Goat Farming Course: ਪੰਜਾਬ ਸਰਕਾਰ ਸੂਬੇ ਵਿੱਚ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਇਹੀ ਕਾਰਨ ਹੈ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਪਸ਼ੂ ਪਾਲਕਾਂ ਨੂੰ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਮਾਹਿਰ ਸਟਾਫ਼ ਵੱਲੋਂ ਪਸ਼ੂ ਪਾਲਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਦਾ ਧੰਦਾ ਹੋਰ ਵਧ-ਫੁੱਲ ਸਕੇ।
ਭਾਰਤ ਦੁਨੀਆ ਵਿੱਚ ਬੱਕਰੀ ਦੇ ਦੁੱਧ ਅਤੇ ਮੀਟ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ। ਬੱਕਰੀ ਦੇ ਦੁੱਧ ਦੀ ਵਧਦੀ ਮੰਗ ਦੇ ਮੱਦੇਨਜ਼ਰ ਦੇਸ਼ ਦੇ ਬਹੁਤ ਸਾਰੇ ਕਿਸਾਨ ਹੁਣ ਬੱਕਰੀ ਪਾਲਣ ਦਾ ਕਾਰੋਬਾਰ ਕਰ ਰਹੇ ਹਨ। ਬੇਸ਼ੱਕ ਇਸ ਧੰਦੇ ਵਿੱਚ ਮੁਨਾਫ਼ਾ ਬਹੁਤ ਜ਼ਿਆਦਾ ਹੈ, ਪਰ ਕਈ ਵਾਰ ਮੌਸਮ ਵਿੱਚ ਤਬਦੀਲੀ ਅਤੇ ਪਸ਼ੂ ਪਾਲਕਾਂ ਦੀ ਲਾਪਰਵਾਹੀ ਭਾਰੀ ਨੁਕਸਾਨ ਨੂੰ ਸੱਦਾ ਦਿੰਦੀ ਹੈ, ਜਿਸਦੇ ਚਲਦਿਆਂ ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ।
ਪਸ਼ੂ ਪਾਲਣ ਵਿਭਾਗ ਦੀ ਸਿਖਲਾਈ ਕਾਰਨ ਹੀ ਪਸ਼ੂ ਪਾਲਕ ਆਪਣੀ ਆਮਦਨ ਵਿੱਚ ਚੋਖਾ ਵਾਧਾ ਕਰ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਜੂਨ ਮਹੀਨੇ ਦੇ ਸਿਖਲਾਈ ਪ੍ਰੋਗਰਾਮ ਤਹਿਤ ਬੱਕਰੀ ਪਾਲਣ ਲਈ ਤਿੰਨ ਬੈਚ ਦਾ ਆਯੋਜਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਤਾਪਮਾਨ 42 ਡਿਗਰੀ ਤੋਂ ਪਾਰ, ਆਓ ਜਾਣੀਏ ਗਰਮੀ ਵਿੱਚ ਕਿਵੇਂ ਕਰੀਏ ਬੱਕਰੀਆਂ ਦੀ ਦੇਖਭਾਲ?
ਜੂਨ ਮਹੀਨੇ ਦੇ ਟ੍ਰੇਨਿੰਗ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਜੂਨ ਮਹੀਨੇ ਵਿੱਚ ਤਿੰਨ ਬੈਚਾਂ ਰਾਹੀਂ - 6 ਤੋਂ 7 ਜੂਨ ਤੱਕ, 13 ਤੋਂ 14 ਜੂਨ ਤੱਕ, 27 ਤੋਂ 28 ਜੂਨ ਤੱਕ ਬੱਕਰੀ ਪਾਲਣ ਦੀ ਟ੍ਰੇਨਿੰਗ ਆਯੋਜਿਤ ਹੋ ਰਹੀ ਹੈ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਮਾਹਿਰਾਂ ਵੱਲੋਂ ਬੱਕਰੀ ਪਾਲਣ ਦੇ ਕਿੱਤੇ ਵਿੱਚ ਸਹਾਈ ਮਹੱਤਵਪੂਰਨ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਡਾ. ਹਰਵੀਨ ਕੌਰ ਨੇ ਇਹ ਵੀ ਦੱਸਿਆ ਕਿ ਜਿਹੜੇ-ਜਿਹੜੇ ਵੀ ਵਿਅਕਤੀ/ਪਸ਼ੂ ਪਾਲਕ ਇਸ ਟ੍ਰੇਨਿੰਗ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ: ਬੱਕਰੀ ਦੀ ਇਹ ਸਭ ਤੋਂ ਛੋਟੀ ਨਸਲ ਆਪਣੇ ਮੀਟ ਤੇ ਦੁੱਧ ਲਈ ਮਸ਼ਹੂਰ
ਪਸ਼ੂ ਪਾਲਕਾਂ ਨੂੰ ਅਪੀਲ
ਉਨਾਂ ਸਮੂਹ ਪਸ਼ੂ ਪਾਲਕਾਂ ਅਤੇ ਪਸ਼ੂ ਪਾਲਣ ਦਾ ਕਿੱਤਾ ਅਪਣਾਉਣ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਿਅਕਤੀ ਇਨਾਂ ਮਹੱਤਵਪੂਰਨ ਟ੍ਰੇਨਿੰਗਾਂ ਵਿੱਚ ਸ਼ਮੂਲੀਅਤ ਕਰਕੇ ਆਪਣੇ ਧੰਦੇ ਨੂੰ ਪ੍ਰਫੁੱਲਤਾ ਵੱਲ ਲਿਜਾਣ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਮੋਗਾ (District Public Relations Office Moga)
Summary in English: Organized Training Course for Goat Farming from June 6 to 28 in three batches