Animal Health & Nutrition: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਮਿਲਕਫੈਡ ਪੰਜਾਬ ਦੇ ਅਧਿਕਾਰੀਆਂ ਲਈ ਇਕ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ‘ਪਸ਼ੂ ਪੌਸ਼ਟਿਕਤਾ ਵਿੱਚ ਨਵੇਂ ਰੁਝਾਨ’। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਭਾਰਤ ਵਿਚ ਡੇਅਰੀ ਖੇਤਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿਚ ਫੀਡ ਅਤੇ ਚਾਰਿਆਂ ਦੀ ਕਮੀ, ਮਾੜੀ ਮਿਆਰ ਵਾਲੀ ਫੀਡ ਅਤੇ ਡੇਅਰੀ ਪਸ਼ੂਆਂ ਲਈ ਅਸੰਤੁਲਿਤ ਰਾਸ਼ਨ ਅਹਿਮ ਹਨ।
ਉਨ੍ਹਾਂ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਕਾਰਣ ਪਸ਼ੂਆਂ ਦਾ ਉਤਪਾਦਨ ਘਟਦਾ ਹੈ। ਸਾਨੂੰ ਇਨ੍ਹਾਂ ਮਸਲਿਆਂ ਨੂੰ ਸੰਬੋਧਿਤ ਹੋਣ ਦੀ ਜ਼ਰੂਰਤ ਹੈ। ਤਕਨਾਲੋਜੀ ਬਿਹਤਰੀ ਨਾਲ ਅਸੀਂ ਖੁਰਾਕ ਨੂੰ ਸਾਵਾਂ ਕਰਕੇ ਉਤਪਾਦਨ ਵਧਾ ਸਕਦੇ ਹਾਂ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਖੁਰਾਕ ਦੀ ਬਿਹਤਰੀ ਦੇ ਨਾਲ ਪਸ਼ੂ ਪਾਲਣ ਪ੍ਰਬੰਧਨ ਨੂੰ ਸੁਚੱਜਾ ਕਰਕੇ ਉਤਪਾਦਨ ਵਧਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤਰ ਵਿਚ ਕੰਮ ਕਰਦੇ ਪਸ਼ੂਧਨ ਨਾਲ ਸੰਬੰਧਿਤ ਸਾਰੇ ਅਦਾਰਿਆਂ ਨੂੰ ਪਸ਼ੂ ਪੌਸ਼ਟਿਕਤਾ ਦੇ ਨਵੀਨ ਰੁਝਾਨਾਂ ਨੂੰ ਸਮਝਣਾ ਅਤੇ ਵਰਤਣਾ ਚਾਹੀਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਸਿਖਲਾਈ ਮਿਲਕਫੈਡ ਅਦਾਰੇ ਵਿਚ ਕੰਮ ਕਰਦੇ ਵੈਟਨਰੀ ਡਾਕਟਰਾਂ ਨੂੰ ਦਿੱਤੀ ਗਈ ਤਾਂ ਜੋ ਉਹ ਉਤਪਾਦਕਤਾ ਬਿਹਤਰੀ ਲਈ ਕੰਮ ਕਰ ਸਕਣ।
ਤਕਨੀਕੀ ਭਾਸ਼ਣਾਂ ਵਿਚ ਡਾ. ਜਸਪਾਲ ਸਿੰਘ ਹੁੰਦਲ ਨੇ ਸਹੀ ਰਾਸ਼ਨ ਬਨਾਉਣ ਦਾ ਫਾਰਮੂਲਾ ਅਤੇ ਸੰਤੁਲਿਤ ਫੀਡ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਡਾ. ਰਵਿੰਦਰ ਸਿੰਘ ਗਰੇਵਾਲ ਨੇ ਹਰੇ ਚਾਰਿਆਂ ਦਾ ਅਚਾਰ ਅਤੇ ਹੇਅ ਬਨਾਉਣ ਸੰਬੰਧੀ ਦੱਸਿਆ। ਉਨ੍ਹਾਂ ਕਿਹਾ ਕਿ ਅਚਾਰ ਦੇ ਮਿਆਰੀਕਰਨ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਅਤੇ ਵਰਤਣ ਤੋਂ ਪਹਿਲਾਂ ਇਸ ਦੀ ਜਾਂਚ ਕਰਵਾਉਣੀ ਲੋੜੀਂਦੀ ਹੈ।
ਇਹ ਵੀ ਪੜ੍ਹੋ: ਦੁਨੀਆਂ ਤੋਂ ਮਧੂ ਮੱਖੀਆਂ ਅਤੇ ਗਾਵਾਂ ਅਲੋਪ ਹੋ ਜਾਣ ਤਾਂ ਇਨਸਾਨ ਪਲਾਸਟਿਕ ਦਾ ਬਣ ਕੇ ਰਹਿ ਜਾਵੇਗਾ: Farmer Ramesh Bhai Ruparelia
ਡਾ. ਪਰਮਿੰਦਰ ਸਿੰਘ ਨੇ ਪਸ਼ੂ ਪੌਸ਼ਟਿਕਤਾ ਲਈ ਫੀਡ ਵਿਚ ਪੈਂਦੇ ਵੱਖੋ-ਵੱਖਰੇ ਤੱਤਾਂ ਬਾਰੇ ਦੱਸਿਆ ਜਿਸ ਨਾਲ ਕਿ ਇਕ ਸੰਤੁਲਿਤ ਖੁਰਾਕ ਤਿਆਰ ਕੀਤੀ ਜਾ ਸਕੇ। ਡਾ. ਸਵਰਨ ਸਿੰਘ ਰੰਧਾਵਾ ਨੇ ਵਧੀਆ ਖੁਰਾਕ ਨਾਲ ਬਿਮਾਰੀ ਤੋਂ ਬਚਾਅ ਦੇ ਸੰਬੰਧ ਨੂੰ ਪ੍ਰਗਟਾਇਆ। ਡਾ. ਪੁਨੀਤ ਮਲਹੋਤਰਾ ਨੇ ਪਸ਼ੂ ਪ੍ਰਜਣਨ ਸੰਬੰਧੀ ਨੀਤੀਆਂ ਦੀ ਗੱਲ ਕੀਤੀ ਜਿਸ ਨਾਲ ਕਿ ਨਸਲ ਬਿਹਤਰੀ ਕੀਤੀ ਜਾ ਸਕੇ। ਸਿਖਲਾਈ, ਪ੍ਰਤੀਭਾਗੀਆਂ ਨਾਲ ਵਿਚਾਰ ਵਟਾਂਦਰੇ ਨਾਲ ਸੰਪੂਰਨ ਹੋਈ।
Summary in English: Optimum Nutrition Diet Key to Unlocking Production Potential of Livestock: GADVASU