1. Home
  2. ਖਬਰਾਂ

ਕਿਸਾਨਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਉਹਨਾਂ ਨੂੰ ਖੇਤੀ ਕਾਰੋਬਾਰੀ ਅਤੇ ਉੱਦਮੀ ਬਣਨ ਦੀ ਲੋੜ: VC Dr. Satbir Singh Gosal

ਖੋਜ ਅਤੇ ਪਸਾਰ ਮਾਹਿਰਾਂ ਦੀ ਚਰਚਾ ਲਈ ਦੋ ਰੋਜ਼ਾ ਹਾੜ੍ਹੀ ਫ਼ਸਲਾਂ ਦੀ ਵਰਕਸ਼ਾਪ ਪੀ.ਏ.ਯੂ. ਵਿੱਚ ਸ਼ੁਰੂ ਹੋਈ। ਇਸ ਦੌਰਾਨ Punjab Agricultural University ਦੇ ਵਾਈਸ ਚਾਂਸਲਰ ਨੇ ਆਪਣੇ ਮੁੱਖ ਭਾਸ਼ਣ ਵਿੱਚ ਖੇਤੀ ਨੂੰ ਕਾਰੋਬਾਰ ਵਿੱਚ ਬਦਲਣ ਦਾ ਸੱਦਾ ਦਿੱਤਾ।

Gurpreet Kaur Virk
Gurpreet Kaur Virk
ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ

ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ

Rabi Workshop: ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋ ਗਈ। ਇਸ ਵਰਕਸ਼ਾਪ ਵਿੱਚ ਪੀ.ਏ.ਯੂ., ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤੀਬਾੜੀ ਵਿਭਾਗ ਦੇ ਖੋਜ ਅਤੇ ਪਸਾਰ ਮਾਹਿਰ ਹਿੱਸਾ ਲੈ ਰਹੇ ਹਨ। ਇਸ ਦੋ ਰੋਜ਼ਾ ਗੋਸ਼ਟੀ ਦੇ ਅਰੰਭਕ ਸੈਸ਼ਨ ਵਿਚ ਮਾਹਿਰਾਂ ਦਾ ਭਾਰੀ ਇਕੱਠ ਵਿਚਾਰ ਚਰਚਾ ਲਈ ਜੁੜਿਆ।

ਆਰੰਭਿਕ ਸੈਸ਼ਨ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ ਅਤੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਇਸ ਸੈਸ਼ਨ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਵਾਈਸ ਚਾਂਸਲਰ ਡਾ. ਗੋਸਲ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਕਿਸਾਨੀ ਦੀ ਭਲਾਈ ਲਈ ਕੀਤੇ ਕਾਰਜਾਂ ਸਦਕਾ ਹੀ ਇਕ ਵਾਰ ਫਿਰ ਰਾਸ਼ਟਰੀ ਰੈਂਕਿੰਗ ਏਜੰਸੀ ਨੇ ਇਸ ਸੰਸਥਾ ਨੂੰ ਦੇਸ਼ ਦੀ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਵਜੋਂ ਮਾਨਤਾ ਦਿੱਤੀ ਹੈ। ਡਾ. ਗੋਸਲ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ. ਦਾ ਆਪਸ ਵਿੱਚ ਰਿਸ਼ਤਾ ਬਹੁਤ ਨਜ਼ਦੀਕੀ ਅਤੇ ਇਤਿਹਾਸਕ ਹੈ। ਉਹਨਾਂ ਮੌਜੂਦਾ ਫ਼ਸਲੀ ਸੀਜ਼ਨ ਬਾਰੇ ਗੱਲ ਕਰਦਿਆਂ ਕਿਹਾ ਕਿ ਝੋਨੇ ਦੀ ਫ਼ਸਲ ਇਸ ਵਾਰ ਬੌਣੇਪਣ ਦੀ ਅਲਾਮਤ ਤੋਂ ਮੁਕਤ ਹੈ ਪਰ ਕਿਸਾਨਾਂ ਨੂੰ ਮਾਹਿਰਾਂ ਨਾਲ ਸੰਪਰਕ ਵਿੱਚ ਰਹਿ ਕੇ ਧਿਆਨ ਦੇਣ ਦੀ ਲੋੜ ਹੈ। ਇਸਦੇ ਨਾਲ ਹੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਪ੍ਰਭਾਵ ਤੋਂ ਬਚਾਉਣ ਲਈ ਲਗਾਤਾਰ ਸਰਵੇਖਣ ਕਰਦੇ ਰਹਿਣ ਦੀ ਲੋੜ ਹੈ। ਡਾ. ਗੋਸਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਹੇਠ ਪਿਛਲੇ ਸਾਲ ਨਾਲੋਂ 44 ਫੀਸਦੀ ਰਕਬਾ ਵਧਿਆ ਹੈ ਤੇ ਇਸ ਲਈ ਖੋਜ ਤੇ ਪਸਾਰ ਮਾਹਿਰ ਵਧਾਈ ਦੇ ਹੱਕਦਾਰ ਹਨ। ਕੁਦਰਤੀ ਸਾਧਨਾਂ ਵਿਸ਼ੇਸ਼ ਕਰਕੇ ਪਾਣੀ ਦੀ ਸੰਭਾਲ ਦੀਆਂ ਤਕਨੀਕਾਂ ਬਾਰੇ ਪੀ.ਏ.ਯੂ. ਨੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਿਫਾਰਸ਼ਾਂ ਕੀਤੀਆਂ ਹਨ।

ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 126 ਅਤੇ ਪੀ ਆਰ 131 ਨੂੰ ਮਿਲਣ ਵਾਲੀ ਪ੍ਰਵਾਨਗੀ ਨੂੰ ਉਨ੍ਹਾਂ ਵਿਸ਼ੇਸ਼ ਪ੍ਰਾਪਤੀ ਵਜੋਂ ਅੰਕਿਤ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੇ ਮੁਕਾਬਲੇ ਪੀ ਆਰ-126 ਕਿਤੇ ਵੱਧ ਲਾਭ ਦੇਣ ਵਾਲੀ ਕਿਸਮ ਹੈ ਤੇ ਇਸਦਾ ਬੀਜ ਵੀ ਆਉਂਦੇ ਸਾਲਾਂ ਲਈ ਰੱਖਿਆ ਜਾ ਸਕਦਾ ਹੈ। ਡਾ. ਗੋਸਲ ਨੇ ਇਸਨੂੰ ਘੱਟ ਪਰਾਲੀ ਵਾਲੀ ਅਤੇ ਘੱਟ ਪਾਣੀ ਖਪਾਉਣ ਵਾਲੀ ਕਿਸਮ ਕਿਹਾ । ਉਹਨਾਂ ਕਿਹਾ ਕਿ ਰਸਾਇਣ ਮੁਕਤ ਬਾਸਮਤੀ ਪੈਦਾ ਕਰਨ ਲਈ ਪੀ.ਏ.ਯੂ. ਮਾਹਿਰਾਂ ਵੱਲੋਂ ਖਤਰਨਾਕ ਦੱਸੇ ਗਏ ਕੀਟਨਾਸ਼ਕਾਂ ਦੀਆਂ 10 ਕਿਸਮਾਂ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਕੁਝ ਉਲੀਨਾਸ਼ਕਾਂ ਤੇ ਵੀ ਪਾਬੰਦੀ ਲਾਈ ਗਈ ਹੈ।

ਡਾ. ਗੋਸਲ ਨੇ ਕਿਹਾ ਕਿ ਸਰਫੇਸ ਸੀਡਿੰਗ ਤਕਨੀਕ ਜੋ ਪਿਛਲੇ ਸਾਲ ਛੱਟੇ ਨਾਲ ਕਣਕ ਦੀ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਸੀ ਬਹੁਤ ਲਾਹੇਵੰਦ ਸਾਬਤ ਹੋਈ ਹੈ। ਇਸ ਨਾਲ ਨਾ ਸਿਰਫ ਇੱਕ ਪਾਣੀ ਦੀ ਬੱਚਤ ਹੁੰਦੀ ਹੈ ਬਲਕਿ ਨਦੀਨਾਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਆਪ ਜਾ ਕਰ ਉਨ੍ਹਾਂ ਨੇ ਇਸ ਤਰੀਕੇ ਨਾਲ ਬੀਜੀ ਕਣਕ ਦੀ ਫ਼ਸਲ ਦਾ ਮੁਆਇਨਾ ਕੀਤਾ ਹੈ। ਇਹ ਵਿਧੀ ਨਦੀਨਾਂ ਦੇ ਜੰਮ ਨੂੰ ਵੀ ਘਟਾਉਂਦੀ ਹੈ। ਉਹਨਾਂ ਨੇ ਕਣਕ ਦੀਆਂ ਪੀਲੀ ਕੁੰਗੀ ਤੋਂ ਮੁਕਤ ਕਿਸਮਾਂ ਦੀ ਬਿਜਾਈ ਕਰਨ ਲਈ ਕਿਹਾ ਅਤੇ ਇਸਦੇ ਨਾਲ ਹੀ ਤੇਲਬੀਜ ਫ਼ਸਲਾਂ ਨੂੰ ਵਪਾਰਕ ਪੱਧਰ ਤੇ ਬੀਜ ਕੇ ਖੇਤੀ ਵਿਭਿੰਨਤਾ ਵੱਲ ਤੁਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ। ਵਿਸ਼ੇਸ਼ ਕਰਕੇ ਪੀ ਏ ਯੂ ਦੀਆਂ ਗੋਭੀ ਅਤੇ ਰਾਇਆ ਕਨੋਲਾ ਕਿਸਮਾਂ ਦੀ ਘਰ ਜੋਗੀ ਬਿਜਾਈ ਤਾਂ ਘੱਟੋ ਘੱਟ ਹਰ ਕਿਸਾਨ ਨੂੰ ਕਰਨੀ ਹੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਉਹਨਾਂ ਨੂੰ ਖੇਤੀ ਕਾਰੋਬਾਰੀ ਅਤੇ ਉੱਦਮੀ ਬਣਨ ਦੀ ਲੋੜ ਹੈ। ਉਹਨਾਂ ਕਿਹਾ ਕਿ ਖੇਤੀ ਵਿੱਚ ਹੋਰ ਮੁਨਾਫੇ ਲਈ ਸਹਾਇਕ ਧੰਦਿਆਂ ਅਤੇ ਹੋਰ ਕਿੱਤਿਆਂ ਤੋਂ ਆਮਦਨ ਵਧਾਉਣ ਦੀ ਲੋੜ ਹੈ।

 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾਕਟਰ ਜਸਵੰਤ ਸਿੰਘ ਨੇ ਪੰਜਾਬ ਦੀ ਖੇਤੀ ਦੇ ਵਿਕਾਸ ਵਿੱਚ ਪੀਏਯੂ ਦੇ ਯੋਗ ਦਾਨ ਦੀ ਸ਼ਲਾਗਾ ਕੀਤੀ। ਉਹਨਾਂ ਕਿਹਾ ਕਿ ਹਰੀ ਕ੍ਰਾਂਤੀ ਨੇ ਜਿੱਥੇ ਦੇਸ਼ ਦੇ ਅਨ ਭੰਡਾਰ ਭਰੇ ਉੱਥੇ ਪੰਜਾਬ ਦੇ ਸਰੋਤਾਂ ਦਾ ਨੁਕਸਾਨ ਵੀ ਕੀਤਾ ਉਨਾਂ ਦੱਸਿਆ ਕਿ ਪੰਜਾਬ ਕੋਲ 42 ਲੱਖ ਹੈਕਟੇਅਰ ਕਾਸ਼ਤ ਯੋਗ ਰਕਬਾ ਹੈ ਜਿਸ ਵਿੱਚ ਰਵਾਇਤੀ ਅਤੇ ਹੋਰ ਫਸਲਾਂ ਦੀ ਖੇਤੀ ਹੁੰਦੀ ਹੈ। ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਦੋ ਫਸਲਾਂ ਦੇ ਨਾਲ ਨਾਲ ਕੁਝ ਕਿਸਾਨ ਬਹਾਰ ਰੁੱਤ ਦੀ ਮੱਕੀ ਦੀ ਤੀਜੀ ਫਸਲ ਲੈਣ ਦੇ ਰੁਝਾਨ ਵੀ ਪੈਦਾ ਕਰ ਰਹੇ ਹਨ। ਨਿਰਦੇਸ਼ਕ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਇਹ ਪੰਜਾਬ ਦੇ ਪਾਣੀਆਂ ਦੀ ਵਰਤੋਂ ਲਈ ਬਹੁਤ ਘਾਤਕ ਰੁਚੀ ਹੈ। ਉਹਨਾਂ ਫਸਲੀ ਭਿੰਨਤਾ ਪ੍ਰੋਗਰਾਮ ਜਾਰੀ ਰੱਖਣ ਦੀ ਗੱਲ ਕੀਤੀ ਅਤੇ ਕਿਹਾ ਕਿ ਆਉਂਦੇ ਸਾਲਾਂ ਵਿੱਚ ਪੀਏਯੂ ਦੇ ਸਹਿਯੋਗ ਨਾਲ ਨਰਮੇ ਹੇਠਲੇ ਰਕਬੇ ਵਿੱਚ ਵਾਧਾ ਕੀਤਾ ਜਾਵੇਗਾ। ਡਾਕਟਰ ਜਸਵੰਤ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤੇ ਸਰਕਾਰੀ ਮੁਆਵਜ਼ਾ ਹੋਣ ਕਾਰਨ ਇਸ ਹੇਠ ਰਕਬਾ ਵੀ ਵਧਿਆ ਹੈ।

ਇਸ ਤੋਂ ਇਲਾਵਾ ਬਾਸਮਤੀ ਦੇ ਨਿਰਯਾਤ ਲਈ 10 ਰਸਾਇਣਾਂ ਤੇ ਪਾਬੰਦੀ ਵੀ ਲਾਈ ਗਈ ਹੈ। ਕਣਕ ਦੀ ਸੌਖੀ ਅਤੇ ਕਿਫਾਇਤੀ ਤਕਨੀਕ ਸਰਫੇਸ ਸੀਡਰ ਦੀ ਸਫਲਤਾ ਬੇਹਦ ਲਾਹੇਵੰਦ ਹੈ ਪਰ ਇਸ ਵਿੱਚ ਪਾਈਆਂ ਗਈਆਂ ਊਣਤਾਈਆਂ ਦੀ ਪੂਰਤੀ ਪੀਏਯੂ ਮਾਹਰਾਂ ਦੇ ਸਹਿਯੋਗ ਨਾਲ ਜਲਦ ਕਰ ਲਈ ਜਾਵੇਗੀ। ਉਨਾਂ ਨੇ ਖੇਤ ਵਿੱਚ ਹੀ ਪਰਾਲੀ ਦੀ ਸੰਭਾਲ ਲਈ ਚਲਾਏ ਜਾਣ ਵਾਲੇ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਕੁਝ ਸੁਝਾਅ ਦਿੰਦਿਆਂ ਨੈਨੋ ਯੂਰੀਆ ਬਾਰੇ ਠੋਸ ਸਿੱਟੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੀ ਰੋਕਥਾਮ ਪਾਣੀ ਦੀ ਰੀਚਾਰਜਿੰਗ ਅਤੇ ਮੁੜ ਵਰਤੋਂ ਜੈਵਿਕ ਖੇਤੀ ਨੂੰ ਉਤਸ਼ਾਹ ਆਦਿ ਖੇਤਰਾਂ ਵਿੱਚ ਹੋਰ ਕੰਮ ਕਰਨ ਦੀ ਗੁੰਜਾਇਸ਼ ਬਾਰੇ ਵੀ ਨਿਰਦੇਸ਼ਕ ਖੇਤੀਬਾੜੀ ਵਿਭਾਗ ਨੇ ਦੱਸਿਆ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਹਾੜੀ ਸੀਜ਼ਨ ਦੌਰਾਨ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ । ਡਾ ਢੱਟ ਨੇ ਕੁਝ ਨਵੀਆਂ ਕਿਸਮਾਂ ਦਾ ਜ਼ਿਕਰ ਕੀਤਾ ਜਿਨਾਂ ਵਿੱਚ ਕਣਕ ਦੀ ਬਿਸਕੁਟ ਬਣਾਉਣ ਲਈ ਲਾਹੇਬੰਦ ਕਿਸਮ ਪੀਬੀ ਡਬਲਯੂ ਬਿਸਕੁਟ 1 ਦਾ ਜ਼ਿਕਰ ਵਿਸ਼ੇ਼ ਤੌਰ ਤੇ ਕੀਤਾ ਗਿਆ। ਉਨਾਂ ਕਿਹਾ ਕਿ ਬਿਸਕੁਟ ਅਤੇ ਕੁਕੀਜ਼ ਬਣਾਉਣ ਲਈ ਉਦਯੋਗਾਂ ਨਾਲ ਕੀਤੇ ਗਏ ਸਾਂਝੇ ਤਜਰਬਿਆਂ ਤੋਂ ਇਸ ਕਿਸਮ ਦੇ ਮਹੱਤਵ ਦਾ ਪਤਾ ਲੱਗਾ ਹੈ।

ਇਹ ਵੀ ਪੜੋ: ਕੇਂਦਰ ਸਰਕਾਰ ਦੇ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਨੂੰ ਕੀਤਾ ਜਾਵੇਗਾ ਮੁੜ ਸੁਰਜੀਤ

ਇਸ ਤੋਂ ਇਲਾਵਾ ਰਾਇਆ ਸਰੋਂ ਦੀ ਕਿਸਮ ਪੀ ਐਚ ਆਰ 127 ਗੋਭੀ ਸਰੋਂ ਦੀ ਕਿਸਮ ਪੀ ਜੀ ਐਸ ਐਚ 2155 ਅਤੇ ਜਵੀ ਦੀ ਇੱਕ ਕਟਾਈ ਦੇਣ ਵਾਲੀ ਅਤੇ ਵੱਧ ਝਾੜ ਦੇਣ ਵਾਲੀ ਕਿਸਮ ਓ ਐਲ 17 ਬਾਰੇ ਵੀ ਡਾ ਢੱਟ ਨੇ ਵਿਸਤਾਰ ਨਾਲ ਦੱਸਿਆ। ਉਤਪਾਦਨ ਤਕਨੀਕਾਂ ਦਾ ਜ਼ਿਕਰ ਕਰਦਿਆਂ ਨਿਰਦੇਸ਼ਕ ਖੋਜ ਨੇ ਨਰਮਾ ਅਤੇ ਗੋਭੀ ਸਰੋਂ ਪਨੀਰੀ ਰਾਹੀਂ ਬੀਜੀ ਜਾਣ ਵਾਲੀ ਲਈ ਜ਼ਮੀਨ ਦੋਜ਼ ਪਾਈਪਾਂ ਨਾਲ ਤੁਪਕਾ ਸਿੰਚਾਈ ਦੀ ਸਿਫਾਰਿਸ਼ ਦਾ ਹਵਾਲਾ ਦਿੱਤਾ। ਇਸ ਤੋਂ ਇਲਾਵਾ ਪਾਣੀ ਖੜਨ ਨਾਲ ਮਸਰਾਂ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਬੈਡਾਂ ਉੱਪਰ ਬਿਜਾਈ ਦੀ ਨਵੀਂ ਤਕਨੀਕ ਵੀ ਸਾਂਝੀ ਕੀਤੀ ਗਈ। ਬਹੁਤ ਸੁਰੱਖਿਆ ਤਕਨੀਕਾਂ ਦੀਆਂ ਨਵੀਆਂ ਸਿਫਾਰਿਸ਼ਾਂ ਬਾਰੇ ਦੱਸਦਿਆਂ ਨਿਰਦੇਸ਼ਕ ਖੋਜ ਨੇ ਕਣਕ ਵਿੱਚ ਬਿਜਾਈ ਤੋਂ ਇੱਕ ਮਹੀਨੇ ਬਾਅਦ ਖੱਟੀ ਲੱਸੀ ਦੇ ਛਿੜਕਾਅ ਨਾਲ ਪੀਲੀ ਕੁੰਗੀ ਦੀ ਰੋਕਥਾਮ ਦੀ ਤਕਨੀਕ ਸਾਂਝੀ ਕੀਤੀ। ਇਸ ਤੋਂ ਇਲਾਵਾ ਗਰਮ ਰੁੱਤ ਦੀ ਮੂੰਗੀ ਵਿੱਚ ਥਰਿੱਪ ਦੀ ਰੋਕਥਾਮ ਲਈ ਫੁੱਲ ਪੈਣ ਵੇਲੇ 30 ਨੀਲੇ ਟਰੈਪ ਵਰਤਣ ਦੀ ਗੱਲ ਵੀ ਕੀਤੀ। ਜੈਵਿਕ ਤੇਲ ਬੀਜ ਫਸਲਾਂ ਉੱਪਰ ਚੇਪੇ ਦਾ ਹਮਲਾ ਸ਼ੁਰੂ ਹੋਣ ਤੋਂ ਬਾਅਦ ਪੀਏਯੂ ਨਿੰਮ ਦੇ ਘੋਲ ਦੇ ਛਿੜਕਾਅ ਬਾਰੇ ਵੀ ਦੱਸਿਆ ਗਿਆ।

ਇਸ ਸੈਸ਼ਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਸਭ ਦਾ ਸਵਾਗਤ ਕੀਤਾ । ਉਹਨਾਂ ਕਿਹਾ ਕਿ ਇਸ ਵਰਕਸ਼ਾਪ ਦਾ ਮਹੱਤਵ ਮੌਜੂਦਾ ਖੇਤੀ ਚੁਣੌਤੀਆਂ ਸਾਹਮਣੇ ਖੋਜ ਅਤੇ ਪਸਾਰ ਦੀ ਮਜ਼ਬੂਤੀ ਲਈ ਵਿਚਾਰ-ਚਰਚਾ ਕਰਨ ਵਿੱਚ ਹੈ । ਨਾਲ ਹੀ ਡਾ. ਭੁੱਲਰ ਨੇ ਖੇਤੀ ਸਮੱਸਿਆਵਾਂ ਦੇ ਹੱਲ ਲਈ ਪੀਏਯੂ ਦੇ ਖੋਜ ਅਤੇ ਪਸਾਰ ਮਾਹਿਰਾਂ ਨਾਲ ਖੇਤੀਬਾੜੀ ਵਿਭਾਗ ਦੇ ਪਸਾਰ ਕਰਮੀਆਂ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੇ ਅਮਲ ਦੀ ਤਾਰੀਫ ਕੀਤੀ। ਉਹਨਾਂ ਆਸ ਪ੍ਰਗਟਾਈ ਕੇ ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਆਉਂਦੇ ਹਾੜੀ ਸੀਜ਼ਨ ਦੀਆਂ ਫਸਲਾਂ, ਉਤਪਾਦਨ ਤਕਨੀਕਾਂ ਅਤੇ ਹੋਰ ਮਸਲਿਆਂ ਦੇ ਨਾਲ ਨਾਲ ਨਵੀਆਂ ਕਿਸਮਾਂ ਬਾਰੇ ਸੁਝਾਵਾਂ ਦਾ ਆਦਾਨ ਪ੍ਰਦਾਨ ਅਤੇ ਵਿਚਾਰ ਵਟਾਂਦਰਾ ਹੋਵੇਗਾ।

ਇਸ ਸੈਸ਼ਨ ਦਾ ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਡਾ. ਰਿਆੜ ਨੇ ਖੇਤੀ ਨੂੰ ਨਵੀਆਂ ਲੀਹਾਂ ਤੇ ਤੋਰਨ ਲਈ ਕਿਸਾਨਾਂ ਨੂੰ ਖੇਤੀ ਉੱਦਮ ਅਤੇ ਸਿਖਲਾਈ ਨਾਲ ਜੁੜਨ ਲਈ ਕਿਹਾ ਅਤੇ ਇਸ ਕਾਰਜ ਲਈ ਪੀ.ਏ.ਯੂ. ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਅੱਜ ਦੇ ਤਕਨੀਕੀ ਸੈਸ਼ਨਾਂ ਵਿੱਚ ਸਭ ਤੋਂ ਪਹਿਲਾਂ ਕਣਕ, ਜੌਂਅ, ਚਾਰੇ ਅਤੇ ਖਰਵੇ ਅਨਾਜਾਂ ਬਾਰੇ ਸੈਸ਼ਨ ਹੋਇਆ। ਇਸ ਵਿੱਚ ਮਾਹਿਰਾਂ ਨੇ ਸੰਬੰਧਿਤ ਫ਼ਸਲਾਂ ਦੀ ਕਾਸ਼ਤ, ਕਿਸਮਾਂ ਅਤੇ ਤਕਨੀਕਾਂ ਬਾਰੇ ਵਿਚਾਰ ਕੀਤੀ। ਸ਼ਾਮ ਦੇ ਤਕਨੀਕੀ ਸੈਸ਼ਨ ਵਿੱਚ ਤੇਲਬੀਜਾਂ, ਦਾਲਾਂ, ਕਮਾਦ, ਮੱਕੀ ਅਤੇ ਨਰਮੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਵਿਚਾਰਿਆ ਗਿਆ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Need to change mindset of farmers to become agribusiness and entrepreneurs: VC Dr. Satbir Singh Gosal

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters