Biogas Plants: ਪੀ.ਏ.ਯੂ. ਨੇ ਦਿੱਲੀ ਸਥਿਤ ਇੱਕ ਫਰਮ ਸਰੋਜਾ ਸਸਟੇਨੇਏਬਲ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟਡ ਨਾਲ ਤਿੰਨ ਸਮਝੌਤੇ ਕੀਤੇ। ਇਹਨਾਂ ਸਮਝੌਤਿਆਂ ਤਹਿਤ ਪੀ.ਏ.ਯੂ. ਨੇ ਪੱਕੇ ਗੁੰਬਦ ਵਾਲੇ ਪੀ.ਏ.ਯੂ. ਫੈਮਿਲੀ ਸਾਇਜ਼ ਬਾਇਓਗੈਸ ਪਲਾਂਟ ਜਿਸਦੀ ਸਮਰਥਾ ਪ੍ਰਤੀ ਦਿਨ ਇਕ ਘਣਮੀਟਰ ਤੋਂ 25 ਘਣਮੀਟਰ ਹੈ, ਜ਼ਮੀਨ ਤੋਂ ਉੱਪਰ ਦਰਮਿਆਨੀ ਲੋਹੇ ਦੀ ਚਾਦਰ ਨਾਲ ਬਣਨ ਵਾਲੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਅਤੇ ਸੁਧਰੇ ਹੋਏ ਪੀ.ਏ.ਯੂ. ਪੱਕੇ ਗੁੰਬਦ ਵਾਲੇ ਜਨਤਾ ਮਾਡਲ ਬਾਇਓਗੈਸ ਪਲਾਂਟ ਜਿਸਦੀ ਸਮਰਥਾ 25 ਘਣਮੀਟਰ ਪ੍ਰਤੀ ਦਿਨ ਤੋਂ 500 ਘਣਮੀਟਰ ਪ੍ਰਤੀ ਦਿਨ ਤੱਕ ਹੈ, ਦੇ ਪਸਾਰ ਲਈ ਅਧਿਕਾਰ ਸੰਬੰਧਿਤ ਫਰਮ ਨੂੰ ਦਿੱਤੇ ਗਏ।
ਦੱਸ ਦੇਈਏ ਕਿ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸਰੋਜਾ ਸਸਟੇਨੇਏਬਲ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟਡ ਵਲੋਂ ਸ਼੍ਰੀ ਰੋਸ਼ਨ ਸ਼ੰਕਰ ਨੇ ਇਹਨਾਂ ਸਮਝੌਤਿਆਂ ਉੱਪਰ ਦਸਤਖਤ ਕੀਤੇ।
ਖੇਤੀ ਇੰਜਨੀਅਰਿੰਗ ਦੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਇਹਨਾਂ ਤਕਨੀਕਾਂ ਦੇ ਪਸਾਰ ਲਈ ਮੁੱਖ ਵਿਗਿਆਨੀ ਅਤੇ ਨਵਿਆਉਣਯੋਗ ਊਰਜਾ ਦੇ ਮਾਹਿਰ ਡਾ. ਸਰਬਜੀਤ ਸਿੰਘ ਸੂਚ ਨੂੰ ਵਧਾਈ ਦਿੱਤੀ। ਡਾ. ਸੂਚ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਊਰਜਾ ਦੇ ਖੇਤਰ ਵਿਚ ਸਥਿਰਤਾ ਲਿਆਉਣ ਲਈ ਇਹਨਾਂ ਬਾਇਓਗੈਸ ਪਲਾਂਟਾਂ ਨੂੰ ਡਿਜ਼ਾਇਨ ਕੀਤਾ ਗਿਆ ਹੈ।
ਅੱਗੇ ਬੋਲਦਿਆਂ ਡਾ. ਸਰਬਜੀਤ ਸਿੰਘ ਸੂਚ ਨੇ ਕਿਹਾ ਕਿ ਇਹ ਬਾਇਓਗੈਸ ਪਲਾਂਟ ਪੂਰੇ ਦੇਸ਼ ਵਿਚ ਕੰਮ ਕਰਨ ਦੇ ਯੋਗ ਹਨ ਅਤੇ ਇਸ ਨਾਲ ਕੀਮਤ ਦੇ ਮਾਮਲੇ ਵਿਚ ਵੀ ਬੱਚਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਰਵਾਇਤੀ ਪਲਾਂਟਾਂ ਦੇ ਮੁਕਾਬਲੇ ਇਹਨਾਂ ਪਲਾਂਟਾਂ ਦਾ ਮੁਰੰਮਤ ਦਾ ਖਰਚਾ ਵੀ ਘੱਟ ਹੈ।
ਇਹ ਵੀ ਪੜ੍ਹੋ : PAU ਵੱਲੋਂ ਪਾਣੀ ਦੀ ਘਾਟ ਵਾਲੇ ਪੰਜਾਬ ਦੇ ਇਨ੍ਹਾਂ 6 ਜ਼ਿਲ੍ਹਿਆਂ ਵਿੱਚ Short Duration Rice Varieties ਦੀ ਸਿਫ਼ਾਰਸ਼
ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਇਸ ਮੌਕੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਤਕਨੀਕਾਂ ਦੇ ਪਸਾਰ ਲਈ 371 ਸਮਝੌਤਿਆਂ ਉੱਪਰ ਸਹੀ ਪਾਈ ਹੈ। ਇਸ ਮੌਕੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਕਾਰਜਕਾਰੀ ਮੁਖੀ ਡਾ. ਐੱਸ ਕੇ ਸਿੰਘ, ਡਾ. ਅਨੁਰਾਗ ਨਾਥ ਅਤੇ ਸ਼੍ਰੀ ਵਿਨੈ ਨਾਗਾਸ਼ੈਟੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU Agreements for expansion of three different technologies of biogas plants