Sustainable Collaboration: ਨੈਸਲੇ ਵਿਗਿਆਨੀਆਂ ਦਾ ਇਕ ਵਫ਼ਦ ਜਿਸ ਵਿਚ ਸ਼੍ਰੀ ਪਾਸਕਲ ਚੈਪੋਟ, ਖੇਤੀਬਾੜੀ ਸੰਬੰਧੀ ਨੈਸਲੇ ਦੇ ਆਲਮੀ ਮੁਖੀ, ਹੇਨਰੀ ਫਲੋਰੈਂਸ, ਟਿਕਾਊ ਪੌਸ਼ਟਿਕਤਾ ਸੰਬੰਧੀ ਮੁਖੀ, ਮੈਨੂਅਲ ਸਕੈਰਰ, ਸਵਿਟਜ਼ਰਲੈਂਡ ਤੋਂ ਖੇਤੀ ਵਿਗਿਆਨੀ, ਨਵੀਨ ਪੁਟਲਿੰਗਾਹ, ਸਿੰਘਾਪੁਰ ਅਤੇ ਨੈਸਲੇ ਮੋਗਾ ਤੋਂ ਸੁਮਿਤ ਧੀਮਾਨ ਤੇ ਉਨ੍ਹਾਂ ਦੀ ਟੀਮ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ।
ਇਸ ਦੌਰੇ ਦਾ ਮੰਤਵ ਸੰਨ 2050 ਤਕ ਪਸ਼ੂਧਨ ਖੇਤਰ ਦੀ ਸ਼ੁੱਧ ਨਿਕਾਸੀ ਨੂੰ ਜ਼ੀਰੋ ਕਰਨ ਦੇ ਟੀਚੇ ਸੰਬੰਧੀ ਸੰਭਾਵੀ ਸਹਿਯੋਗ ਦੀ ਪੜਚੋਲ ਕਰਨਾ ਸੀ।
ਵਿਚਾਰ ਵਟਾਂਦਰੇ ਦੌਰਾਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਾਤਾਵਰਣ ਸੰਭਾਲ ਪ੍ਰਤੀ ਪੂਰਨ ਤੌਰ ’ਤੇ ਸਮਰਪਿਤ ਹੈ ਅਤੇ ਨੈਸਲੇ ਨਾਲ ਸਾਂਝੇਦਾਰੀ ਵਿਚ ਯਕੀਨ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਸੰਸਥਾਵਾਂ ਦੇ ਸਹਿਯੋਗ ਨਾਲ ਟਿਕਾਊ ਵਿਕਾਸ ਲਈ ਇਕ ਨਮੂਨਾ ਤਿਆਰ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਗਰੀਨ ਹਾਊਸ ਗੈਸਾਂ ਦੇ ਨਿਕਾਸ ਵਿਚ ਪਸ਼ੂਧਨ ਖੇਤਰ ਆਲਮੀ ਪੱਧਰ ’ਤੇ 18 ਪ੍ਰਤੀਸ਼ਤ ਭਾਗੀਦਾਰ ਹੈ। ਜਿਸ ਵਿਚ ਮਿਥੇਨ ਗੈਸ ਦਾ ਹਿੱਸਾ ਹੀ 37 ਪ੍ਰਤੀਸ਼ਤ ਹੈ। ਮਿਥੇਨ ਗੈਸ ਆਲਮੀ ਤਪਸ਼ ਨੂੰ ਵਧਾਉਣ ਵਿਚ 28 ਗੁਣਾਂ ਸੰਭਾਵਨਾ ਵਧਾਉਂਦੀ ਹੈ। ਤਾਪਮਾਨ ਠੰਢਾ ਰੱਖਣ ਲਈ ਇਸ ਦੀ ਨਿਕਾਸੀ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ।
ਡਾ. ਸੰਜੀਵ ਕੁਮਾਰ ਉੱਪਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਖੇਤੀਬਾੜੀ ਅਤੇ ਪਸ਼ੂਧਨ ਪ੍ਰਬੰਧਨ ਸੰਬੰਧੀ ਟਿਕਾਊ ਵਿਹਾਰਾਂ ਵਾਸਤੇ ਯੂਨੀਵਰਸਿਟੀ ਪ੍ਰਤੀਬੱਧ ਹੈ। ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਯੂਨੀਵਰਸਿਟੀ ਦੀਆਂ ਉਨੱਤ ਖੋਜ ਸਹੂਲਤਾਂ ਤੇ ਸਮਰੱਥਾਵਾਂ ਬਾਰੇ ਦੱਸਿਆ। ਡਾ. ਰਵਿੰਦਰ ਸਿੰਘ ਗਰੇਵਾਲ ਨੇ ਵਫ਼ਦ ਨੂੰ ਪਸ਼ੂਧਨ ਫਾਰਮ ਦਾ ਦੌਰਾ ਕਰਵਾਇਆ ਅਤੇ ਚੱਲ ਰਹੇ ਪ੍ਰਾਜੈਕਟਾਂ ਅਤੇ ਉਨਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਡਾ. ਜਸਪਾਲ ਸਿੰਘ ਹੁੰਦਲ ਨੇ ਡੇਅਰੀ ਪਸ਼ੂਆਂ ਵਿਚ ਮਿਥੇਨ ਗੈਸ ਉਤਪਾਦਨ ਨੂੰ ਘਟਾਉਣ ਬਾਰੇ ਯੂਨੀਵਰਸਿਟੀ ਵਿਖੇ ਚੱਲ ਰਹੀਆਂ ਖੋਜਾਂ ਬਾਰੇ ਚਾਨਣਾ ਪਾਇਆ।
ਇਹ ਵੀ ਪੜੋ: PAU ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮੋਟੇ ਅਨਾਜਾਂ ਬਾਰੇ ਇਕ ਕਿਤਾਬਚੇ ਨੂੰ ਕੀਤਾ ਲੋਕ ਅਰਪਿਤ
ਸ਼੍ਰੀ ਪਾਸਕਲ ਨੇ ਦੁਵੱਲੇ ਸਹਿਯੋਗ ਦੀ ਸਥਾਪਤੀ ਲਈ ਆਪਣਾ ਉਤਸ਼ਾਹ ਵਿਖਾਉਂਦਿਆਂ ਕਿਹਾ ਕਿ ਅਸੀਂ ਸਾਂਝੇ ਵਿਸ਼ਿਆਂ ’ਤੇ ਜੁੜ ਕੇ ਕੰਮ ਕਰਨ ਦੇ ਚਾਹਵਾਨ ਹਾਂ ਅਤੇ ਇਸ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਵੀ ਸਰਾਹੁੰਦੇ ਹਾਂ। ਸ਼੍ਰੀ ਧੀਮਾਨ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਉੱਚ ਕਿਸਮ ਦਾ ਖੋਜ ਕਾਰਜ ਹੋ ਰਿਹਾ ਹੈ ਅਤੇ ਸਾਂਝਾ ਕੰਮ ਕਰਦਿਆਂ ਅਸੀਂ ਅਜਿਹੀਆਂ ਪ੍ਰਭਾਵੀ ਨੀਤੀਆਂ ’ਤੇ ਕੰਮ ਕਰਾਂਗੇ ਜਿਸ ਨਾਲ ਡੇਅਰੀ ਪਸ਼ੂਆਂ ਦਾ ਮਿਥੇਨ ਗੈਸ ਉਤਪਾਦਨ ਘਟਾ ਕੇ ਵਾਤਾਵਰਣ ਨੂੰ ਬਿਹਤਰ ਕਰਾਂਗੇ ਅਤੇ ਡੇਅਰੀ ਪ੍ਰਬੰਧਨ ਦੇ ਖਰਚੇ ਵੀ ਘਟਾ ਸਕਾਂਗੇ।
Summary in English: Nestlé Scientists Visit Vet Varsity to Explore Sustainable Collaboration