ ਲਾਭਕਾਰੀ ਸਿੱਧ ਹੁੰਦੇ ਹਨ।
ਇਨ੍ਹਾਂ ਧੰਦਿਆਂ ਦੀ ਜਾਣਕਾਰੀ ਅਤੇ ਪ੍ਰਦਰਸ਼ਨੀ ਦਾ ਲਾਭ ਪ੍ਰਪਤ ਕਰਨ ਲਈ ਕਿਸਾਨ ਮੇਲੇ ਇੱਕ ਵਧੀਆ ਅਤੇ ਸਾਦਾ ਸਰੋਤ ਹਨ। ਕਿਸਾਨ ਵੀਰੋ ਅਤੇ ਬੀਬੀਓ! ਸਤੰਬਰ ਦਾ ਮਹੀਨਾ ਕਿਸਾਨ ਮੇਲਿਆਂ ਵਜੋਂ ਜਾਣਿਆ ਜਾਂਦਾ ਹੈ ਅਤੇ ਸਮਾਂ ਕੱਢ ਕੇ ਮੇਲੇ ਵਿੱਚ ਜਾਣਾ ਨਾ ਭੁੱਲਿਓ । ਇਹਨਾਂ ਕਿਸਾਨ ਮੇਲਿਆਂ ਵਿੱਚ, ਸੁਧਰੇ ਬੀਜ, ਫ਼ਲਾਂ/ਸਬਜ਼ੀਆਂ ਦੀ ਕਾਸ਼ਤ ਲਈ ਬੂਟੇ/ਬੀਜ ਮੁਹੱਇਆ ਕਰਵਾਏ ਜਾਂਦੇ ਹਨ।
ਪੀ.ਏ.ਯੂ. ਦੇ ਕਿਸਾਨ ਮੇਲੇ ਇਹ ਸੰਦੇਸ਼ ਅਤੇ ਪ੍ਰਤੱਖ ਪ੍ਰਮਾਣ ਦਿੰਦੇ ਹਨ ਪੰਜਾਬ ਦੀ ਖੇਤੀ ਵਿੱਚ ਇਹਨਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਸਾਰੇ ਤਜ਼ਰਬੇ ਅਤੇ ਇਕਾਈਆਂ ਦੇਖਣ ਤੋਂ ਬਾਅਦ ਕਿਸੇ ਵੀ ਸਹਾਇਕ ਧੰਦੇ ਨੂੰ ਅਪਣਾਉ ਅਤੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਲਗਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਵਿੱਚ ਆਪਣੇ ਜ਼ਿਲ੍ਹੇ ਮੁਤਾਬਿਕ ਨਾਮ ਲਿਖਵਾਓ ਤਾਂ ਜੋ ਕਿ ਤਹਾਨੂੰ ਉਸ ਕਿੱਤੇ ਦਾ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ: Amritsar ਤੋਂ ਬੱਲੋਵਾਲ ਸੌਂਖੜੀ ਪਹੁੰਚਿਆ ਕਿਸਾਨ ਮੇਲੇ ਦਾ ਕਾਰਵਾਂ
ਇਸ ਕਿੱਤੇ ਦੀ ਟ੍ਰੇਨਿੰਗ ਤੁਹਾਡੇ ਗਿਆਨ ਵਿੱਚ ਬਹੁਤ ਵਾਧਾ ਕਰੇਗੀ ਅਤੇ ਇਹ ਕਿੱਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਅਤੀ ਮਹੱਤਵਪੂਰਨ ਸਹਾਈ ਸਿੱਧ ਹੋਣਗੇ। ਇਨ੍ਹਾਂ ਕਿੱਤਿਆਂ ਦੀ ਪਹਿਲ ਕਦਮੀ ਛੋਟੇ ਪੱਧਰ ਤੋਂ ਸ਼ੁਰੂ ਕੀਤੀ ਜਾਵੇ ਅਤੇ ਸਮੇਂ ਦੇ ਹਾਣੀ ਬਣਦੇ ਹੋਏ ਵੱਡੇ ਪੱਧਰ ਵੱਲ ਕਦਮ ਵਧਾਏ ਜਾਣ। ਇਸ ਉਪਰੰਤ ਕੋਸ਼ਿਸ਼ ਕੀਤੀ ਜਾਵੇ ਕਿ ਆਧੁਨਿਕ ਤਕਨੀਕਾਂ ਵਾਲੇ ਯੂਨਿਟ ਸਥਾਪਿਤ ਹੋ ਸਕਣ।
ਅਜੋਕੇ ਸਮੇਂ ਵਿੱਚ ਲੇਬਰ ਦੀ ਵਧਦੀ ਸਮੱਸਿਆ ਵਿੱਚ ਅਤਿ ਆਧੁਨਿਕ ਯੂਨਿਟ ਬਹੁਤ ਹੀ ਕਾਮਯਾਬੀ ਵੱਲ ਵਧਦੇ ਕਦਮ ਹਨ। ਅਸੀਂ ਖੇਤੀਬਾੜੀ ਦੇ ਨਾਲ ਹੀ ਸਹਾਇਕ ਧੰਦਿਆਂ ਬਾਰੇ ਇਹਨਾਂ ਮੇਲਿਆਂ ਵਿੱਚੋਂ ਮਿਲੀ ਜਾਣਕਾਰੀ ਦਾ ਭਰਪੂਰ ਫਾਇਦਾ ਉੱਠਾ ਸਕਦੇ ਹਾਂ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਾਂ। ਇਹ ਸਾਰੇ ਪਹਿਲੂ ਸਾਡੇ ਰੋਜ਼ਮਰਾ ਦੇ ਖਰਚਿਆਂ ਦੀ ਪੂਰਤੀ ਅਤੇ ਪਰਿਵਾਰਿਕ ਲੋੜਾਂ ਲਈ ਆਮਦਨ ਸਰੋਤਾਂ ਦਾ ਵਾਧਾ ਕਰਦੇ ਹਨ।
ਕਿਸਾਨ ਵੀਰੋਂ! ਇਨ੍ਹਾਂ ਮੇਲਿਆਂ ਵਿੱਚ ਹੁੰਮ-ਹੁੰਮਾ ਕੇ ਪਹੁੰਚੋ ਅਤੇ ਮੇਲਿਆਂ ਦੀ ਸ਼ਾਨ ਵਧਾਓ। ਇਨ੍ਹਾਂ ਮੇਲਿਆਂ ਵਿਚੋਂ ਗਿਆਨ ਹਾਸਿਲ ਕਰਕੇ ਆਪਣੇ ਜੀਵਨ ਪੱਧਰ ਵਿੱਚ ਨਿਖਾਰ ਲਿਆਓ ਅਤੇ ਆਪਣੀ ਖੇਤੀ ਨੂੰ ਵਿਗਿਆਨਿਕ ਲੀਹਾਂ 'ਤੇ ਤੋਰ ਕੇ ਸਫਲ ਬਣਾਓ।
ਅਜੀਤਪਾਲ ਸਿੰਘ ਧਾਲੀਵਾਲ, ਗੁਰਦੀਪ ਸਿੰਘ ਅਤੇ ਵਿਨੈ ਸਿੰਘ ਪਠਾਣੀਆ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Must Visit September Kisan Mela