ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦਨ ਪ੍ਰਬੰਧ ਵਿਭਾਗ ਵਲੋਂ ਇਕ ਕੌਮੀ ਪੱਧਰ ਦਾ ਵੈਬੀਨਾਰ ਕਰਵਾਇਆ ਗਿਆ। ਇਸ ਦਾ ਵਿਸ਼ਾ ਸੀ ’ਨੌਜਵਾਨ ਵਿਦਿਆਰਥੀਆਂ ਵਿਚ ਬੱਕਰੀ ਪਾਲਣ ਸਬੰਧੀ ਉਦਮੀਪਨ’। ਇਹ ਵੈਬੀਨਾਰ ਸੰਸਥਾ ਵਿਕਾਸ ਯੋਜਨਾ ਤਹਿਤ ਉਦਯੋਗ, ਅਧਿਆਪਕ ਅਤੇ ਵਿਦਿਆਰਥੀਆਂ ਵਾਸਤੇ ਸਾਂਝੇ ਮੰਚ ’ਤੇ ਕਰਵਾਇਆ ਗਿਆ ਸੀ।
ਵੈਬੀਨਾਰ ਦਾ ਸੰਯੋਜਨ ਡਾ. ਮਨੀਸ਼ ਚੈਟਲੀ ਵਿਭਾਗ ਮੁਖੀ ਨੇ ਕੀਤਾ ਜਦਕਿ ਡਾ. ਮਨਦੀਪ ਸਿੰਗਲਾ ਅਤੇ ਡਾ. ਸੰਦੀਪ ਕਾਸਵਾਨ ਨੇ ਵੀ ਬਤੌਰ ਸੰਯੋਜਕ ਆਪਣੀਆਂ ਸੇਵਾਵਾਂ ਦਿੱਤੀਆਂ। ਡਾ. ਚੈਟਲੀ ਨੇ ਸਾਰੇ ਵਿਸ਼ਾ ਮਾਹਿਰਾਂ ਅਤੇ ਪ੍ਰਤੀਭਾਗੀਆਂ ਦੀ ਜਾਣ-ਪਛਾਣ ਕਰਵਾਈ। ਵੈਬੀਨਾਰ ਵਿਚ ਸੰਜੀਵ ਕੁਮਾਰ, ਗੋਟ ਟਰੱਸਟ ਲਖਨਊ, ਡਾ. ਮੁਕੁਲ ਆਨੰਦ, ਵੈਟਨਰੀ ਯੂਨੀਵਰਸਿਟੀ, ਮਥੂਰਾ, ਡਾ. ਮਹੇਸ਼ ਡੀਗੇ ਐਨੀਮਲ ਜੈਨੇਟਿਕਸ ਸਾਧਨਾਂ ਸੰਬੰਧੀ ਕੌਮੀ ਬਿਊਰੋ, ਕਰਨਾਲ ਦੇ ਵਿਗਿਆਨੀ ਅਤੇ ਅਗਾਂਹਵਧੂ ਬੱਕਰੀ ਪਾਲਕ ਅਤੇ ਉਦਮੀ ਰਾਹੁਲ ਕਾਸਨੀਆ ਅਤੇ ਰਾਘਵ ਨੇ ਸ਼ਮੂਲੀਅਤ ਕੀਤੀ।
ਡਾ. ਮੁਕੁਲ ਆਨੰਦ ਨੇ ਬੱਕਰੀ ਪਾਲਣ ਪ੍ਰਬੰਧ, ਪ੍ਰਜਣਨ ਸਮੱਸਿਆਵਾਂ, ਉਦਮ ਸਥਾਪਿਤ ਕਰਨ ਵਿਚ ਮਿਲਦੇ ਮੌਕਿਆਂ ਸੰਬੰਧੀ ਚਰਚਾ ਕੀਤੀ। ਡਾ. ਮਹੇਸ਼ ਨੇ ਸਹੀ ਨਸਲ ਦੀ ਚੋਣ ਅਤੇ ਦੇਸੀ ਬੱਕਰੀਆਂ ਵਿਚੋਂ ਬਿਹਤਰ ਨਸਲ ਦੀ ਪਛਾਣ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਸੰਜੀਵ ਨੇ ਈ-ਵਪਾਰ ਮੰਚ ਪਸ਼ੂਬਾਜਾਰ ਉਪਰ ਮੰਡੀਕਾਰੀ ਸੰਬੰਧੀ ਸਫ਼ਲਤਾ ਦੀ ਕਹਾਣੀ ਬਿਆਨ ਕੀਤੀ। ਉਨ੍ਹਾਂ ਨੇ ਭਾਈਚਾਰੇ ’ਤੇ ਆਧਾਰਿਤ ਮੰਡੀਕਾਰੀ ਚੈਨਲਾਂ ਬਾਰੇ ਦੱਸਿਆ। ਸ਼੍ਰੀ ਰਾਘਵ ਨੇ ਇਕ ਸਾਫਟਵੇਅਰ ਗ੍ਰੈਜੂਏਟ ਦੀ ਪੜ੍ਹਾਈ ਤੋਂ ਬਾਅਦ ਬੱਕਰੀ ਪਾਲਣ ਵਿਚ ਆ ਕੇ ਆਪਣੇ ਪੇਸ਼ੇ ਦੀ ਸਫ਼ਲਤਾ ਸੰਬੰਧੀ ਰੌਸ਼ਨੀ ਪਾਈ। ਰਾਹੁਲ ਕਾਸਨੀਆ ਨੇ ਜਾਣਕਾਰੀ ਦਿੱਤੀ ਕਿ ਐਮ ਬੀ ਏ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਸ ਤਰੀਕੇ ਨਾਲ ਵੈਟਨਰੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਇਸ ਕਿੱਤੇ ਨੂੰ ਅਪਣਾਇਆ ਅਤੇ ਨਵੇਂ ਮੁਕਾਮ ਹਾਸਿਲ ਕੀਤੇ। ਡਾ. ਮਨਦੀਪ ਸਿੰਗਲਾ ਨੇ ਸਵਾਲਾਂ ਜਵਾਬਾਂ ਦੇ ਸੈਸ਼ਨ ਦਾ ਪ੍ਰਬੰਧ ਕੀਤਾ ਅਤੇ ਡਾ. ਸੰਦੀਪ ਕਾਸਵਾਨ ਨੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਪ੍ਰਬੰਧਕਾਂ ਨੂੰ ਇਸ ਮਹੱਤਵਪੂਰਨ ਵਿਸ਼ੇ ਉਪਰ ਗੱਲ ਕਰਨ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਬਹੁਤ ਮੁਨਾਫ਼ੇ ਵਾਲਾ ਹੈ ਅਤੇ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਆਪਣਾ ਖ਼ੁਦ ਦਾ ਕਿੱਤਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਵੈ-ਸਹਾਇਤਾ ਸਮੂਹਾਂ ਦੀ ਮਹੱਤਤਾ ਅਤੇ ਫੂਡ ਪ੍ਰਾਸੈਸਿੰਗ ਜੱਥੇਬੰਦੀਆਂ ਦੀ ਸਫ਼ਲਤਾ ਬਾਰੇ ਵੀ ਜ਼ਿਕਰ ਕੀਤਾ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: National Webinar on Entrepreneurship in Goat Breeding at Veterinary University