1. Home
  2. ਖਬਰਾਂ

PAU KISAN MELA: ‘‘ਚੰਨਣ, ਨਾਜ਼ਰ, ਬੰਤੂ, ਸੰਤੂ ਸੱਦ ਲਏ ਆ ਕੇ ਗੇਲੇ, ਸਤੰਬਰ ਮਹੀਨਾ ਚੜ੍ਹ ਆਇਆ ਚੱਲੋ ਮਿੱਤਰੋ ਪੀ.ਏ.ਯੂ. ਦੇ ਮੇਲੇ”

ਪੰਜਾਬੀ ਮੁੱਢ ਤੋਂ ਹੀ ਮੇਲਿਆ ਦੇ ਸ਼ੌਕੀਨ ਰਹੇ ਹਨ। ਕਿਸਾਨ ਦੀ ਫ਼ਸਲ ਜਦ ਸੁੱਖੀਂ-ਸਾਂਦੀ ਸਿਰੇ ਚੜ੍ਹ ਜਾਂਦੀ ਹੈ ਤਾਂ ਕਿਸਾਨ ਦੇ ਚਿਹਰੇ ’ਤੇ ਇੱਕ ਵੱਖਰੀ ਹੀ ਖ਼ੁਸ਼ੀ ਹੁੰਦੀ ਹੈ, ਇੱਕ ਵੱਖਰਾ ਚਾਅ-ਮਲਾਰ ਹੁੰਦਾ ਹੈ। ਜਿਹੜਾ ਤਿਲ-ਫੁੱਲ ਉਹ ਫ਼ਸਲ ’ਚੋਂ ਕਮਾਉਂਦਾ ਹੈ, ਉਸ ਵਿੱਚੋਂ ਦੋ-ਚਾਰ ਦਮੜੇ ਉਹ ਮੇਲਿਆਂ-ਛਿੰਝਾਂ ’ਤੇ ਲਾ ਕੇ ਹੋਰ ਵੀ ਖ਼ੁਸ਼ ਹੋ ਜਾਂਦਾ ਹੈ, ਜੋ ਸਾਡੇ ਕਿਸਾਨ ਦੀ ਦਰਿਆ-ਦਿਲੀ ਦੀ ਮਿਸਾਲ ਹੈ। ਅਜੋਕੇ ਯੁੱਗ ਵਿੱਚ ਰਿਵਾਇਤੀ ਮੇਲਿਆਂ ਦੀ ਕਤਾਰ ਵਿੱਚ ਵਿਗਿਆਨਕ ਮੇਲਿਆਂ ਨੇ ਵੀ ਆਪਣੀ ਥਾਂ ਬਣਾ ਲਈ ਹੈ। ਕੁੱਝ ਇਸ ਤਰ੍ਹਾਂ ਦਾ ਹੀ ਰੰਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਵਿੱਚ ਦੇਖਣ ਨੂੰ ਮਿਲਦਾ ਹੈ।

KJ Staff
KJ Staff
ਕਿਸਾਨ ਮੇਲੇ ਤੇ ਰੰਗਲਾ ਪੰਜਾਬ

ਕਿਸਾਨ ਮੇਲੇ ਤੇ ਰੰਗਲਾ ਪੰਜਾਬ

PAU Kisan Mela: ਪੰਜਾਬ ਸੂਬਾ ਧਰਤੀ ਦਾ ਉਹ ਜਰਖੇਜ਼ ਖਿੱਤਾ ਹੈ, ਜਿਸ ਦੇ ਆਬੋ-ਹਵਾ ਵਿੱਚ ਹੀ ਇੰਨੀ ਤਾਕਤ ਹੈ ਕਿ ਇਸ ’ਤੇ ਵੱਸਣ ਵਾਲੇ ਪੰਜਾਬੀ ਸੁਭਾਅ ਪੱਖੋਂ ਖੁਸ਼ਦਿਲ, ਫਿਤਰਤ ਪੱਖੋਂ ਮਿਹਨਤੀ ਅਤੇ ਜੁੱਸੇ ਪੱਖੋਂ ਸਡੌਲ ਅਤੇ ਅਗਾਂਹਵਧੂ ਸੋਚ ਰੱਖਣ ਵਾਲੇ ਹੁੰਦੇ ਹਨ। ਪੰਜਾਬ ਅਤੇ ਪੰਜਾਬੀਆਂ ਨੇ ਬੇਸ਼ੱਕ ਲੱਖਾਂ ਮੁਸੀਬਤਾਂ ਆਪਣੇ ਪਿੰਡੇ ’ਤੇ ਹੰਢਾਈਆਂ ਹਨ, ਪਰ ਫਿਰ ਵੀ ਖੁਸ਼ਦਿਲੀ ਤੇ ਮਿਹਨਤ ਦੀ ਤਾਸੀਰ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ।

ਪੰਜਾਬੀ ਮੁੱਢ ਤੋਂ ਹੀ ਮੇਲਿਆ ਦੇ ਸ਼ੌਕੀਨ ਰਹੇ ਹਨ। ਕਿਸਾਨ ਦੀ ਫ਼ਸਲ ਜਦ ਸੁੱਖੀਂ-ਸਾਂਦੀ ਸਿਰੇ ਚੜ੍ਹ ਜਾਂਦੀ ਹੈ ਤਾਂ ਕਿਸਾਨ ਦੇ ਚਿਹਰੇ ’ਤੇ ਇੱਕ ਵੱਖਰੀ ਹੀ ਖ਼ੁਸ਼ੀ ਹੁੰਦੀ ਹੈ, ਇੱਕ ਵੱਖਰਾ ਚਾਅ-ਮਲਾਰ ਹੁੰਦਾ ਹੈ। ਜਿਹੜਾ ਤਿਲ-ਫੁੱਲ ਉਹ ਫ਼ਸਲ ’ਚੋਂ ਕਮਾਉਂਦਾ ਹੈ, ਉਸ ਵਿੱਚੋਂ ਦੋ-ਚਾਰ ਦਮੜੇ ਉਹ ਮੇਲਿਆਂ-ਛਿੰਝਾਂ ’ਤੇ ਲਾ ਕੇ ਹੋਰ ਵੀ ਖ਼ੁਸ਼ ਹੋ ਜਾਂਦਾ ਹੈ, ਜੋ ਸਾਡੇ ਕਿਸਾਨ ਦੀ ਦਰਿਆ-ਦਿਲੀ ਦੀ ਮਿਸਾਲ ਹੈ। ਅਜੋਕੇ ਯੁੱਗ ਵਿੱਚ ਰਿਵਾਇਤੀ ਮੇਲਿਆਂ ਦੀ ਕਤਾਰ ਵਿੱਚ ਵਿਗਿਆਨਕ ਮੇਲਿਆਂ ਨੇ ਵੀ ਆਪਣੀ ਥਾਂ ਬਣਾ ਲਈ ਹੈ। ਕੁੱਝ ਇਸ ਤਰ੍ਹਾਂ ਦਾ ਹੀ ਰੰਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਵਿੱਚ ਦੇਖਣ ਨੂੰ ਮਿਲਦਾ ਹੈ।

ਕਿਸਾਨ ਮੇਲਿਆਂ ਦੀ ਸ਼ੁਰੂਆਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸੰਨ 1967 ਵਿੱਚ ਕੀਤੀ ਗਈ ਸੀ। ਇਨ੍ਹਾਂ ਕਿਸਾਨ ਮੇਲਿਆਂ ਦੀ ਹਰੀ-ਕ੍ਰਾਂਤੀ ਨੂੰ ਸਫ਼ਲ ਬਣਾਉਣ ਵਿੱਚ ਦੀਵੇ ਦੀ ਬੱਤੀ ਵਾਲੀ ਭੂਮਿਕਾ ਨਿਭਾਈ ਅਤੇ ਹਰੀ-ਕ੍ਰਾਂਤੀ ਦੇ ਦੀਵੇ ਨਾਲ ਰੋਸ਼ਨ ਹੋਏ ਮੁਲਕ ਦੇ ਹੱਥ ਫ਼ੜਿਆ ਕਟੋਰਾ ਛੁੱਟਿਆ। ਵਿਗਿਆਨਕ ਮੇਲੇ ‘ਪੰਜਾਬ ਐਗਰੀਕਲਚਰਲ ਯੂਨੀਵਰਸਿਟੀ’ ਵੱਲੋਂ ਸਾਲ ਵਿੱਚ ਦੋ ਵਾਰ ‘ਸਾਉਣੀ ਦੀਆਂ ਫ਼ਸਲਾਂ’ ਸੰਬੰਧੀ ਮਾਰਚ ਦੇ ਮਹੀਨੇ ਅਤੇ ‘ਹਾੜ੍ਹੀ ਦੀਆਂ ਫ਼ਸਲਾਂ’ ਸੰਬੰਧੀ ਸਤੰਬਰ ਦੇ ਮਹੀਨੇ ਲਗਾਏ ਜਾਂਦੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਵੱਖ-ਵੱਖ ਕੇਂਦਰਾਂ ਵਿੱਚ ਲਗਾਏ ਜਾਂਦੇ ਮੇਲਿਆਂ ਵਿੱਚ ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ, ਇਹਨਾਂ ਮੇਲਿਆਂ ਪ੍ਰਤੀ ੳਤਸ਼ਾਹ ਦੀ ਤਸਵੀਰ ਪੇਸ਼ ਕਰਦੇ ਹਨ। ਕਿਸਾਨਾਂ ਦਾ ਇਹਨਾਂ ਮੇਲਿਆਂ ਵਿੱਚ ਭਾਗ ਲੈਣਾ ਪੰਜਾਬ ਦੀ ਵਿਕਾਸਮਈ ਕਿਰਸਾਨੀ ਸੋਚ ਦੀ ਜਿਉਂਦੀ ਜਾਗਦੀ ਮਿਸਾਲ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲੇ ਸਤੰਬਰ ਮਹੀਨੇ ਵਿੱਚ ਸ਼ੁਰੂ ਹੋ ਜਾਦੇ ਹਨ। ਇਹ ਮੇਲਾ 13-14 ਸਤੰਬਰ, 2024 ਨੂੰ ਪੀਏਯੂ, ਲੁਧਿਆਣਾ ਅਤੇ ਇਸ ਦੇ ਕਈ ਖੇਤਰੀ ਕੇਂਦਰਾਂ ਜਿਵੇਂ ਕਿ ਬਲੋਵਾਲ ਸੌਖੜੀ (6 ਸਤੰਬਰ 2024), ਨਾਗਕਲਾਂ (3 ਸਤੰਬਰ 2024, ਅੰਮ੍ਰਿਤਸਰ), ਫਰੀਦਕੋਟ (10 ਸਤੰਬਰ 2024), ਗੁਰਦਾਸਪੁਰ (18 ਸਤੰਬਰ 2024), ਰੌਣੀ (24 ਸਤੰਬਰ 2024 ਪਟਿਆਲਾ) ਅਤੇ ਬਠਿੰਡਾ (27 ਸਤੰਬਰ 2024) ਵਿਖੇ ਆਯੋਜਿਤ ਕੀਤਾ ਜਾਵੇਗਾ। ਇਨ੍ਹਾਂ ਮੇਲਿਆਂ ਦਾ ਮੰਤਵ ਕਿਸਾਨ ਵੀਰਾਂ ਨੂੰ ਵਿਗਿਆਨਕ ਢੰਗ ਨਾਲ ਖੇਤੀਬਾੜੀ ਕਰਨ ਦੇ ਨਾਲ ਨਾਲ ਕੁਦਰਤੀ ਸਰੋਤਾਂ ਦੀ ਬੱਚਤ ਕਰਨਾ, ਖੇਤੀ ਲਾਗਤਾਂ ਘਟਾਉਣਾ, ਹੱਥੀਂ ਮਿਹਨਤ ਕਰਨ ਬਾਰੇ ਸੰਦੇਸ਼ ਦਿੱਤੇ ਜਾਂਦੇ ਹਨ। ਇਸ ਤੋਂ ਇਲਵਾ ਨਿੱਤ ਜੀਵਨ ਦੇ ਖਰਚੇ ਕੱਢਣ ਲਈ ਸਹਾਇਕ ਧੰਦਿਆਂ ਨੂੰ ਅਪਣਾਉਣ ਬਾਰੇ  ਜਾਣਕਾਰੀ ਦਿੱਤੀ ਜਾਂਦੀ ਹੈ। ਆਪਣੀ ਫਸਲ ਦੇ ਖ਼ੁਦ ਮੰਡੀਕਰਨ ਕਰਕੇ ਵਿਚੋਲਿਆਂ ਦੀ ਲੁੱਟ ਤੋਂ ਬਚਾਉਣ ਸੰਬੰਧੀ ਜਾਗਰੂਕ ਕਰਨਾ ਵੀ ਇਹੋ ਜਿਹੇ ਮੇਲਿਆਂ ਦਾ ਉਦੇਸ਼ ਹੁੰਦਾ ਹੈ।

ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ-ਨਵੀਆਂ ਖੋਜਾਂ ਅਤੇ ਤਕਨੀਕਾਂ ਬਾਰੇ ਜਾਗਰੂਕ ਕਰਨਾ ਅਤੇ ਆਉਣ ਵਾਲੀ ਰੁੱਤ ਲਈ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਮੁਹੱਈਆ ਕਰਨਾ ਵੀ ਇਹਨਾਂ ਮੇਲਿਆਂ ਦਾ ਅਹਿਮ ਪੱਖ ਹੁੰਦਾ ਹੈ।ਫ਼ਸਲਾਂ ਦੇ ਸੁਧਰੇ ਬੀਜਾਂ ਤੋਂ ਇਲਾਵਾ, ਕਿਸਾਨਾਂ ਨੂੰ ਫ਼ਲਦਾਰ ਬੂਟੇ, ਸਬਜੀਆਂ ਅਤੇ ਫ਼ੁੱਲਾਂ ਦੇ ਬੀਜ ਅਤੇ ਪਨੀਰੀ ਵੀ ਮੁਹੱਈਆ ਕਰਵਾਏ ਜਾਂਦੇ ਹਨ। ਕਦਰਤੀ ਸਰੋਤਾਂ ਦੀ ਬੱਚਤ ਲਈ ਸਿੰਚਾਈ ਸਾਧਨਾ ਦੀ ਸੁੱਚਜੀ ਵਰਤੋਂ, ਮਿੱਟੀ ਅਤੇ ਪਾਣੀ ਪਰਖ, ਜੀਵਾਣੂ ਖਾਦਾਂ, ਮੌਸਮ ਦੀ ਅਗਾਊਂ ਜਾਣਕਾਰੀ ਦੀ ਮਹੱਤਤਾ ਬਾਰੇ ਵਿਚਾਰ ਚਰਚਾ ਕੀਤੀ ਜਾਂਦੀ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਫ਼ਸਲਾਂ, ਸਬਜੀਆਂ, ਫ਼ਲਾਂ, ਫ਼ੁਲਾਂ ਦੀਆਂ ਕਿਸਮਾਂ, ਪੈਦਾਵਾਰ ਤਕਨੀਕਾਂ, ਪੌਦ-ਸੁਰੱਖਿਆ ਤਕਨੀਕਾਂ ਅਤੇ ਖੇਤੀ ਜਿਣਸਾਂ ਤੋਂ ਬਣਨ ਵਾਲੇ ਵੱਖ-ਵੱਖ ਤਰਾਂ ਦੇ ਪਦਾਰਥਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ। ਇਹ ਜਿਊਂਦੀਆਂ-ਜਾਗਦੀਆਂ ਪ੍ਰਦਰਸ਼ਂਨੀਆਂ ਕਿਸਾਨਾ ਦੇ ਮਨਾਂ ਤੇ ਗਹਿਰਾ ਪ੍ਰਭਾਵ ਛੱਡਦੀਆਂ ਹਨ ।ਖੇਤੀ ਮਸ਼ੀਨਰੀ ਦੀ ਵਰਤੋਂ ਅਤੇ ਸੰਭਾਲ ਸਬੰਧੀ ਵੱਡਮੁੱਲੀ ਜਾਣਕਾਰੀ ਕਿਸਾਨਾਂ ਨੂੰ ਬਹੁਤ ਲਾਹੇਵੰਦ ਸਿੱਧ ਹੰਦੀ ਹੈ।

ਇਹ ਵੀ ਪੜੋ: National Maize Conference: ਰਾਸ਼ਟਰੀ ਮੱਕੀ ਕਾਨਫਰੰਸ ਦੌਰਾਨ ਮਾਹਿਰਾਂ ਨੇ ਖੇਤੀਬਾੜੀ ਅਤੇ ਵਾਤਾਵਰਣ ਲਈ ਮੱਕੀ ਦੀ ਵਧ ਰਹੀ ਭੂਮਿਕਾ ਬਾਰੇ ਕੀਤਾ ਵਿਚਾਰ-ਵਟਾਂਦਰਾ

ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਕਿਸਾਨ ਮੇਲਿਆਂ ਵਿੱਚ ਲਗਾਈਆਂ ਜਾਂਦੀਆਂ ਪ੍ਰਦਰਸ਼ਨੀਆਂ ਖੇਤੀਬਾੜੀ ਦੇ ਹਰੇਕ ਪਹਿਲੂ ਵਿੱਚ ਸਮੇਂ ਅਨੁਸਾਰ ਹੋਈ ਤਰੱਕੀ ਦੀ ਗਵਾਹੀ ਭਰਦੀਆਂ ਹਨ। ਖੇਤੀਬਾੜੀ ਦੇ ਸੰਦ-ਸੰਦੇੜੇ ਅਤੇ ਮਸ਼ੀਨਰੀ ਦੀਆਂ ਸਟਾਲਾਂ ਕਿਸਾਨ ਵੀਰਾਂ ਨੂੰ ਨਵੇਂ ਆਏ ਆਧੁਨਿਕ ਸੰਦਾਂ ਦੀ ਜਾਣਕਾਰੀ ਮੁਹੱਈਆਂ ਕਰਦੀਆਂ ਹਨ। ਮਸ਼ੀਨਰੀ ਦੀ ਵਰਤੋਂ ਦੀ ਵਿਧੀ ਅਤੇ ਖਰੀਦ ਮੁੱਲ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸਭ ਦੇ ਨਾਲ-ਨਾਲ, ਗ੍ਰਹਿ ਵਿਗਿਆਨ ਵਿਭਾਗ ਵੱਲੋਂ ਵੀ ਆਪਣੇ ਸਟਾਲਾਂ ’ਤੇ ਘਰੇਲੂ ਵਰਤੋਂ ਦੀਆਂ ਹੱਥ ਦੀਆਂ ਬਣੀਆਂ ਵੱਖੋ-ਵੱਖਰੀਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ, ਜੋ ਕਿ ਕਿਸਾਨ ਬੀਬੀਆਂ ਲਈ ਜਾਣਕਾਰੀ ਨਾਲ ਭਰਪੂਰ ਹੁੰਦੀ ਹੈ। ਇਨ੍ਹਾਂ ਸਟਾਲਾਂ ’ਤੇ ਕਿਸਾਨ ਬੀਬੀਆਂ ਲਈ ਯੂਨੀਵਰਸਿਟੀ ਵਲੋਂ ਲਾਏ ਜਾਂਦੇ ਸਿਖਲਾਈ ਕੋਰਸਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਕਿਸਾਨ ਬੀਬੀਆਂ ਨੂੰ ਘਰੇਲੂ ਵਸਤੂਆਂ ਜਿਵੇਂ ਸਿਲਾਈ, ਕਢਾਈ, ਅਚਾਰ, ਚੱਟਣੀਆਂ, ਮੁਰੱਬੇ ਆਦਿ ਬਣਾਉਣ ਦੀਆਂ ਵਿਧੀਆ ਅਤੇ ਇਨ੍ਹਾਂ ਦੇ ਮੰਡੀਕਰਨ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਜੋ ਉਹ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰ ਸਕਣ। ਇਸ ਤੋਂ ਇਲਾਵਾ ਪੌਸ਼ਟਿਕ ਭੋਜਨ ਬਾਰੇ ਵੀ ਦੱਸਿਆ ਜਾਂਦਾ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਛਪਦਾ ਮਹੀਨਾਵਾਰੀ ਰਸਾਲਾ, ‘ਚੰਗੀ ਖੇਤੀ’ ਪੰਜਾਬੀ ਵਿੱਚ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਅੰਗਰੇਜ਼ੀ ਵਿੱਚ ਹਰ ਮਹੀਨੇ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਲੈ ਕੇ ਆਉਂਦਾ ਹੈ। ਕਿਸਾਨ ਮੇਲੇ ਵਿੱਚ ਇਸ ਰਸਲੇ ਦੇ ਮੈਂਬਰ ਬਣਨ ਲਈ ਖ਼ਾਸ ਤੌਰ ’ਤੇ ਸਟਾਲ ਲੱਗਿਆ ਹੁੰਦਾ ਹੈ, ਜਿੱਥੇ ਕਿਸਾਨ ਵੀਰ ਇਸ ਰਸਾਲੇ ਦੀ ਮੈਂਬਰਸ਼ਿਪ ਲੈ ਸਕਦੇ ਹਨ, ਜਿਸ ਨਾਲ ਹਰ ਮਹੀਨੇ ਵਿਗਿਆਨਕ ਜਾਣਕਾਰੀ ਖ਼ੁਦ ਤੁਹਾਡੇ ਘਰ ਡਾਕ ਰਾਹੀਂ, ਇਸ ਰਸਾਲੇ ਦੇ ਰੂਪ ਵਿੱਚ ਪਹੁੰਚ ਜਾਇਆ ਕਰੇਗੀ।ਇਸ ਤੋਂ ਇਲਾਵਾ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਤਕਨੀਕਾਂ ਲਈ, ਯੂਨੀਵਰਸਿਟੀ ਵੱਲੋਂ ਛਪੀਆਂ ਕਿਤਾਬਾਂ ‘ਪੰਜਾਬ ਦੀਆਂ ਫ਼ਸਲਾਂ ਲਈ ਸਿਫਾਰਿਸ਼ਾਂ- ਸਾਉਣੀ/ਹਾੜ੍ਹੀ’ ਵੀ ਖਰੀਦੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਫ਼ਸਲ ਦੀ ਬਿਜਾਈ, ਸਿਫਾਰਿਸ਼ ਕੀਤੀਆਂ ਕਿਸਮਾਂ ਤੋਂ ਲੈ ਕੇ ਫ਼ਸਲ ਦੀ ਵਾਢੀ ਤੱਕ ਹਰ ਅਹਿਮ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਕਿਤਾਬਾਂ ਦੇ ਸਟਾਲ ਮੇਲਾ ਗਰਾਊਂਡ ਵਿੱਚ ਵੜਨ ਸਾਰ ਹੀ ਕਿਸਾਨ ਵੀਰਾਂ ਦੀ ਨਜ਼ਰੀਂ ਪੈਂ ਜਾਂਦੇ ਹਨ।

ਇਹ ਵੀ ਪੜੋ: ਸ਼ਹਿਦ ਦੀਆਂ ਮੱਖੀਆਂ ਅਤੇ ਪੋਲੀਨੇਟਰਜ਼ ਦੀ ਸਮੀਖਿਆ ਕਰਨ ਲਈ ICAR ਦੁਆਰਾ ਗਠਿਤ ਰਿਵਿਊ ਟੀਮ ਵੱਲੋਂ PAU ਦਾ ਦੌਰਾ

ਕਿਸਾਨ ਮੇਲੇ ਤੇ ਰੰਗਲਾ ਪੰਜਾਬ

ਕਿਸਾਨ ਮੇਲੇ ਤੇ ਰੰਗਲਾ ਪੰਜਾਬ

ਇਸ ਤੋਂ ਇਲਾਵਾ ਲੁਧਿਆਣਾ ਵਿਚ ਲੱਦਗੇ ਕਿਸਾਨ ਮੇਲੇ ਦੇ ਨਾਲ-ਨਾਲ ਦੋ ਦਿਨਾਂ ਪਸ਼ੂ ਪਾਲਣ ਮੇਲਾ ‘ਗੁਰੂ ਅੰਗਦ ਦੇਵ ਵੇੈਟਰਨਰੀ ਅਤੇ ਐਨੀਮਲ ਸਇੰਸਸ ਯੂਨੀਵਰਸਿਟੀ’ ਵਿਚ ਲਗਾਇਆ ਜਾਂਦਾ ਹੈ ਅਤੇ ਇਸ ਮੇਲੇ ਵਿਚ ਦੁਧਾਰੂ ਪਸ਼ੂਆਂ ਦੀਆਂ ਪ੍ਰਦਰਸ਼ਨੀਆਂ ਆਦਿ ਖ਼ਾਸ ਤੌਰ ’ਤੇ ਕਿਸਾਨ ਵੀਰਾਂ ਲਈ ਲਗਾਈਆਂ ਜਾਂਦੀਆਂ ਹਨ।ਇਸ ਤੋਂ ਇਲਾਵਾ ਪਸ਼ੂ-ਧਨ ਪ੍ਰਦਰਨਸ਼ਨੀਆਂ ਦੀਆਂ ਸਟਾਲਾਂ ਵੀ ਕਿਸਾਨ ਵੀਰਾਂ ਦੇ ਠਾਠਾਂ ਮਾਰਦੇ ਇਕੱਠ ਲਈ ਖਿੱਚ ਦਾ ਕੇਂਦਰ ਬਣੀਆਂ ਰਹਿੰਦੀਆਂ ਹਨ। ਚੰਗੀ ਨਸਲ ਦੀਆਂ ਮੱਝਾਂ, ਗਾਵਾਂ, ਬੱਕਰੀਆਂ, ਸੂਰ, ਮੁਰਗੀਆਂ ਅਤੇ ਮੱਛੀਆਂ ਆਦਿ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਪਸ਼ੂ ਮੇਲਾ ਗਰਾਊਂਡ ਪ੍ਰਦਰਸ਼ਨੀ ਵਿਚ ਕਿਸਾਨ ਵੀਰਾਂ ਨਾਲ ਸਾਂਝੀ ਕਰੀ ਜਾਂਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਦੇ ਸੰਤੁਲਿਤ ਚਾਰੇ ਅਤੇ ਪੌਸ਼ਟਿਕਤਾ ਭਰਪੂਰ ਫੀਡ ਵੀ ਕਿਸਾਨ ਮੇਲੇ ’ਤੇ ਸਟਾਲਾਂ ਦਾ ਸ਼ਿੰਗਾਰ ਬਣਦੇ ਹਨ।

ਇਕ ਹੋਰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ‘ਖੇਤੀ ਸੰਦੇਸ਼’ ਨਾਮ ਦਾ ਡਿਜੀਟਲ ਅਖ਼ਬਾਰ ਜਾਰੀ ਕੀਤਾ ਗਿਆ ਹੈ, ਜੋ ਕਿਸਾਨ ਵੀਰਾਂ ਲਈ ਖੇਤੀ ਨਾਲ ਸੰਬੰਧਿਤ ਜਾਣਕਾਰੀ ਲੈ ਕੇ ਆਉਂਦਾ ਹੈ। ਇਸ ਅਖ਼ਬਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੱਧਾ ਤੁਹਾਡੇ ਮੋਬਾਇਲ ਫ਼ੋਨ ਉੱਪਰ ਪਹੁੰਚਦਾ ਹੈ। ਇਸ ਅਖ਼ਬਾਰ ਨੂੰ ਹਾਸਿਲ ਕਰਨ ਲਈ ਮੋਬਾਇਲ ਨੰਬਰ 82880-57707 ’ਤੇ ਮਿਸ ਕਾਲ ਕਰੋ ਜਾਂ ਇਸੇ ਹੀ ਨੰਬਰ ’ਤੇ ਵ੍ਹਟਸਐਪ ਰਾਹੀਂ ਆਪਣਾ ਨਾਂ, ਪਿੰਡ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਮੈਸਜ ਕਰੋ, ਤਾਂ ਜੋ ਖੇਤੀਬਾੜੀ ਦੀਆਂ ਵਿਗਿਆਨਕ ਤਕਨੀਕਾਂ ਦੀ ਜਾਣਕਾਰੀ ਸਿੱਧੀ ਤੁਹਾਡੇ ਤੱਕ ਪਹੁੰਚ ਸਕੇ। ਪਿਛਲੇ ਕਿਸਾਨ ਮੇਲੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਕ ਮੋਬਾਇਲ਼ ਐਪ ‘ਪੀਏਯੂ ਕਿਸਾਨ ਐਪ’ ਵੀ ਮੁਹੱਈਆ ਕਰਵਾਈ ਗਈ ਹੈ। ਜੋ ਕਿਸੇ ਵੀ ਸਮਾਰਟ ਫੋਨ ’ਤੇ ਡਾਊਨਲੋਅਡ ਕਰੀ ਜਾ ਸਕਦੀ ਹੈ। ਇਸ ਕਿਸਾਨ ਐਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਜ਼ਿਲ੍ਹਾ ਪੱਧਰੀ ਜਾਣਕਾਰੀ ਪੰਜਾਬੀ ਵਿੱਚ ਸਿੱਧਾ ਤੁਹਾਡੇ ਫੋਨ ’ਤੇ ਮੁਹੱਈਆ ਕਰਵਾਈ ਗਈ ਹੈ।

ਇਸ ਤੋਂ ਇਲਾਵਾ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ, ਕਿਸਾਨਾ ਨੂੰ ਸਮਾਜਿਕ ਪੱਖਾਂ ਅਤੇ ਜਿੰਮੇਵਰੀਆਂ ਸਬੰਧੀ ਵੀ ਸੁਚੇਤ ਕੀਤਾ ਜਾਂਦਾ ਹੈ । ‘ਸਾਦੇ ਵਿਆਹ – ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ’ ਵੱਲ ਕਿਸਾਨਾਂ ਦਾ ਧਿਆਨ ਕੇਂਦ੍ਰਿਤ ਕਰਨ ਨਾਲ ਕਿਸਾਨਾ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ।ਇਸ ਵਿਸ਼ੇ ਸਬੰਧੀ ਕਿਸਾਨਾਂ ਨੂੰ ਖੁਸ਼ੀ ਅਤੇ ਗਮੀ ਮੌਕੇ ਸਾਦੇ ਸਮਾਗਮ ਕਰਨ ਲਈ ਪ੍ਰੇਰਿਆ ਜਾਂਦਾ ਹੈ ਅਤੇ ਹਜਾਰਾਂ ਕਿਸਾਨਾ ਨੇ ਪਿਛਲੇ ਮੇਲਿਆਂ ਵਿੱਚ ਤਹਿਤ ਲਗਾਏ ਵਿਸ਼ੇਸ਼ ਬੈਨਰ ਤੇ ਆਪਣੇ ਦਸਤਖ਼ਤ ਕਰਕੇ ਭਵਿੱਖ ਵਿੱਚ ਸਧਾਰਨ ਤੇ ਘੱਟ ਖਰਚ ਵਾਲੇ ਪ੍ਰੋਗਰਾਮ ਕਰਨ ਦਾ ਪ੍ਰਣ ਵੀ ਲਿਆ। 

ਕਿਸਾਨ ਮੇਲੇ ਵਿੱਚ ਖੇਤੀ ਜਿਣਸਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਨੂੰ ਉਨ੍ਹਾਂ ਦੀਆਂ ਵਿਗਿਆਨਕ ਢੰਗਾਂ ਨਾਲ ਖੇਤੀ ਕਰਕੇ ਖੇਤੀ ਖੇਤਰ ਵਿੱਚ ਮਾਰੀਆਂ ਮੱਲਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜੋ ਬਾਕੀ ਕਿਸਾਨ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਵਿਗਿਆਨਿਕ ਖੇਤੀਬਾੜੀ ਵੱਲ ਉਤਸ਼ਾਹਿਤ ਹੋਣ।

ਕਿਸਾਨ ਵੀਰੋ, ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਕਿਸਾਨ ਮੇਲਿਆਂ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ।ਚੰਗਾ ਹੋਵੇਗਾ ਜੇਕਰ ਕਿਸਾਨਾਂ ਦੇ ਬੱਚੇ ਅਤੇ ਬੱਚੀਆਂ ਵੀ ਇਨ੍ਹਾਂ ਮੇਲਿਆਂ ਵਿੱਚ ਸ਼ਿਰਕਤ ਕਰਨ। ਕਿਉਂਕਿ ਵਿਗਿਆਨੀਆਂ ਨਾਲ ਰੂ-ਬ-ਰੂ ਹੋ ਕੇ ਬੱਚਿਆਂ ਅੰਦਰ ਕਈ ਤਰ੍ਹਾਂ ਦੇ ਨਵੇਂ ਵਿਚਾਰ ਉਤਪੰਨ ਹੁੰਦੇ ਹਨ ਅਤੇ ਉਹ ਵਿਗਿਆਨੀ ਬਣਨ ਦਾ ਸੁਪਨਾ ਵੀ ਦੇਖ ਸਕਦੇ ਹਨ। ਯੂਨੀਵਰਸਿਟੀ ਵਿੱਚ ਪੜ੍ਹਾਏ ਜਾ ਰਹੇ ਡਿਗਰੀ ਅਤੇ ਡਿਪਲੋਮਾ ਕੋਰਸਾਂ ਦੀ ਜਾਣਕਾਰੀ ਵੀ ਤੁਹਾਨੂੰ ਕਿਸਾਨ ਮੇਲਿਆਂ ਵਿੱਚ ਮੁਹੱਈਆ ਹੁੰਦੀ ਹੈ ਜਿਸ ਨਾਲ ਅੱਜ ਦੇ ਕਿਸਾਨ ਬੱਚੇ ਕੱਲ ਦੇ ਖੇਤੀਬਾੜੀ ਮਾਹਿਰ ਬਣਨ ਲਈ ਪ੍ਰੇਰਿਤ ਹੋ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੁਰਾਣੇ ਸੱਭਿਆਚਾਰ ਦਾ ਅਜਾਇਬ ਘਰ ਵੀ ਮੇਲੇ ਵਿੱਚ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਇੱਥੇ ਪੁਰਾਣੀਆਂ ਪੰਜਾਬੀ ਵਸਤੂਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਨਵੀਂ ਪੀੜ੍ਹੀ ਨੂੰ ਪੁਰਾਣੇ ਪੰਜਾਬੀ ਵਿਰਸੇ ਨਾਲ ਰੂ-ਬ-ਰੂ ਕਰਾਉਣ ਲਈ ‘ਅਜਾਇਬ ਘਰ’ ਦਾ ਚੱਕਰ ਵੀ ਜ਼ਰੂਰ ਲਗਵਾਉ, ਤਾਂ ਜੋ ਨਵੀਆਂ ਕਰੂੰਭਲਾ ਨੂੰ ਡੂੰਘੀਆਂ ਜੜ੍ਹਾਂ ਨਾਲ ਸੰਜੋ ਕੇ ਰੱਖਿਆ ਜਾ ਸਕੇ।

ਸਰੋਤ: ਕਮਲਪ੍ਰੀਤ ਕੌਰ, ਪਸਾਰ ਸਿੱਖਿਆ ਵਿਭਾਗ, ਪੀ.ਏ.ਯੂ., ਲੁਧਿਆਣਾ।

Summary in English: September Kisan Mela, PAU Mela Start, Punjab Farmers, Rabi Crops, Agriculture Sector

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters