ਗ੍ਰੇਟਰ ਨੋਇਡਾ `ਚ ਅੰਤਰਰਾਸ਼ਟਰੀ ਡੇਅਰੀ ਫੈਡਰੇਸ਼ਨ ਦੇ ਵਿਸ਼ਵ ਡੇਅਰੀ ਸੰਮੇਲਨ ਦੇ ਤੀਜੇ ਦਿਨ ਬੁੱਧਵਾਰ ਨੂੰ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਪ੍ਰਧਾਨਗੀ ਹੇਠ ''ਫੀਡ, ਫੂਡ ਐਂਡ ਵੇਸਟ'' 'ਤੇ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਦੌਰਾਨ ਨਰਿੰਦਰ ਸਿੰਘ ਤੋਮਰ ਨੇ ਡੇਅਰੀ ਖੇਤਰ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਸਭ ਦੇ ਪਿੱਛੇ ਮੁੱਖ ਉਦੇਸ਼ ਕਿਸਾਨਾਂ ਨੂੰ ਲਾਭ ਪਹੁੰਚਾਉਣਾ ਹੈ। ਇਸਦੇ ਨਾਲ ਹੀ ਹੁਣ ਖੇਤੀ ਸਟਾਰਟਅੱਪ `ਚ ਵੀ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੇਸ਼-ਵਿਦੇਸ਼ ਦੇ ਮੌਜੂਦਾ ਨੁਮਾਇੰਦਿਆਂ ਦਾ ਧਿਆਨ ਖੇਤੀਬਾੜੀ ਤੇ ਡੇਅਰੀ ਖੇਤਰ ਦੀਆਂ ਚੁਣੌਤੀਆਂ ਵੱਲ ਖਿੱਚਿਆ ਤੇ ਇਸ 'ਤੇ ਮਿਲ ਕੇ ਕੰਮ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਚਾਰੇ ਦੀ ਲੋੜੀਂਦੀ ਉਪਲਬਧਤਾ ਕਿਵੇਂ ਕੀਤੀ ਜਾ ਸਕਦੀ ਹੈ, ਇਸ ਲਈ ਕਿ ਕੀਤਾ ਜਾ ਸਕਦਾ ਹੈ, ਇਸ ਬਾਰੇ ਮੁੱਖ ਤੌਰ 'ਤੇ ਵਿਚਾਰ ਕਰਨ ਦੀ ਲੋੜ ਹੈ।
ਇਸ ਸੰਮੇਲਨ ਦੇ ਮੁੱਖ ਪਹਿਲੂ:
● ਨਰਿੰਦਰ ਸਿੰਘ ਤੋਮਰ ਨੇ ਵੇਸਟ ਟੂ ਵੈਲਥ ਮੈਨੇਜਮੈਂਟ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਮ ਤੌਰ 'ਤੇ ਅਸੀਂ ਕੂੜੇ ਦੀ ਸਹੀ ਵਰਤੋਂ ਨਹੀਂ ਕਰਦੇ ਹਾਂ। ਫਸਲਾਂ ਦੀ ਰਹਿੰਦ-ਖੂੰਹਦ ਦੀ ਗੱਲ ਹੋਵੇ ਜਾਂ ਘਰਾਂ `ਚ ਫਲਾਂ ਤੇ ਸਬਜ਼ੀਆਂ ਦੀ ਰਹਿੰਦ-ਖੂੰਹਦ ਦਾ ਨਿਪਟਾਰਾ, ਉਨ੍ਹਾਂ ਨੂੰ ਵੈਲਥ `ਚ ਤਬਦੀਲ ਕਰਨਾ ਅੱਜ ਦੀ ਲੋੜ ਹੈ। ਇਸ ਬਾਰੇ ਸੋਚਣ ਤੇ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਕੂੜੇ ਨੂੰ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਵਰਤ ਸਕਦੇ ਹਾਂ। ਉਦਾਹਰਣ ਵਜੋਂ, ਪਰਾਲੀ ਲਈ ਤਕਨੀਕ ਦੀ ਵਰਤੋਂ ਕਰਕੇ ਪੂਸਾ ਸੰਸਥਾ ਨੇ ਡੀਕੰਪੋਜ਼ਰ ਬਣਾਇਆ ਹੈ। ਇਸ ਨਾਲ ਜਿੱਥੇ ਖੇਤੀ ਦੀ ਉਤਪਾਦਕਤਾ ਵਧੇਗੀ, ਉੱਥੇ ਪਸ਼ੂਆਂ ਲਈ ਚਾਰਾ ਵੀ ਉਪਲਬਧ ਹੋਵੇਗਾ। ਇਸ ਦਿਸ਼ਾ `ਚ ਵੱਡੇ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ।
● ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਖੇਤੀਬਾੜੀ ਖੇਤਰ ਪਸ਼ੂ ਪਾਲਣ ਤੇ ਸਹਿਕਾਰੀ ਅਦਾਰਿਆਂ ਤੋਂ ਬਿਨਾਂ ਅਧੂਰਾ ਹੈ। ਇਸ ਗੱਲ ਨੂੰ ਧਿਆਨ `ਚ ਰੱਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਸਵੈ-ਨਿਰਭਰ ਭਾਰਤ ਮੁਹਿੰਮ ਤਹਿਤ ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 1.5 ਲੱਖ ਕਰੋੜ ਰੁਪਏ ਤੋਂ ਵੱਧ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਹੈ।
● ਪਸ਼ੂ ਪਾਲਣ ਤੇ ਦੁੱਧ ਦੇ ਖੇਤਰ `ਚ ਔਰਤਾਂ ਦਾ ਵੱਡਾ ਯੋਗਦਾਨ ਹੈ, ਇਸ `ਚ ਮਹਿਲਾ ਸਸ਼ਕਤੀਕਰਨ ਵੀ ਸ਼ਾਮਲ ਹੈ। ਇਸ ਲਈ ਪ੍ਰਧਾਨ ਮੰਤਰੀ ਨੇ ਵੱਖਰੇ ਪਸ਼ੂ ਪਾਲਣ ਤੇ ਸਹਿਕਾਰੀ ਮੰਤਰਾਲੇ ਬਣਾ ਕੇ ਇਨ੍ਹਾਂ ਦੇ ਬਜਟ `ਚ ਵੀ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ : ਇੱਕ ਅਰਬ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਟੀ ਡੇਅਰੀ ਕਾਰੋਬਾਰ 'ਤੇ ਨਿਰਭਰ, ਜਾਣੋ ਕਿਵੇਂ?
● ਖੇਤੀਬਾੜੀ ਮੰਤਰੀ ਨੇ ਆਪਣੇ ਸੰਸਦੀ ਹਲਕੇ ਦੇ ਗੋਰਸ ਖੇਤਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਹ ਇਲਾਕਾ ਗਿਰ ਗਾਵਾਂ ਦਾ ਝੁੰਡ ਹੋਇਆ ਕਰਦਾ ਸੀ। ਇਸ ਵੇਲੇ ਵੀ ਉਥੇ 30 ਹਜ਼ਾਰ ਦੇ ਕਰੀਬ ਗਾਵਾਂ ਹਨ, ਪਰ ਗਰਮੀਆਂ ਦੌਰਾਨ ਚਾਰੇ ਦੀ ਘਾਟ ਕਾਰਨ ਪਸ਼ੂਆਂ ਨੂੰ ਚਰਾਉਣ ਲਈ ਕਿਤੇ ਦੂਰ ਲੈ ਕੇ ਜਾਣਾ ਪੈਂਦਾ ਹੈ। ਇਸ ਕਰਕੇ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਪਸ਼ੂਆਂ ਨੂੰ ਭੋਜਨ ਕਿਵੇਂ ਮਿਲਦਾ ਹੈ।
● ਉਨ੍ਹਾਂ ਕਿਹਾ ਕਿ ਗਾਂ ਦਾ ਗੋਹਾ ਵੀ ਵੇਸਟ ਹੈ। ਇਸਨੂੰ ਵੈਲਥ `ਚ ਬਦਲਣ ਲਈ ਕੇਂਦਰ ਸਰਕਾਰ ਨੇ ਗੋਬਰ ਧਨ ਯੋਜਨਾ ਸ਼ੁਰੂ ਕੀਤੀ ਹੈ। ਗਾਂ ਦੇ ਗੋਹੇ ਨੂੰ ਊਰਜਾ ਵਜੋਂ ਵਰਤਿਆ ਜਾ ਸਕਦਾ ਹੈ। ਇਸ ਨਾਲ ਆਮਦਨ ਵਧੇਗੀ, ਨਾਲ ਹੀ ਵਾਤਾਵਰਨ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇਗਾ। ਇਸ ਕਰਕੇ ਕੁਦਰਤੀ ਖੇਤੀ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
● ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਲੋਕ ਸਿਹਤ ਪ੍ਰਤੀ ਜਾਗਰੂਕ ਹੋਏ ਹਨ। ਲੋਕ ਸਾਫ਼-ਸੁਥਰੇ ਤੇ ਚੰਗੇ ਉਤਪਾਦਨ ਵੱਲ ਵੱਧ ਰਹੇ ਹਨ। ਇਸ ਨਾਲ ਹੀ ਲੋਕਾਂ ਦਾ ਧਿਆਨ ਕੁਦਰਤੀ ਖੇਤੀ ਵੱਲ ਖਿੱਚਿਆ ਗਿਆ ਹੈ। ਜਿਸ ਕਾਰਣ ਜੈਵਿਕ ਖੇਤੀ ਤੇ ਕੁਦਰਤੀ ਖੇਤੀ ਦਾ ਕੰਮ ਵਧ ਰਿਹਾ ਹੈ। ਇਸਦੀ ਅੱਜ ਪੂਰੀ ਦੁਨੀਆ `ਚ ਮੰਗ ਹੈ। ਹਾਲ ਹੀ `ਚ, ਦੇਸ਼ ਨੇ ਪੌਣੇ ਚਾਰ ਕਰੋੜ ਰੁਪਏ ਦੇ ਖੇਤੀ ਉਤਪਾਦ ਨਿਰਯਾਤ ਕੀਤੇ ਹਨ। ਇਸ ਵਿੱਚ ਜੈਵਿਕ ਉਤਪਾਦ ਦੀ ਇੱਕ ਵੱਡੀ ਮਾਤਰਾ ਸ਼ਾਮਿਲ ਸੀ।
● ਅੰਤ `ਚ ਉਨ੍ਹਾਂ ਕਿਹਾ ਕਿ ਇਸ ਸਮੁੱਚੀ ਚਰਚਾ `ਚ ਜੋ ਵੀ ਸਿੱਟਾ ਨਿਕਲੇਗਾ, ਸਰਕਾਰ ਉਸ ਨੂੰ ਗੰਭੀਰਤਾ ਨਾਲ ਲਵੇਗੀ ਤੇ ਸੋਚ ਸਮਝ ਕੇ ਅੱਗੇ ਵਧੇਗੀ।
Summary in English: Need to work on adequate availability of fodder for livestock: Tomar