ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਖੇਤੀਬਾੜੀ ਪਸਾਰ ਪ੍ਰਬੰਧਨ ਕੌਮੀ ਸੰਸਥਾ, ਹੈਦਰਾਬਾਦ ਦੇ ਸਹਿਯੋਗ ਨਾਲ ਇਕ ਚਾਰ ਦਿਨਾ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ।ਪਸ਼ੂਧਨ ਖੇਤਰ ਦੇ ਵਿਭਿੰਨ ਭਾਈਵਾਲਾਂ ਲਈ ਕਰਵਾਏ ਇਸ ਪ੍ਰੋਗਰਾਮ ਦਾ ਵਿਸ਼ਾ ਸੀ ’ਦੁੱਧ ਅਤੇ ਮੀਟ ਦੀ ਗੁਣਵੱਤਾ ਵਧਾਉਣਾ: ਉਦਮੀਪਨ ਲਈ ਹੰਭਲਾ’।ਇਸ ਸਿਖਲਾਈ ਦਾ ਉਦਘਾਟਨ ਡਾ. ਪੀ ਚੰਦਰਾ ਸ਼ੇਖਰ, ਮਹਾਂਨਿਰਦੇਸ਼ਕ, ਖੇਤੀਬਾੜੀ ਪਸਾਰ ਪ੍ਰਬੰਧਨ ਕੌਮੀ ਸੰਸਥਾ, ਹੈਦਰਾਬਾਦ ਅਤੇ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਸਾਂਝੇ ਤੌਰ ’ਤੇ ਕੀਤਾ।
ਡਾ. ਸ਼ੇਖਰ ਨੇ ਉਦਮੀਪਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪਸ਼ੂਧਨ ਖੇਤਰ ਦੀਆਂ ਭਾਈਵਾਲ ਧਿਰਾਂ ਲਈ ਅਜਿਹੀ ਸਿਖਲਾਈ ਦੀ ਬਹੁਤ ਮਹੱਤਤਾ ਹੈ।ਡਾ. ਬਰਾੜ ਨੇ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਉਦਮ ਸਥਾਪਿਤ ਕਰਨ ਸੰਬੰਧੀ ਚਰਚਾ ਕੀਤੀ ਅਤੇ ਇਸ ਖੇਤਰ ਵਿਚ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਵਲੋਂ ਨਿਭਾਈ ਜਾ ਰਹੀ ਭੂਮਿਕਾ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਉਦਮੀਆਂ, ਬੇਰੁਜ਼ਗਾਰ ਨੌਜਵਾਨਾਂ ਅਤੇ ਔਰਤਾਂ ਨੂੰ ਸਵੈ-ਨਿਰਭਰ ਬਨਾਉਣਾ ਹੈ।
ਇਸ ਸਿਖਲਾਈ ਵਿਚ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 155 ਪ੍ਰਤੀਭਾਗੀਆਂ ਨੇ ਹਿੱਸਾ ਲਿਆ।ਇਨ੍ਹਾਂ ਸਿੱਖਿਆਰਥੀਆਂ ਵਿਚ ਕਿਸਾਨ, ਉਦਮੀ, ਖੇਤਰ ਵਿਚ ਕੰਮ ਕਰਦੇ ਵੈਟਨਰੀ ਪੇਸ਼ੇਵਰ, ਖੋਜਾਰਥੀ, ਵਿਗਿਆਨਕ ਕਰਮਚਾਰੀ ਅਤੇ ਅਧਿਆਪਕ ਸ਼ਾਮਿਲ ਸਨ ਜੋ ਕਿ ਵਿਭਿੰਨ ਵਿਭਾਗਾਂ, ਕਿ੍ਰਸ਼ੀ ਵਿਗਿਆਨ ਕੇਂਦਰਾਂ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨਾਲ ਜੁੜੇ ਹੋਏ ਸਨ।
ਵੈਟਨਰੀ ਯੂਨੀਵਰਸਿਟੀ ਦੇ ਮਾਹਿਰਾਂ ਨੇ 16 ਮੁਹਾਰਤ ਭਾਸ਼ਣ ਦਿੱਤੇ ਜਿਨ੍ਹਾਂ ਰਾਹੀਂ ਦੁੱਧ, ਮੀਟ ਅਤੇ ਮੱਛੀ ਦੀ ਗੁਣਵੱਤਾ ਵਧਾਉਣ ਵਧਾ ਕੇ ਉਨ੍ਹਾਂ ਦੇ ਕਿੱਤੇ ਸਥਾਪਿਤ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ।ਇਨ੍ਹਾਂ ਭਾਸ਼ਣਾਂ ਨੂੰ ਈ-ਸੰਗ੍ਰਹਿ ਦੇ ਰੂਪ ਵਿਚ ਡਾ. ਸ਼ੇਖਰ ਅਤੇ ਡਾ. ਬਰਾੜ ਨੇ ਸਾਂਝੇ ਰੂਪ ਵਿਚ ਜਾਰੀ ਕੀਤਾ।ਸਿਖਲਾਈ ਤੋਂ ਬਾਅਦ ਸਿੱਖਿਆਰਥੀਆਂ ਕੋਲੋਂ ਉਨ੍ਹਾਂ ਦੇ ਵਿਚਾਰ ਵੀ ਲਏ ਗਏ।
ਜਿਸ ਬਾਰੇ ਉਨ੍ਹਾਂ ਨੇ ਬਹੁਤ ਤਸੱਲੀਪੂਰਵਕ ਵੇਰਵੇ ਦਿੱਤੇ ਅਤੇ ਸਿਖਲਾਈ ਨੂੰ ਬਹੁਤ ਸਾਰਥਕ ਦੱਸਿਆ।ਹੈਦਰਾਬਾਦ ਦੀ ਕੌਮੀ ਸੰਸਥਾ ਦੇ ਸਹਾਇਕ ਨਿਰਦੇਸ਼ਕ, ਡਾ. ਸ਼ਾਹਾਜੀ ਫਾਂਡ ਇਸ ਕੋਰਸ ਦੇ ਨਿਰਦੇਸ਼ਕ ਸਨ ਜਦਕਿ ਡਾ. ਨਿਤਿਨ ਮਹਿਤਾ ਵੈਟਨਰੀ ਯੂਨੀਵਰਸਿਟੀ ਇਸ ਦੇ ਸੰਯੋਜਕ ਸਨ।ਡਾ. ਐਸ ਸਿਵਾ ਕੁਮਾਰ ਅਤੇ ਡਾ. ਅਮਨਦੀਪ ਸਿੰਘ ਨੇ ਬਤੌਰ ਸਹਿ-ਸੰਯੋਜਕ ਸਿਖਲਾਈ ਵਿਚ ਯੋਗਦਾਨ ਦਿੱਤਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Participants from 24 States and Union Territories took part in Veterinary University training