Save Natural Resources: ਸਾਡੇ ਗੁਰੂਆਂ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੰਦੇ ਹੋਏ ਮਨੁੱਖ ਨੂੰ, ਇਸ ਦੀ ਮਹੱਤਤਾ ਬਾਰੇ ਚੰਗੀ ਤਰਾਂ ਸਮਝਾਇਆ ਹੈ। ਪਰ ਚਿੰਤਾ ਦੀ ਗੱਲ ਹੈ ਕਿ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਅਜੋਕੇ ਸਮੇਂ ਵਿੱਚ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੀ ਹੈ। ਇਸੇ ਵਿਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਵਾਰ ਕਿਸਾਨ ਮੇਲਿਆਂ ਦਾ ਉਦੇਸ਼ ਹੈ, “ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ਹਾਲੀ ਲਿਆਉ”।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇਸ਼ ਵਿੱਚ ਖੇਤੀਬਾੜੀ ਸਬੰਧੀ ਖੋਜ ਕਰ ਰਹੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਹੈ ਅਤੇ ਇਹ ਵੱਖ-ਵੱਖ ਖੇਤਰਾਂ ਵਿੱਚ ਆ ਰਹੇ ਬਦਲਾਵਾਂ ਨੂੰ ਮੁੱਖ ਰੱਖ ਕੇ ਆਪਣੇ ਖੋਜ ਪ੍ਰੋਗਰਾਮਾਂ ਨੂੰ ਨਵੀਂ ਸੇਧ ਦੇ ਰਹੀਂ ਹੈ। ਪੰਜਾਬ ਦੀ ਖੇਤੀ ਪੈਦਾਵਾਰ ਅਤੇ ਕਿਸਾਨਾਂ ਦੀ ਆਮਦਨ ਵਿੱਚ ਬੇਹਤਰੀ ਲਈ ਨਵੀਆਂ ਕਿਸਮਾਂ ਵਿਕਸਤ ਕਰਨ ਅਤੇ ਉਹਨਾਂ ਲਈ ਢੁੱਕਵੀਆਂ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਕੱਢਣ ਲਈ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਸਿਫਾਰਸ਼ਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਸਾਨ ਮੇਲਿਆਂ ਦੀ ਅਹਿਮ ਭੂਮਿਕਾ ਹੈ।
ਕਿਸਾਨ ਵੀਰੋਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੀ ਵਾਤਾਵਰਣ ਅਤੇ ਕੁਦਰਤੀ ਸੋਮੇ ਬਚਾਉਣ ਲਈ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕਰ ਰਹੀ ਹੈ। ਖੇਤੀ ਰਸਾਇਣਾਂ, ਖਾਦਾਂ ਅਤੇ ਪਾਣੀ ਦੀ ਬੇਲੋੜੀ ਵਰਤੋਂ ਕਰਨ ਨਾਲ, ਜਿੱਥੇ ਸਾਡਾ ਵਾਤਾਵਰਣ ਬੁਰੀ ਤਰਾਂ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਹੀ ਸਾਡੇ ਖੇਤੀ ਖਰਚਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਝੋਨੇ ਅਤੇ ਹੋਰ ਫ਼ਸਲਾਂ ਦੀ ਸਿੰਚਾਈ ਲਈ ਵਧੇਰੇ ਪਾਣੀ ਵਰਤਣ ਕਾਰਨ, ਧਰਤੀ ਹੇਠਲੇ ਪਾਣੀ ਦਾ ਪੱਧਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਜਲ ਸੋਮਿਆਂ ਦੇ ਇਸ ਤੋਂ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਪੀ.ਏ.ਯੂ. ਨੇ ਲੋੜ ਮੁਤਾਬਿਕ ਕਈ ਤਕਨੀਕਾਂ ਵਿਕਸਿਤ ਕੀਤੀਆਂ ਹਨ।
ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਆਰ-126, ਪੀ ਆਰ-121, ਪੀ ਆਰ-124, ਪੀ ਆਰ-130, ਪੀ ਆਰ-131 ਕਾਸ਼ਤ ਕਰਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇਹ ਵੀ ਸਿਫ਼ਾਰਸ਼ ਕਰਦੀ ਹੈ ਕਿ ਝੋਨੇ ਦੀ ਫ਼ਸਲ ਵਿੱਚ ਪਾਣੀ ਜੀਰਣ ਤੋਂ ਦੋ ਦਿਨ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ। ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ ਸਿਫਾਰਸ਼ ਸਮੇਂ ਅਨੁਸਾਰ ਹੀ ਕਰਨੀ ਚਾਹੀਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਆਪ ਨੂੰ ਅਪੀਲ ਕਰਦੀ ਹੈ ਕਿ ਖੇਤੀ ਵਿੱਚ ਸਿੰਚਾਈ ਦੀਆਂ ਆਧੁਨਿਕ ਤਕਨੀਕਾਂ ਜਿਵੇਂ ਤੁਪਕਾ ਸਿੰਚਾਈ, ਫੁਹਾਰਾ ਸਿੰਚਾਈ ਆਦਿ ਦੀ ਵਰਤੋਂ ਕਰਕੇ ਬੇਸ਼ਕੀਮਤੀ ਜਲ ਸਰੋਤਾਂ ਦੀ ਬੱਚਤ ਕੀਤਾ ਜਾਵੇ। ਆਉ ਆਪਾਂ ਸਾਰੇ ਰਲ-ਮਿਲ ਕੇ ਕੁਦਰਤ ਦੀ ਇਸ ਅਜੀਜ਼ ਨਿਆਮਤ ਨੂੰ ਬਚਾਈਏ।
ਮਿੱਟੀ ਵਿੱਚ ਜੈਵਿਕ ਮਾਦੇ ਦੀ ਪੂਰਤੀ ਲਈ ਪਰਾਲੀ ਨੂੰ ਮਿੱਟੀ ਵਿੱਚ ਵਾਹੁਣ ਦੀ ਸਿਫ਼ਾਰਿਸ਼ ਵੀ ਕੀਤੀ ਗਈ ਹੈ ਤਾਂ ਜੋ ਮਿੱਟੀ ਦੇ ਭੌਤਿਕ ਤੇ ਰਸਾਇਣਕ ਗੁਣਾਂ ਨੂੰ ਪ੍ਰਫੁਲਿਤ ਕੀਤੀ ਜਾ ਸਕੇ। ਪਰ ਫ਼ਸਲ ਵਿੱਚ ਰਸਾਇਣਾਂ ਦੀ ਅੰਨੇਵਾਹ ਹੋ ਰਹੀ ਵਰਤੋਂ ਮਿੱਟੀ ਦੀ ਉਪਜਾਓ ਸ਼ਕਤੀ ਤੇ ਪ੍ਰਤੀਰੂਲ ਅਸਰ ਪਾ ਰਹੀ ਹੈ। ਮਿੱਟੀ ਵਿਚਲੇ ਤੱਤ ਪੌਦੇ ਦੇ ਸਰਵਪੱਖੀ ਵਿਕਾਸ ਲਈ ਲਾਹੇਵੰਦ ਤਾਂ ਹੁੰਦੇ ਹੀ ਹਨ ਇਸ ਦੇ ਨਾਲ-ਨਾਲ ਮਿੱਟੀ ਗੰਡੋਇਆਂ ਦਾ ਰਹਿਣ-ਵਸੇਰਾ ਵੀ ਹੁੰਦੀ ਹੈ। ਇਸੇ ਤਰਾਂ ਹੀ ਭੂਮੀ ਵਿਚਲੇ ਪੋਸਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਹਰੀ ਖਾਦ, ਫ਼ਸਲਾਂ ਦੀ ਰਹਿੰਦ-ਖੂੰਹਦ ਮਿੱਟੀ ਵਿੱਚ ਮਿਲਾਉਣ ਤੇ ਜੈਵਿਕ ਖਾਦਾਂ ਦੀ ਵਰਤੋਂ ਕਰਨ ਦੀ ਲੋੜ ਹੈ। ਖੇਤੀ ਮਸ਼ੀਨਾਂ ਜਿਵੇਂ ਕਿ ਸਰਫੇਸ ਸੀਡਰ, ਹੈਪੀ ਸੀਡਰ, ਸਮਾਰਟ ਸੀਡਰ, ਮਲਚਰ ਆਦਿ ਦੀ ਵਰਤੋਂ ਨਾਲ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਮਿੱਟੀ ਦੀ ਸਿਹਤ ਬਚਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: IARI ਵੱਲੋਂ ਕਣਕ ਦੀ ਨਵੀਂ ਕਿਸਮ HD 3386 ਨਾਲ ਕਿਸਾਨਾਂ ਨੂੰ ਦੁੱਗਣਾ ਮੁਨਾਫ਼ਾ, ਇਹ ਕਿਸਮ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਤੋਂ ਰਹਿਤ, ਝਾੜ 65 ਤੋਂ 80 ਕੁਇੰਟਲ ਪ੍ਰਤੀ ਹੈਕਟੇਅਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਲੱਗ ਰਹੇ ਮੇਲੇ ਵਿੱਚ ਪਹੁੰਚ ਕੇ ਕਿਸਾਨ ਨਵੀਨਤਮ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਅਤੇ ਖੇਤੀ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾਂ ਕਰ ਸਕਦੇ ਹਨਾ। ਇਹਨਾਂ ਤਕਨੀਕਾਂ ਨੂੰ ਕਿਸਾਨ ਆਪਣੇ ਖੇਤਾਂ ਉੱਪਰ ਅਪਣਾ ਕੇ ਵਧੇਰੇ ਮੁਨਾਫਾ ਪ੍ਰਾਪਤ ਕਰ ਸਕਦੇ ਹਨ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਪਾਣੀ, ਖਾਦ ਅਤੇ ਰਸਾਇਣਾਂ ਦੀ ਸਹੀ ਵਰਤੋਂ ਸੰਬੰਧੀ ਸੁਝਾਅ ਅਤੇ ਤਕਨੀਕੀ ਨੁਕਤਿਆਂ ਨੂੰ ਸਮਝਣ, ਸਿੱਖਣ ਅਤੇ ਅਮਲ ਵਿੱਚ ਲਿਆਉਣ ਦੀ ਜ਼ਰੂਰਤ ਹੈ। ਕਿਸਾਨ ਮੇਲੇ ਦੇ ਮੌਕੇ ਯੂਨੀਵਰਸਿਟੀ ਦੇ ਵਿਹੜੇ ਆਏ ਕਿਸਾਨ ਵੀਰਾਂ ਅਤੇ ਬੀਬੀਆਂ ਦੀ ਸਹੂਲਤ ਦਾ ਪੂਰਾ-ਪੂਰਾ ਖਿਆਲ ਰੱਖਿਆ ਜਾਂਦਾ ਹੈ। ਇਸ ਲਈ ਕੈਰੋ ਕਿਸਾਨ ਘਰ ਵਿੱਚ ਗੱਠੜੀ ਘਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤੁਸੀ ਆਪਣਾ ਖਰੀਦਿਆ ਹੋਇਆ ਬੀਜ ਗੱਠੜੀ ਘਰ ਵਿੱਚ ਜਮਾਂ ਕਰਵਾ ਕੇ ਮੇਲੇ ਦਾ ਭਰਪੂਰ ਆਨੰਦ ਮਾਣ ਸਕਦੇ ਹੋ।
ਕਿਸਾਨ ਵੀਰੋਂ ਰਸਾਇਣਾਂ ਦੇ ਅੰਨੇਵਾਹ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਰਵਪੱਖੀ ਪ੍ਰਬੰਧ ਦੀਆਂ ਬਹੁਮੁੱਲੀਆਂ ਤਕਨੀਕਾਂ ਅਪਣਾ ਕੇ ਖੇਤੀ ਖਰਚਿਆਂ ਨੂੰ ਘਟਾਇਆ ਜਾਵੇ। ਵਧਦੀ ਆਬਾਦੀ ਦੀਆਂ ਅਨਾਜ਼ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਆਉਣ ਵਾਲੀਆਂ ਪੀੜੀਆਂ ਲਈ ਸਿਹਤਮੰਦ ਜ਼ਮੀਨ, ਪੀਣ ਯੋਗ ਪਾਣੀ ਅਤੇ ਸਾਹ ਲੈਣ ਯੋਗ ਵਾਤਾਵਰਣ ਬਚਾ ਕੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ। ਇਸ ਦੇ ਵਿੱਚ ਹੀ ਪੰਜਾਬ ਦਾ, ਦੇਸ਼ ਦਾ ਅਤੇ ਸਮੁੱਚੇ ਸਮਾਜ ਦਾ ਭਲਾ ਹੈ।
ਸਰੋਤ: ਲਵਜੀਤ ਕੌਰ ਅਤੇ ਧਰਮਿੰਦਰ ਸਿੰਘ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਪੰਜਾਬ।
Summary in English: Save Water: Save natural resources, bring prosperity for all