ਕਿਸਾਨ ਮੇਲਾ 2026
CM Award: ਪੀ.ਏ.ਯੂ. ਦੇ ਕਿਸਾਨ ਮੇਲੇ ਦੌਰਾਨ ਪੰਜਾਬ ਦੀ ਅਗਾਂਹਵਧੂ ਅਤੇ ਵਿਗਿਆਨਕ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਉਹਨਾਂ ਵੱਲੋਂ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।
ਕਿਸਾਨ ਮੇਲੇ ਦੇ ਪਹਿਲੇ ਦਿਨ 20 ਮਾਰਚ ਨੂੰ ਉਦਘਾਟਨੀ ਸਮਾਰੋਹ ਦੌਰਾਨ ਇਹ ਇਨਾਮ ਸੰਬੰਧਿਤ ਕਿਸਾਨਾਂ ਨੂੰ ਦਿੱਤੇ ਜਾਣਗੇ।
ਫ਼ਸਲ ਉਤਪਾਦਨ ਅਤੇ ਫ਼ਸਲ ਨਾਲ ਸੰਬੰਧਤ ਕਿੱਤਿਆਂ ਸੰਬੰਧੀ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਸ. ਲਖਵਿੰਦਰ ਸਿੰਘ ਸਪੁੱਤਰ ਸ. ਸੁਰਜੀਤ ਸਿੰਘ, ਪਿੰਡ ਮਨੈਲੀ, ਤਹਿਸੀਲ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਗਾਂਹਵਧੂ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ ਜੋ ਆਪਣੀ 6 ਏਕੜ ਜ਼ਮੀਨ ਵਿਚ ਪਿਛਲੇ 30 ਸਾਲ ਤੋਂ ਵਿਗਿਆਨਕ ਲੀਹਾਂ ਤੇ ਖੇਤੀ ਕਰ ਰਿਹਾ ਹੈ। ਦੂਰ ਦ੍ਰਿਸ਼ਟੀ ਰੱਖਣ ਵਾਲਾ ਲਖਵਿੰਦਰ ਸਿੰਘ ਖੇਤੀ ਆਮਦਨ ਵਿਚ ਇਜ਼ਾਫ਼ਾ ਕਰਨ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵੀ ਕਰ ਰਿਹਾ ਹੈ। ਕੇ.ਵੀ.ਕੇ. ਫਤਹਿਗੜ੍ਹ ਸਾਹਿਬ ਤੋਂ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਪ੍ਰਾਪਤ ਕਰਨ ਵਾਲਾ ਲਖਵਿੰਦਰ ਖੇਤੀ ਮਾਹਿਰਾਂ ਦੀ ਦੇਖ-ਰੇਖ ਹੇਠ ਵੱਡੇ ਪੱਧਰ ਤੇ ਘੱਟ ਲਾਗਤ ਨਾਲ ਜੈਵਿਕ ਖੁੰਬਾਂ ਅਤੇ ਕੰਪੋਸਟ ਦਾ ਉਤਪਾਦਨ ਕਰ ਰਿਹਾ ਹੈ। ਖੁੰਬਾਂ ਦੀ ਸਾਫ਼ ਸਫ਼ਾਈ ਅਤੇ ਡੱਬਾਬੰਦੀ ਕਰਨ ਲਈ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਵਾਲਾ ਲਖਵਿੰਦਰ ਸਿੰਘ ਇਲਾਕੇ ਦੇ ਕਿਸਾਨਾਂ ਦਾ ਰਾਹ ਦਿਸੇਰਾ ਬਣਦਾ ਹੋਇਆ ਉਹਨਾਂ ਨੂੰ ਵੀ ਖੁੰਬਾਂ ਦੀ ਕਾਸ਼ਤ ਸੰਬੰਧੀ ਸਿਖਲਾਈਆਂ ਪ੍ਰਦਾਨ ਕਰਵਾ ਰਿਹਾ ਹੈ।
ਜੈਵਿਕ ਖੇਤੀ ਤਕਨੀਕਾਂ ਅਪਨਾਉਣ ਵਾਲੇ ਸਵੈ-ਕਾਸ਼ਤਕਾਰ ਕਿਸਾਨ ਲਈ ਸੀ ਆਰ ਆਈ ਪੰਪਸ ਪੁਰਸਕਾਰ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ਦੇ ਅਗਾਂਹਵਧੂ ਕਿਸਾਨ ਸ. ਸੁਰਜੀਤ ਸਿੰਘ ਬਿੰਬ ਪੁੱਤਰ ਸ. ਵਤਨ ਸਿੰਘ ਨੂੰ ਚੁਣਿਆ ਗਿਆ ਹੈ। ਸ. ਸੁਰਜੀਤ ਸਿੰਘ ਨੇ 2005 ਵਿਚ ਬੈਂਕ ਤੋਂ ਰਿਟਾਇਰਮੈਂਟ ਲੈ ਕੇ ਜੈਵਿਕ ਖੇਤੀ ਨਾਲ ਜੁੜਨ ਦੀ ਸਲਾਹ ਕੀਤੀ। ਇਸਲਈ ਉਸਨੇ ਬਿੰਬ ਨੈਚੂਰਲ ਫਾਰਮ ਸਥਾਪਿਤ ਕਰਕੇ ਰਸਾਇਣ ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਮਨ ਬਣਾਇਆ।
ਇਹ ਕਿਸਾਨ ਆਪਣੀ 15 ਏਕੜ ਜ਼ਮੀਨ ਉੱਪਰ ਜੈਵਿਕ ਤਰੀਕਿਆਂ ਨਾਲ ਖੇਤੀ ਕਰਦਾ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਫ਼ਸਲ ਵਿਗਿਆਨ ਦੀ ਐੱਮ ਐੱਸ ਸੀ ਕਰਨ ਵਾਲਾ ਇਹ ਕਿਸਾਨ ਆਪਣੇ ਰਕਬੇ ਵਿੱਚੋਂ 9 ਏਕੜ ਵਿਚ ਕਮਾਦ ਦੀ ਬਿਜਾਈ ਬੈੱਡ ਤਕਨੀਕ ਰਾਹੀਂ ਕਰਦਾ ਹੈ ਅਤੇ ਨਾਲ ਅੰਤਰ ਫਸਲੀ ਵਿਧੀ ਵਿਚ ਆਲੂ, ਮਟਰ, ਹਲਦੀ, ਗਾਜਰ, ਲਸਣ, ਪਿਆਜ਼ ਅਤੇ ਰਾਜਮਾਂਹ ਦੀ ਖੇਤੀ ਕਰਦਾ ਹੈ। ਇਹਨਾਂ ਸਾਰੀਆਂ ਸਹਿ ਫ਼ਸਲਾਂ ਦੀ ਰਹਿੰਦ-ਖੂੰਹਦ ਮਿੱਟੀ ਵਿਚ ਵਾਹ ਦੇਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਖੁਰਾਕੀ ਤੱਤਾਂ ਦੀ ਮਾਤਰਾ ਬਰਕਰਾਰ ਰਹਿੰਦੀ ਹੈ। ਨਾਲ ਹੀ ਸ. ਸੁਰਜੀਤ ਸਿੰਘ ਦੋ ਏਕੜ ਰਕਬੇ ਤੇ ਕੁਦਰਤੀ ਤਰੀਕਿਆਂ ਨਾਲ ਕਣਕ ਦੀ ਕਾਸ਼ਤ ਕਰਦਾ ਹੈ।
ਪੰਜਾਬ ਰਾਜ ਵਿੱਚ ਖੇਤ ਫ਼ਸਲਾਂ ਦੇ ਸਵੈ-ਕਾਸ਼ਤਕਾਰ ਲਈ ਮੁੱਖ ਮੰਤਰੀ ਪੁਰਸਕਾਰ ਸ. ਜਸਵੰਤ ਸਿੰਘ ਸਪੁੱਤਰ ਸ. ਬਲਦੇਵ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੂੰਦੜ ਭੈਣੀ ਦੇ 43 ਸਾਲਾ ਅਗਾਂਹਵਧੂ ਅਤੇ ਵਿਗਿਆਨਕ ਸੋਚ ਵਾਲੇ ਕਿਸਾਨ ਦੇ ਹਿੱਸੇ ਆਇਆ ਹੈ। ਦਸਵੀਂ ਕਰਨ ਉਪਰੰਤ 8 ਏਕੜ ਮਾਲਕੀ ਵਾਲੀ ਜ਼ਮੀਨ ਦੇ ਨਾਲ ਠੇਕੇ ਉੱਪਰ 7 ਏਕੜ ਜ਼ਮੀਨ ਲੈ ਕੇ ਇਹ ਕਿਸਾਨ ਫ਼ਸਲ ਉਤਪਾਦਨ ਅਤੇ ਸਹਾਇਕ ਕਿੱਤਿਆਂ ਨੂੰ ਬੜੀ ਸਫਲਤਾ ਨਾਲ ਅੰਜਾਮ ਦੇ ਰਿਹਾ ਹੈ। ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ (ਸੰਗਰੂਰ) ਤੋਂ ਜਸਵੰਤ ਸਿੰਘ ਨੇ ਸ਼ਹਿਦ ਮੱਖੀ ਪਾਲਣ ਅਤੇ ਮੁਰਗੀ ਪਾਲਣ ਦੀ ਸਿਖਲਾਈ ਲਈ ਅਤੇ ਅਗਾਂਹਵਧੂ ਖੇਤੀ ਦਾ ਨਵਾਂ ਅਧਿਆਇ ਸ਼ੁਰੂ ਕੀਤਾ।
ਕੁਦਰਤੀ ਸਰੋਤਾਂ ਦੀ ਸੰਭਾਲ ਪ੍ਰਤੀ ਸੁਚੇਤ ਇਹ ਕਿਸਾਨ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰਦਾ ਹੈ। ਪੀ.ਏ.ਯੂ. ਦੀ ਸਿਫ਼ਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਖੇਤ ਵਿਚ ਛੋਟੇ ਕਿਆਰੇ ਪਾਉਣ ਨੂੰ ਇਸਨੇ ਹਮੇਸ਼ਾਂ ਤਰਜੀਹ ਦਿੱਤੀ ਹੈ। ਇਸੇ ਤਰ੍ਹਾਂ ਹਰ ਸਾਲ ਖੇਤ ਵਿਚ ਗਲੀ-ਸੜੀ ਰੂੜੀ ਦੀ ਵਰਤੋਂ ਕਰਕੇ ਜ਼ਮੀਨ ਨੂੰ ਉਪਜਾਊ ਅਤੇ ਤੱਤ ਭਰਪੂਰ ਬਣਾਉਣ ਵੱਲ ਵੀ ਜਸਵੰਤ ਸਿੰਘ ਦਾ ਵਿਸ਼ੇਸ਼ ਰੁਝਾਨ ਰਿਹਾ ਹੈ। ਝੋਨੇ ਵਿਚ ਪਾਣੀ ਬਚਾਉਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 126 ਅਤੇ ਪੂਸਾ ਬਾਸਮਤੀ 1121 ਨੂੰ ਹਮੇਸ਼ਾਂ ਤਰਜੀਹ ਦਿੱਤੀ।
ਇਹ ਵੀ ਪੜ੍ਹੋ: Indofil Industries Limited - ਭਾਰਤੀ ਕਿਸਾਨਾਂ ਦੀ ਤਰੱਕੀ ਵਿੱਚ ਇੱਕ ਮਜ਼ਬੂਤ ਭਾਈਵਾਲ
ਪੰਜਾਬ ਰਾਜ ਵਿਚ ਬਾਗਬਾਨੀ ਫ਼ਸਲਾਂ ਦੇ ਸਵੈ-ਕਾਸ਼ਤਕਾਰ ਲਈ ਮੁੱਖ ਮੰਤਰੀ ਪੁਰਸਕਾਰ ਲਈ ਇਸ ਵਾਰ ਸ. ਕਮਲਜੀਤ ਸਿੰਘ ਪੁੱਤਰ ਸ. ਹਰਬੰਸ ਸਿੰਘ ਪਿੰਡ ਬਿਰੜਵਾਲ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਦੇ 36 ਸਾਲਾ ਅਗਾਂਹਵਧੂ ਬਾਗਬਾਨ ਦੀ ਚੋਣ ਹੋਈ। ਪੁਸ਼ਤੈਨੀ ਖੇਤੀ ਦੇ ਨਾਲ-ਨਾਲ ਉਹਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਫ਼ਲਾਂ ਦੀ ਖੇਤੀ ਨੂੰ ਪ੍ਰਮੁੱਖਤਾ ਦਿੱਤੀ ਹੈ। ਕਣਕ-ਝੋਨੇ ਦਾ ਬਦਲ ਤਲਾਸ਼ ਕਰਦਾ ਇਹ ਕਿਸਾਨ 4 ਏਕੜ ਅਮਰੂਦ ਅਤੇ 2 ਏਕੜ ਸਬਜ਼ੀ ਦੀ ਕਾਸ਼ਤ ਨਾਲ ਸ਼ੁਰੂਆਤ ਕਰਦਾ ਹੈ ਅਤੇ ਹੌਲੀ-ਹੌਲੀ 4 ਏਕੜ ਬਿਲ ਦਾ ਬਾਗ ਲਗਾਉਂਦਾ ਹੈ ਅਤੇ ਸਬਜ਼ੀ ਹੇਠ ਰਕਬੇ ਵਿਚ ਵਾਧਾ ਵੀ ਕਰ ਦਿੰਦਾ ਹੈ।
ਬਾਅਦ ਵਿਚ ਸ. ਕਮਲਜੀਤ ਸਿੰਘ ਨੇ ਆੜੂ ਦਾ ਬਾਗ ਵੀ ਲਾਇਆ। ਮੌਜੂਦਾ ਸਮੇਂ ਉਹ 23 ਏਕੜ ਰਕਬੇ ਵਿਚ ਵੱਖ-ਵੱਖ ਫ਼ਲਾਂ ਦੇ ਬਾਗ ਅਤੇ 25 ਏਕੜ ਰਕਬੇ ਵਿਚ ਸਬਜ਼ੀ ਦੀ ਖੇਤੀ ਕਰ ਰਿਹਾ ਹੈ। ਬਾਗਾਂ ਦੀ ਸਿੰਚਾਈ ਲਈ ਉਸਨੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਸੂਖਮ ਸਿੰਚਾਈ ਤਕਨੀਕਾਂ ਇਸਤੇਮਾਲ ਕੀਤੀਆਂ ਹਨ। ਇਸ ਤੋਂ ਇਲਾਵਾ ਫ਼ਲਾਂ ਅਤੇ ਸਬਜ਼ੀਆਂ ਨੂੰ ਪਾਈਆਂ ਜਾਣ ਵਾਲੀਆਂ ਖਾਦਾਂ ਅਤੇ ਹੋਰ ਰਸਾਇਣਾਂ ਦੀ ਵਰਤੋਂ ਤੁਪਕਾ ਸਿੰਚਾਈ ਰਾਹੀਂ ਕਰਨ ਵਾਲਾ ਇਹ ਕਿਸਾਨ ਭਵਿੱਖ ਵਿਚ ਖੇਤੀ ਵਿਭਿੰਨਤਾ ਨੂੰ ਸਮਰਪਿਤ ਨਜ਼ਰ ਆਉਂਦਾ ਹੈ।
ਖੇਤੀ ਵਿੱਚ ਅਧੁਨਿਕ ਮਸ਼ੀਨਰੀ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਲਈ ਸੀ ਆਰ ਆਈ ਪੰਪਸ ਐਵਾਰਡ ਸ. ਸੰਦੀਪ ਸਿੰਘ ਸਪੁੱਤਰ ਸ. ਸੁਖਦੇਵ ਸਿੰਘ, ਪਿੰਡ ਚੱਕ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦਿੱਤਾ ਜਾਵੇਗਾ। ਇਹ ਕਿਸਾਨ 7 ਏਕੜ ਆਪਣੀ ਅਤੇ 45 ਏਕੜ ਜ਼ਮੀਨ ਠੇਕੇ ਤੇ ਲੈ ਕੇ ਕੁੱਲ 52 ਏਕੜ ਜ਼ਮੀਨ ਤੇ ਪਿਛਲੇ 22 ਸਾਲਾਂ ਤੋਂ ਖੇਤੀ ਕਰ ਰਿਹਾ ਹੈ। ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਅਤੇ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਦੀ ਅਗਵਾਈ ਹੇਠ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਵਾਲਾ ਸੰਦੀਪ ਸਿੰਘ ਖੇਤੀ ਲਾਗਤਾਂ ਨੂੰ ਬਚਾਉਣ ਅਤੇ ਖੇਤੀ ਕਾਰਜਾਂ ਨੂੰ ਸਮੇਂ ਸਿਰ ਨਿਪਟਾਉਣ ਹਿਤ ਪੈਡੀ ਟ੍ਰਾਂਸਪਲਾਂਟਰ, ਤੂੜੀ ਵਾਲੇ ਰੀਪਰ, ਰੋਟਾਵੇਟਰ, ਮਲਚਰ, ਸਟ੍ਰਾਅ ਰੀਪਰ, ਪੋਟੈਟੋ ਪਲਾਂਟਰ, ਪੋਟੈਟੋ ਡਿੱਗਰ, ਲੇਜ਼ਰ ਲੈਵਲਰ ਅਤੇ ਹੈਪੀਸੀਡਰ ਵਰਗੀਆਂ ਆਧੁਨਿਕ ਖੇਤੀ ਮਸ਼ੀਨਾਂ ਦੀ ਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਇਹ ਕਿਸਾਨ ਇਸ ਮਸ਼ੀਨਰੀ ਨੂੰ ਇਲਾਕੇ ਦੇ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਕਿਰਾਏ ਤੇ ਚਲਾ ਕੇ ਚੋਖੀ ਆਮਦਨ ਹਾਸਲ ਕਰ ਰਿਹਾ ਹੈ। ਸ. ਸੰਦੀਪ ਸਿੰਘ ਮਿੱਟੀ ਪਰਖ ਦੇ ਅਧਾਰ ਤੇ ਹੀ ਰਸਾਇਣਕ ਖਾਦਾਂ ਦੀ ਵਰਤੋਂ ਕਰਦਾ ਹੈ।
ਬਠਿੰਡਾ ਦੇ ਕਿਸਾਨ ਮੇਲੇ ਦੌਰਾਨ ਬਾਗਬਾਨੀ ਖੇਤਰ ਵਿਚ ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ ਲਈ ਦਿੱਤਾ ਜਾਣ ਵਾਲਾ ਜਥੇਦਾਰ ਗੁਰਾਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ ਇਸ ਵਾਰ ਸ. ਜਰਨੈਲ ਸਿੰਘ ਸਪੁੱਤਰ ਸ. ਅਜੀਤ ਸਿੰਘ ਉਮਰ 45 ਸਾਲ, ਪਿੰਡ ਜਗਤਪੁਰਾ, ਬਲਾਕ ਗੰਢੀਵਿੰਡ ਜ਼ਿਲ੍ਹਾ ਤਰਨਤਾਰਨ ਨੂੰ ਦਿੱਤਾ ਜਾਵੇਗਾ। ਇਸ ਉੱਦਮੀ ਕਿਸਾਨ ਹੈ ਕੋਲ ਆਪਣੀ ਵਾਹੀਯੋਗ ਜ਼ਮੀਨ 5 ਏਕੜ ਹੈ ਅਤੇ 15 ਏਕੜ ਠੇਕੇ ਤੇ ਲੈ ਕੇ ਕੁੱਲ 20 ਏਕੜ ਜ਼ਮੀਨ ਉੱਪਰ ਖੇਤੀ ਕਰਦਾ ਹੈ। ਸ. ਜਰਨੈਲ ਸਿੰਘ ਦਾ ਪਰਿਵਾਰ ਪਿਛਲੇ 30 ਸਾਲਾਂ ਤੋਂ ਖੇਤੀ ਦੇ ਧੰਦੇ ਨਾਲ ਜੁੜਿਆ ਹੈ ਅਤੇ ਵਿਸ਼ੇਸ਼ਕਰ ਫੁੱਲਾਂ ਦੀ ਖੇਤੀ 20 ਏਕੜ ਵਿਚ ਕਰਦਾ ਹੈ।
ਕੁਦਰਤੀ ਸੋਮਿਆਂ ਦੀ ਸੁਚੱਜੀ ਸੰਭਾਲ ਲਈ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਦਾ ਹੈ। ਸ. ਜਰਨੈਲ ਸਿੰਘ ਨੇ ਆਪਣੀ ਖੇਤੀ ਵਿਚ ਵਿਭਿੰਨਤਾ ਲਿਆਉਣ ਲਈ ਫੁੱਲਾਂ ਦੀ ਖੇਤੀ ਵਿੱਚ ਜਾਫਰੀ, ਲੱਡੂ, ਗੇਂਦਾ, ਗੁਲਦਾਉਦੀ ਤੋਂ ਇਲਾਵਾ ਕਣਕ, ਟਮਾਟਰ, ਮਟਰ, ਮੱਕੀ, ਬਾਸਮਤੀ ਮੁੱਖ ਤੌਰ ਤੇ ਫ਼ਸਲਾਂ ਸ਼ਾਮਿਲ ਕੀਤੀਆਂ ਹਨ ਅਤੇ ਇਸ ਤੋਂ ਇਲਾਵਾ ਕਣਕ ਦਾ ਬੀਜ ਵੀ ਤਿਆਰ ਕਰਦਾ ਹੈ। ਉਨ੍ਹਾਂ ਵੱਲੋਂ ਜਿਣਸਾਂ ਦਾ ਮੰਡੀਕਰਨ ਆਪ ਹੀ ਕੀਤਾ ਜਾਂਦਾ ਹੈ। ਇਸ ਉੱਦਮੀ ਕਿਸਾਨ ਵੱਲੋਂ ਰਸਾਇਣਕ ਖਾਦਾਂ ਦੀ ਵਰਤੋਂ ਲੋੜ ਅਨੁਸਾਰ ਹੀ ਕੀਤੀ ਜਾਂਦੀ ਹੈ। ਦਸਵੀਂ ਤੱਕ ਵਿਦਿਅਕ ਯੋਗਤਾ ਰੱਖਣ ਵਾਲੇ ਇਸ ਉੱਦਮੀ ਕਿਸਾਨ ਨੇ ਯੂਨੀਵਰਸਿਟੀ ਅਤੇ ਕਈ ਹੋਰ ਅਦਾਰਿਆਂ ਤੋਂ ਸਿਖਲਾਈਆਂ ਪ੍ਰਾਪਤ ਕੀਤੀਆਂ ਹਨ।
ਸਰੋਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University)
Summary in English: Punjab Progressive farmers will be honored with the CM Award at PAU's Kisan Mela