1. Home
  2. ਖਬਰਾਂ

Progressive Farmers of Punjab: 14 ਅਤੇ 15 ਮਾਰਚ ਨੂੰ ਕਿਸਾਨ ਮੇਲੇ ਦੌਰਾਨ ਪੰਜਾਬ ਦੇ ਇਹ ਕਿਸਾਨ ਹੋਣਗੇ ਸਨਮਾਨਿਤ

Punjab Agricultural University ਵੱਲੋਂ 14 ਅਤੇ 15 ਮਾਰਚ ਨੂੰ ਲਗਾਏ ਜਾ ਰਹੇ ਕਿਸਾਨ ਮੇਲੇ ਵਿੱਚ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਨ੍ਹਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਪੰਜਾਬ ਦੀ ਖੇਤੀ ਨੂੰ ਵਿਕਸਿਤ ਦਿਸ਼ਾ ਵਿੱਚ ਤੋਰਨ ਲਈ ਨਾ ਸਿਰਫ ਅਹਿਮ ਭੂਮਿਕਾ ਨਿਭਾਈ ਬਲਕਿ ਰਵਾਇਤੀ ਖੇਤੀ ਚੋਂ ਹੱਟ ਕੇ ਸਹਾਇਕ ਕਿੱਤਿਆਂ ਅਤੇ ਹੋਰ ਤਰੀਕਿਆਂ ਨਾਲ ਆਪਣੇ ਪਰਿਵਾਰ ਦੀ ਆਮਦਨ ਵਿੱਚ ਜ਼ਿਕਰਯੋਗ ਵਾਧਾ ਕੀਤਾ।

Gurpreet Kaur Virk
Gurpreet Kaur Virk
ਪੰਜਾਬ ਦੇ ਅਗਾਂਹਵਧੂ ਕਿਸਾਨ ਅਤੇ ਕਿਸਾਨ ਬੀਬੀਆਂ ਦਾ ਸਨਮਾਨ

ਪੰਜਾਬ ਦੇ ਅਗਾਂਹਵਧੂ ਕਿਸਾਨ ਅਤੇ ਕਿਸਾਨ ਬੀਬੀਆਂ ਦਾ ਸਨਮਾਨ

Progressive Farmers: ਪੀਏਯੂ ਵੱਲੋਂ 14 ਅਤੇ 15 ਮਾਰਚ ਨੂੰ ਲਗਾਏ ਜਾ ਰਹੇ ਕਿਸਾਨ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਸਨਮਾਨ ਮੇਲੇ ਦੇ ਉਦਘਾਟਨੀ ਸਮਾਰੋਹ ਵਿਚ ਕੀਤਾ ਜਾਵੇਗਾ।

ਇਨ੍ਹਾਂ ਨੂੰ ਮੁੱਖ ਮੰਤਰੀ ਪੁਰਸਕਾਰ, ਸੀ ਆਰ ਆਈ ਪੰਪਜ਼ ਪੁਰਸਕਾਰ, ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਪੁਰਸਕਾਰ ਅਤੇ ਜੱਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਡਾ. ਭੁੱਲਰ ਨੇ ਦੱਸਿਆ ਕਿਹਾ ਕਿ ਇਨ੍ਹਾਂ ਵਿਚ ਜੱਥੇਦਾਰ ਗੁਰਦਿੱਤਾ ਸਿੰਘ ਮਾਹਲ ਪੁਰਸਕਾਰ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਕਿਸਾਨ ਮੇਲੇ ਵਿਚ ਦਿੱਤਾ ਜਾਵੇਗਾ।

ਇਨ੍ਹਾਂ ਵਿੱਚ ਬਾਗਬਾਨੀ ਲਈ ਮੁੱਖ ਮੰਤਰੀ ਪੁਰਸਕਾਰ ਸ. ਜਗਤਾਰ ਸਿੰਘ ਸਪੁੱਤਰ ਸ. ਭਗਵਾਨ ਸਿੰਘ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਕਲਾਂ ਨੂੰ ਦਿੱਤੇ ਜਾਵੇਗਾ। ਇਸ ਕਿਸਾਨ ਨੇ ਗ੍ਰੈਜੂਏਸ਼ਨ ਤੱਕ ਵਿੱਦਿਅਕ ਯੋਗਤਾ ਹਾਸਲ ਕਰਨ ਤੋਂ ਬਾਅਦ ਪਿਤਾ ਪੁਰਖੀ ਕਿੱਤੇ ਵਾਹੀ ਨਾਲ ਜੁੜਨ ਦਾ ਫੈਸਲਾ ਕੀਤਾ ਅਤੇ ਇਹਨਾਂ 41 ਕਿੱਲੇ ਦੀ ਪੁਸ਼ਤੈਨੀ ਜ਼ਮੀਨ ਨਾਲ ਠੇਕੇ ਉੱਤੇ ਲੈ ਕੇ 100 ਏਕੜ ਦੇ ਕਰੀਬ ਲੈ ਕੇ ਬਾਗਬਾਨੀ ਫਸਲਾਂ ਦੀ ਕਾਸ਼ਤ ਵੱਲ ਵਿਸ਼ੇਸ਼ ਧਿਆਨ ਦਿੱਤਾ।

ਬਾਗਬਾਨੀ ਫ਼ਸਲਾਂ ਲਈ ਹੀ ਮੁੱਖ ਮੰਤਰੀ ਪੁਰਸਕਾਰ ਸਾਂਝੇ ਰੂਪ ਵਿੱਚ ਸ. ਧੰਨਾ ਸਿੰਘ ਸਪੁੱਤਰ ਸ. ਜਗਦੇਵ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਗਰਾਹਾਂ ਨੂੰ ਦਿੱਤਾ ਜਾਵੇਗਾ| ਇਸ ਛੋਟੇ ਕਿਸਾਨ ਨੇ ਵਿਸ਼ੇਸ਼ ਤੌਰ ਤੇ ਸਬਜ਼ੀਆਂ ਦੀ ਪਨੀਰੀ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਖੇਤਰ ਵਿਚ ਆਪਣੀ ਮਿਹਨਤ ਨਾਲ ਵਿਸ਼ੇਸ਼ ਤੌਰ ਤੇ ਪੈੜਾਂ ਪਾਈਆਂ। ਸਾਢੇ ਚਾਰ ਏਕੜ ਦੀ ਮਾਲਕੀ ਵਾਲੇ ਇਸ ਕਿਸਾਨ ਨੇ ਪੰਜ ਏਕੜ ਜ਼ਮੀਨ ਠੇਕੇ ਤੇ ਲੈ ਕੇ ਆਪਣੀ ਰੋਜ਼ੀ ਰੋਟੀ ਨੂੰ ਚਲਾਇਆ ਹੈ।

ਫ਼ਸਲ ਉਤਪਾਦਨ ਅਤੇ ਸਹਾਇਕ ਕਿੱਤਿਆ ਲਈ ਮੁੱਖ ਮੰਤਰੀ ਪੁਰਸਕਾਰ ਜ਼ਿਲ੍ਹਾ ਹੁਸ਼ਿਆਪੁਰ ਦੀ ਦਸੂਹਾ ਤਹਿਸੀਲ ਦੇ ਪਿੰਡ ਫਤਿਹਉੱਲਾਪੁਰ ਦੇ ਵਸਨੀਕ ਸ. ਰਣਜੀਤ ਸਿੰਘ ਬਾਜਵਾ ਸਪੁੱਤਰ ਸ. ਅਮਰ ਸਿੰਘ ਨੂੰ ਦਿੱਤਾ ਜਾਵੇਗਾ। ਸ. ਰਣਜੀਤ ਸਿੰਘ ਰਵਾਇਤੀ ਫਸਲੀ ਚੱਕਰ ਕਣਕ-ਝੋਨੇ ਦੀ ਥਾਂ ਆਪਣੇ ਵਧੇਰੇ ਰਕਬੇ ਵਿਚ ਕਮਾਦ ਦੀ ਕਾਸ਼ਤ ਕਰਦੇ ਹਨ। ਉਹਨਾਂ ਪਾਣੀ ਦੀ ਬੱਚਤ ਲਈ ਨਵੀਆਂ ਤਕਨੀਕਾਂ ਅਪਣਾਈਆਂ ਹਨ।

ਇਸ ਦੇ ਨਾਲ ਹੀ ਸੀ ਆਰ ਆਈ ਪੰਪਜ਼ ਪੁਰਸਕਾਰ ਸ. ਤਰਨਜੀਤ ਸਿੰਘ ਮਾਨ ਸਪੁੱਤਰ ਸ. ਮਲਕੀਤ ਸਿੰਘ, ਪਿੰਡ ਬੁਗਰਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸੇ ਵਰਗ ਵਿਚ ਪਾਣੀ ਪ੍ਰਬੰਧਣ ਲਈ ਸੀ ਆਰ ਆਈ ਪੰਪਜ਼ ਪੁਰਸਕਾਰ ਸਵਰਗਵਾਸੀ ਗੁਲਜ਼ਾਰ ਸਿੰਘ ਸਪੁੱਤਰ ਸ. ਬਾਵਾ ਸਿੰਘ, ਪਿੰਡ ਬਿਆਸ ਪਿੰਡ ਜ਼ਿਲਾ ਜਲੰਧਰ ਨੂੰ ਅਤੇ ਜੈਵਿਕ ਖੇਤੀ ਲਈ ਸਿਰਮੌਰ ਕਿਸਾਨ ਸੀ ਆਰ ਆਈ ਪੰਪਜ਼ ਪੁਰਸਕਾਰ ਨਾਲ ਪਿੰਡ ਸਲਾਣਾ ਜੀਵਨ ਸਿੰਘ ਵਾਲਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਗਾਂਹਵਧੂ ਕਿਸਾਨ ਸ. ਰਣਧੀਰ ਸਿੰਘ ਭੁੱਲਰ ਸਪੁੱਤਰ ਸ. ਸਰਵਣ ਸਿੰਘ ਨੂੰ ਦਿੱਤਾ ਜਾਵੇਗਾ। ਇਹ ਕਿਸਾਨ ਪਿਛਲੇ 25 ਸਾਲ ਤੋਂ ਵਿਗਿਆਨਕ ਲੀਹਾਂ ਤੇ ਖੇਤੀ ਕਰ ਰਿਹਾ ਹੈ। ਯੂਨੀਵਰਸਿਟੀ ਮਾਹਿਰਾਂ ਤੋਂ ਖੇਤੀ ਸੰਬੰਧਤ ਸਿਖਲਾਈਆਂ ਹਾਸਲ ਕਰਕੇ ਰਣਧੀਰ ਸਿੰਘ ਵਾਤਾਵਰਣ ਅਤੇ ਮਨੁੱਖੀ ਸਿਹਤ ਦੀ ਸਾਂਭ-ਸੰਭਾਲ ਦੇ ਆਸ਼ੇ ਨਾਲ ਕਣਕ, ਛੋਲੇ, ਤਿਲ, ਜੀਰੀ, ਮਾਂਹ, ਮੂੰਗੀ, ਗੰਨਾ ਅਤੇ ਸਬਜ਼ੀਆਂ ਆਦਿ ਦੀ ਜੈਵਿਕ ਕਾਸ਼ਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਦਲਜੀਤ ਕੌਰ ਤੂਰ ਨੂੰ ਮਿਲੇਗਾ Dairy Farming ਸ਼੍ਰੇਣੀ ਵਿੱਚ CM Award, ਬੱਕਰੀ-ਸੂਰ-ਮੱਛੀ ਪਾਲਣ ਵਿੱਚ ਇਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਦਿੱਤੇ ਜਾਣਗੇ Award

ਇਸ ਵਾਰ ਦੇ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ ਸ਼੍ਰੀਮਤੀ ਮਨਜੀਤ ਕੌਰ ਸੁਪੱਤਨੀ ਸ. ਤਰਸੇਮ ਸਿੰਘ ਪਿੰਡ ਨੀਲਾ ਨਲੋਆ ਬਲਾਕ ਭੁੰਗਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਨਿਵਾਜ਼ਿਆ ਜਾਵੇਗਾ। ਇਹ ਕਿਸਾਨ ਬੀਬੀ ਅਜਿਹੀ ਉੱਦਮੀ ਔਰਤ ਹੈ ਜਿਸ ਨੇ ਸਹਾਇਕ ਕਿੱਤਿਆਂ ਨਾਲ ਨਾ ਸਿਰਫ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕੀਤਾ ਬਲਕਿ ਇਲਾਕੇ ਦੀਆਂ ਕਿਸਾਨ ਬੀਬੀਆਂ ਨੂੰ ਵੀ ਪ੍ਰੇਰਿਤ ਕੀਤਾ।

ਬਾਗਬਾਨੀ ਖੇਤਰ ਵਿਚ ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ ਲਈ ਜਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ ਲਈ ਸ. ਬਲਕਾਰ ਸਿੰਘ ਸਪੁੱਤਰ ਸ. ਅਰਜਨ ਸਿੰਘ ਉਮਰ 65 ਸਾਲ ਪਿੰਡ ਸਵਾਲ ਜ਼ਿਲ੍ਹਾ ਕਪੂਰਥਲਾ ਦੀ ਚੋਣ ਹੋਈ ਹੈ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹਨਾਂ ਕਿਸਾਨਾਂ ਦਾ ਸਨਮਾਨ ਅਗਾਂਹਵਧੂ ਖੇਤੀ ਨੂੰ ਮਾਨਤਾ ਦੇਣ ਦੀ ਪੀ.ਏ.ਯੂ. ਦੀ ਨਿਰੰਤਰ ਕੋਸ਼ਿਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਹਨਾਂ ਆਸ ਪ੍ਰਗਟਾਈ ਕਿ ਆਉਂਦੇ ਸਾਲਾਂ ਵਿਚ ਹੋਰ ਕਿਸਾਨ ਵੀ ਇਹਨਾਂ ਤੋਂ ਪ੍ਰੇਰਿਤ ਹੋ ਕੇ ਪੀ.ਏ.ਯੂ. ਮਾਹਿਰਾਂ ਦੇ ਸੁਝਾਵਾਂ ਨਾਲ ਆਪਣੀ ਖੇਤੀ ਨੂੰ ਵਿਗਿਆਨਕ ਰਾਹਾਂ ਤੇ ਤੋਰਨਗੇ।

Summary in English: Progressive Farmers of Punjab: These farmers of Punjab will be honored during Kisan Mela on March 14 and 15

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters