
‘ਸਾਈਲੇਜ (ਹਰੇ ਚਾਰਿਆਂ ਦਾ ਅਚਾਰ): ਬਨਾਉਣ ਤੋਂ ਲੈ ਕੇ ਖਵਾਉਣ ਤਕ' ਵਿਸ਼ੇ ’ਤੇ ਇਕ ਵਿਚਾਰ ਗੋਸ਼ਠੀ
Panel Discussion: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਡੇਅਰੀ ਕਿਸਾਨਾਂ ਵਿੱਚ ਜਾਗਰੂਕਤਾ ਵਧਾਉਣ ਹਿਤ ‘ਸਾਈਲੇਜ (ਹਰੇ ਚਾਰਿਆਂ ਦਾ ਅਚਾਰ): ਬਨਾਉਣ ਤੋਂ ਲੈ ਕੇ ਖਵਾਉਣ ਤਕ' ਵਿਸ਼ੇ ’ਤੇ ਇਕ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਬਿਹਤਰ ਡੇਅਰੀ ਉਤਪਾਦਨ ਲਈ ਉੱਚ ਗੁਣਵੱਤਾ ਵਾਲੇ ਮਿਆਰੀ ਸਾਈਲੇਜ ਦੀ ਬਹੁਤ ਮਹੱਤਤਾ ਹੈ।
ਡਾ. ਰਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਾਈਲੇਜ ਡੇਅਰੀ ਕਿਸਾਨਾਂ ਵਿੱਚ ਬਹੁਤ ਪ੍ਰਚਲਿਤ ਹੈ, ਪਰ ਇਸ ਨੂੰ ਬਨਾਉਣ ਦੇ ਤਰੀਕਿਆਂ ਵਿੱਚ ਬੜੇ ਭਿੰਨ-ਭੇਦ ਪਾਏ ਜਾਂਦੇ ਹਨ, ਜਿਨ੍ਹਾਂ ਦਾ ਵਿਗਿਆਨਕ ਢੰਗ ਨਾਲ ਮਿਆਰੀਕਰਨ ਕਰਨਾ ਬਹੁਤ ਜ਼ਰੂਰੀ ਹੈ।
ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਸਾਈਲੇਜ ਬਨਾਉਣ ਦੇ ਸੁਚੱਜੇ ਢੰਗਾਂ ਬਾਰੇ ਗਿਆਨ ਦਿੱਤਾ।
ਡਾ. ਜਸਪਾਲ ਸਿੰਘ ਹੁੰਦਲ, ਮੁਖੀ, ਪਸ਼ੂ ਆਹਾਰ ਵਿਭਾਗ ਨੇ ਯੂਨੀਵਰਸਿਟੀ ਵੱਲੋਂ ਸਾਈਲੇਜ ਗੁਣਵੱਤਾ ਮਾਪਦੰਡ, ਖੇਤਰ ਵਿੱਚ ਨਿਰੀਖਣ ਗੁਣਵੱਤਾ ਅਤੇ ਜਾਂਚ ਸਹੂਲਤਾਂ ਬਾਰੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਸੰਬੰਧੀ ਚਾਨਣਾ ਪਾਇਆ।
ਡਾ. ਨਵਜੋਤ ਸਿੰਘ ਬਰਾੜ ਨੇ ਉਨ੍ਹਾਂ ਵੱਖ-ਵੱਖ ਚਾਰਿਆਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਦਾ ਸਾਈਲੇਜ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਨ੍ਹਾਂ ਨੂੰ ਕਾਸ਼ਤ ਦੇ ਤਰੀਕਿਆਂ ਅਤੇ ਪਰਜੀਵੀਆਂ ਤੋਂ ਬਚਾਉਣ ਦੇ ਢੰਗਾਂ ਬਾਰੇ ਦੱਸਿਆ।
ਡਾ. ਅਮਰਪ੍ਰੀਤ ਸਿੰਘ ਪੰਨੂ, ਸੀਨੀਅਰ ਵੈਟਨਰੀ ਅਫ਼ਸਰ, ਪਸ਼ੂ ਪਾਲਣ ਵਿਭਾਗ ਨੇ ਮਾੜੀ ਕਵਾਲਿਟੀ ਦੇ ਸਾਈਲੇਜ ਕਾਰਣ ਖੇਤਰ ਵਿੱਚ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲਿਆਂ ਦਾ ਜ਼ਿਕਰ ਕੀਤਾ।
ਇਹ ਵੀ ਪੜ੍ਹੋ: Chemical Free Farming ਵੱਲ ਕਦਮ, ਇੱਥੇ ਸ਼ੁਰੂ ਹੋਈ Organic Farmer's Market, ਬਾਜ਼ਾਰ ਵਿੱਚ Natural Farming ਕਰਨ ਵਾਲੇ 70 ਕਿਸਾਨਾਂ ਲਈ ਜਗ੍ਹਾ
ਡਾ. ਅਮਨਿੰਦਰ ਸਿੰਘ ਦਿਓਲ, ਵੈਟਨਰੀ ਅਫ਼ਸਰ ਨੇ ਵੀ ਮਿਆਰੀ ਸਾਈਲੇਜ ਬਨਾਉਣ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਸ਼੍ਰੀ ਰਾਜਪਾਲ ਸਿੰਘ ਕੁਲਾਰ, ਅਗਾਂਹਵਧੂ ਡੇਅਰੀ ਕਿਸਾਨ ਨੇ ਗੁਣਵੱਤਾ ਵਾਲੇ ਸਾਈਲੇਜ ਬਾਰੇ ਆਨਲਾਈਨ ਮਾਧਿਅਮ ਰਾਹੀਂ ਕਈ ਨੁਕਤੇ ਵਿਚਾਰੇ।
ਡਾ. ਜਸਵਿੰਦਰ ਸਿੰਘ, ਮੁਖੀ ਵੈਟਨਰੀ ਪਸਾਰ ਸਿੱਖਿਆ ਵਿਭਾਗ ਨੇ ਇਸ ਵਿਚਾਰ ਗੋਸ਼ਠੀ ਦਾ ਸੰਯੋਜਨ ਕੀਤਾ ਜੋ ਲਗਭਗ ਦੋ ਘੰਟੇ ਚੱਲੀ । ਉਨ੍ਹਾਂ ਕਿਹਾ ਕਿ ਹੋਰ ਕਿਸਾਨਾਂ ਨੂੰ ਜਾਗਰੂਕ ਕਰਨ ਹਿਤ ਇਸ ਗੋਸ਼ਠੀ ਦੀ ਰਿਕਾਰਡਿੰਗ ਯੂਨੀਵਰਸਿਟੀ ਦੇ ਯੂ ਟਿਊਬ ਚੈਨਲ (GADVASU Extension Services) ’ਤੇ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੀਆਂ ਸਾਰੀਆਂ ਭਾਈਵਾਲ ਧਿਰਾਂ ਨੂੰ ਵਿਗਿਆਨਕ ਅਭਿਆਸਾਂ ਸੰਬੰਧੀ ਕਾਰਜ ਕਰਨ ’ਤੇ ਜੋਰ ਦਿੰਦੀ ਹੈ ਤਾਂ ਜੋ ਬਿਹਤਰ ਨਤੀਜੇ ਲਏ ਜਾ ਸਕਣ।
ਇਸ ਗੋਸ਼ਠੀ ਵਿੱਚ ਲਗਭਗ 100 ਕਿਸਾਨਾਂ ਅਤੇ ਸੰਬੰਧਿਤ ਭਾਈਵਾਲ ਧਿਰਾਂ ਨੇ ਹਿੱਸਾ ਲਿਆ। ਵਰਨਣਯੋਗ ਹੈ ਕਿ ਯੂਨੀਵਰਸਿਟੀ ਮਹੱਤਵਪੂਰ ਮੁੱਦਿਆਂ ’ਤੇ ਅਜਿਹੀਆਂ ਵਿਚਾਰ ਗੋਸ਼ਠੀਆਂ ਕਰਵਾਉਂਦੀ ਰਹਿੰਦੀ ਹੈ ਅਤੇ ਕੋਈ ਵੀ ਚਾਹਵਾਨ ਵਿਅਕਤੀ ਇਸ ਵਿੱਚ ਆਨਲਾਈਨ ਮਾਧਿਅਮ ਰਾਹੀਂ ਜੁੜ ਸਕਦਾ ਹੈ।
Summary in English: Panel Discussion on Quality Silage Making, green fodder, Organizing workshop