ਖੇਤੀ ਕਿੱਤੇ ’ਚ ਆਧੁਨਿਕਤਾ – ਸਮੇਂ ਦੀ ਲੋੜ
Modernization in Agriculture: ਦੇਸ਼ ਦੀ ਵੱਡੀ ਅਬਾਦੀ ਖੇਤੀ ਅਤੇ ਇਸ ਨਾਲ ਜੁੜੇ ਕਿੱਤਿਆਂ ’ਤੇ ਨਿਰਭਰ ਕਰਦੀ ਹੈ। ਕਿਸਾਨਾਂ ਨੂੰ ਅਕਸਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਦਾ ਪੈਂਦਾ ਹੈ। ਕਰਜ਼ੇ ਦਾ ਬੋਝ, ਮੌਸਮ ਦੀ ਅਨਿਸ਼ਚਿਤਤਾ, ਮੰਡੀ ਦੀ ਅਸਥਿਰਤਾ ਅਤੇ ਵਧ ਰਹੀਆਂ ਲਾਗਤਾਂ ਕਾਰਨ ਕਿਸਾਨ ਨਿਰਾਸ਼ ਹੋ ਜਾਂਦੇ ਹਨ ਜਿਸ ਕਰਕੇ ਨਵੀਂ ਪੀੜ੍ਹੀ ਦੀ ਇਸ ਕਿੱਤੇ ਵਿੱਚ ਦਿਲਚਸਪੀ ਘਟ ਰਹੀ ਹੈ।
ਖੇਤੀ ਦੇ ਚੰਗੇ ਭਵਿੱਖ ਲਈ ਖੇਤੀ ਵਿੱਚ ਨਵੀਨੀਕਰਨ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਬਹੁਤ ਜ਼ਰੂਰੀ ਹੈ। ਹੋਰ ਖੇਤਰਾਂ ਵਾਂਗ ਖੇਤੀ ਵਿੱਚ ਤਕਨੀਕੀ ਤਰੱਕੀ ਉਸ ਗਤੀ ਨਾਲ ਨਹੀਂ ਹੋ ਸਕੀ ਜਿਸ ਦੀ ਲੋੜ ਸੀ। ਕਈ ਇਲਾਕਿਆਂ ਵਿੱਚ ਸਿੰਚਾਈ ਦੀ ਪੂਰੀ ਸੁਵਿਧਾ ਨਹੀਂ ਹੈ ਅਤੇ ਕਿਸਾਨ ਅਜੇ ਵੀ ਮੌਸਮ ਅਤੇ ਮੀਂਹ ’ਤੇ ਨਿਰਭਰ ਰਹਿੰਦੇ ਹਨ। ਇਸ ਤੋਂ ਇਲਾਵਾ ਤਕਨੀਕੀ ਸਾਧਨਾਂ ਦੀ ਘਾਟ ਵੀ ਖੇਤੀ ਦੀ ਉਤਪਾਦਕਤਾ ਨੂੰ ਪ੍ਰਭਾਵਿਤ ਕਰਦੀ ਹੈ।
ਆਧੁਨਿਕ ਮਹਿੰਗੀ ਖੇਤੀ ਮਸ਼ੀਨਰੀ ਜਿਵੇਂ ਟਰੈਕਟਰ, ਹਾਰਵੇਸਟਰ, ਸੀਡ ਡਰਿੱਲ ਅਤੇ ਹੋਰ ਉਪਕਰਣ ਵੱਡੇ ਕਿਸਾਨਾਂ ਲਈ ਤਾਂ ਸੰਭਵ ਹੈ ਪਰ ਛੋਟੇ ਅਤੇ ਮੱਧਵਰਗੀ ਕਿਸਾਨ ਇਸਦੀ ਦੀ ਲਾਗਤ ਨਹੀਂ ਝੱਲ ਸਕਦੇ। ਇਸ ਦੇ ਨਾਲ ਹੀ ਉੱਚ ਗੁਣਵੱਤਾ ਵਾਲੇ ਬੀਜ, ਖਾਦ ਅਤੇ ਕੀਟਨਾਸ਼ਕ ਵੀ ਹਰ ਕਿਸਾਨ ਤੱਕ ਨਹੀਂ ਪਹੁੰਚਦੇ। ਕਈ ਵਾਰ ਗਲਤ ਬੀਜ ਅਤੇ ਘਟੀਆ ਖਾਦਾਂ ਜਾਂ ਖੇਤੀ ਰਸਾਇਣਾਂ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਖੇਤੀ ਮਜ਼ਦੂਰਾਂ ਦੀ ਘਾਟ ਕਾਰਨ ਮਜ਼ਦੂਰੀ ਦੀ ਵਧ ਰਹੀ ਲਾਗਤ ਵੀ ਇੱਕ ਵੱਡੀ ਸਮੱਸਿਆ ਹੈ। ਇਹ ਸਾਰੀਆਂ ਗੱਲਾਂ ਖੇਤੀ ਦੀ ਉਤਪਾਦਕਤਾ ਅਤੇ ਆਮਦਨ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਲਈ ਖੇਤੀ ਨੂੰ ਲਾਭਦਾਇਕ ਬਣਾਉਣ ਲਈ ਆਧੁਨਿਕ ਤਕਨੀਕਾਂ ਨੂੰ ਅਪਣਾਉਣਾ ਲਾਜ਼ਮੀ ਹੋ ਜਾਂਦਾ ਹੈ।
ਖੇਤੀ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਮਸ਼ੀਨੀਕਰਨ ਵੱਲ ਧਿਆਨ ਦੇਣਾ ਜ਼ਰੂਰੀ ਹੈ। ਮਸ਼ੀਨਾਂ ਦੀ ਵਰਤੋਂ ਨਾਲ ਖੇਤੀ ਦੇ ਕੰਮ ਤੇਜ਼ੀ ਨਾਲ ਅਤੇ ਸਹੀ ਸਮੇਂ ’ਤੇ ਹੋ ਸਕਦੇ ਹਨ। ਇਕ ਮਸ਼ੀਨ ਕਈ ਮਜ਼ਦੂਰਾਂ ਦਾ ਕੰਮ ਕਰ ਸਕਦੀ ਹੈ, ਜਿਸ ਨਾਲ ਸਮਾਂ ਅਤੇ ਮਿਹਨਤ ਦੋਵਾਂ ਦੀ ਬੱਚਤ ਹੁੰਦੀ ਹੈ। ਜੇ ਛੋਟੇ ਕਿਸਾਨਾਂ ਨੂੰ ਸਬਸਿਡੀ ਜਾਂ ਸਾਂਝੇ ਮਸ਼ੀਨ ਕੇਂਦਰਾਂ ਦੀ ਸਹੂਲਤ ਦਿੱਤੀ ਜਾਵੇ ਤਾਂ ਉਹ ਵੀ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰ ਸਕਦੇ ਹਨ। ਇਸ ਨਾਲ ਖੇਤੀ ਦੀ ਉਤਪਾਦਕਤਾ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਦੀ ਆਮਦਨ ਵੀ ਵਧੇਗੀ।
ਖੇਤੀ ਦੇ ਚੰਗੇ ਭਵਿੱਖ ਲਈ ਫਸਲਾਂ ਵਿੱਚ ਵਿਭਿੰਨਤਾ ਲਿਆਉਣਾ ਵੀ ਬਹੁਤ ਅਹਿਮ ਹੈ। ਪੰਜਾਬ ਵਿੱਚ ਕਣਕ-ਝੋਨੇ ਦੇ ਫਸਲੀ ਚੱਕਰ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਰਹੀ ਹੈ ਅਤੇ ਜ਼ਮੀਨਦੋਜ਼ੇ ਪਾਣੀ ਦਾ ਪੱਧਰ ਵੀ ਡਿੱਗ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਦਾਲਾਂ, ਤੇਲਬੀਜ਼ ਫਸਲਾਂ, ਸਬਜ਼ੀਆਂ, ਫਲਾਂ ਅਤੇ ਬਾਗਬਾਨੀ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਮਿੱਟੀ ਦੀ ਸਿਹਤ ਸੁਧਰੇਗੀ ਬਲਕਿ ਕਿਸਾਨਾਂ ਦੀ ਆਮਦਨ ਵੀ ਵਧੇਗੀ।
ਅੱਜ ਦੇ ਡਿਜ਼ੀਟਲ ਯੁੱਗ ਵਿੱਚ ਖੇਤੀ ਦੇ ਵਿਕਾਸ ਲਈ ਤਕਨੀਕ ਦੀ ਵਰਤੋਂ ਬਹੁਤ ਜ਼ਰੂਰੀ ਹੋ ਗਈ ਹੈ। ਇਸ ਵਿੱਚ e-NAM (ਇਲੈਕਟ੍ਰਾਨਿਕ ਨੈਸ਼ਨਲ ਐਗਰੀਕਲਚਰਲ ਮਾਰਕੀਟ) ਇੱਕ ਮਹੱਤਵਪੂਰਨ ਕਦਮ ਹੈ। ਇਹ ਇੱਕ ਆਨਲਾਈਨ ਮੰਡੀ ਪ੍ਰਣਾਲੀ ਹੈ ਜਿਸ ਰਾਹੀਂ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਨੂੰ ਇਕ ਦੂਜੇ ਨਾਲ ਜੋੜਿਆ ਗਿਆ ਹੈ। ਇਸ ਪਲੇਟਫਾਰਮ ਰਾਹੀਂ ਕਿਸਾਨ ਆਪਣੀ ਫਸਲ ਨੂੰ ਵੱਡੇ ਪੱਧਰ ’ਤੇ ਵੇਚ ਸਕਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਕੀਮਤ ਮਿਲ ਸਕਦੀ ਹੈ। e-NAM ਵਿੱਚ ਵਿਚੋਲੀਆਂ ਦੀ ਭੂਮਿਕਾ ਘੱਟ ਹੁੰਦੀ ਹੈ ਅਤੇ ਕਿਸਾਨ ਨੂੰ ਆਪਣੀ ਉਪਜ ਦਾ ਸਹੀ ਮੁੱਲ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।
ਇਸ ਦੇ ਨਾਲ-ਨਾਲ ਆਨਲਾਈਨ ਮਾਰਕੀਟਿੰਗ ਵੈੱਬਸਾਈਟਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਵੀ ਖੇਤੀ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਰਹੀਆਂ ਹਨ। ਅੱਜ ਕਈ ਕਿਸਾਨ ਸੋਸ਼ਲ ਮੀਡੀਆ, ਈ-ਕਾਮਰਸ ਪਲੇਟਫਾਰਮ ਅਤੇ ਡਿਜ਼ੀਟਲ ਮਾਰਕੀਟਾਂ ਰਾਹੀਂ ਆਪਣੀ ਉੱਪਜ ਸਿੱਧੀ ਖਪਤਕਾਰਾਂ ਤੱਕ ਪਹੁੰਚਾ ਰਹੇ ਹਨ। ਇਸ ਨਾਲ ਉਹਨਾਂ ਨੂੰ ਵਿਚੋਲੀਆਂ ਤੋਂ ਬਚ ਕੇ ਵਧੀਆ ਲਾਭ ਪ੍ਰਾਪਤ ਹੁੰਦਾ ਹੈ। ਜੇ ਸਰਕਾਰ ਕਿਸਾਨਾਂ ਨੂੰ ਡਿਜ਼ੀਟਲ ਸਿਖਲਾਈ ਅਤੇ ਇੰਟਰਨੈੱਟ ਦੀ ਸਹੂਲਤ ਮੁਹੱਈਆ ਕਰਵਾਏ ਤਾਂ ਉਹ ਆਸਾਨੀ ਨਾਲ ਆਨਲਾਈਨ ਮਾਰਕੀਟਿੰਗ ਕਰ ਸਕਦੇ ਹਨ।
ਇਹ ਵੀ ਪੜ੍ਹੋ: Farmer's Life: ਉਠੋ ਜਾਗੋ ਵੀਰ ਕਿਸਾਨੋ
ਖੇਤੀ ਦੇ ਨਵੀਨੀਕਰਨ ਵਿੱਚ ਕੰਟ੍ਰੈਕਟ ਫਾਰਮਿੰਗ ਦੀ ਵੀ ਇੱਕ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ। ਇਸ ਵਿੱਚ ਕਿਸਾਨ ਅਤੇ ਕੰਪਨੀ ਵਿਚਕਾਰ ਪਹਿਲਾਂ ਹੀ ਇਕ ਸਮਝੌਤਾ ਹੋ ਜਾਂਦਾ ਹੈ। ਕੰਪਨੀ ਕਿਸਾਨ ਨੂੰ ਬੀਜ, ਤਕਨੀਕੀ ਸਲਾਹ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਫਸਲ ਤਿਆਰ ਹੋਣ ’ਤੇ ਨਿਰਧਾਰਤ ਕੀਮਤ ’ਤੇ ਖਰੀਦ ਲੈਂਦੀ ਹੈ। ਇਸਦੀ ਸਫਲਤਾ ਲਈ ਦੋਵੇਂ ਧਿਰਾਂ ਦਾ ਇਮਾਨਦਾਰ ਅਤੇ ਵਾਅਦੇ ਦੇ ਪੱਕੇ ਹੋਣਾ ਲਾਜ਼ਮੀ ਹੈ। ਇਸ ਨਾਲ ਕਿਸਾਨ ਦਾ ਮੰਡੀ ਦੀ ਅਨਿਸ਼ਚਿਤਤਾ ਤੋਂ ਬਚਾਅ ਹੋ ਸਕਦਾ ਹੈ ਅਤੇ ਉਸ ਨੂੰ ਆਪਣੀ ਉਪਜ ਦੀ ਪੱਕੀ ਕੀਮਤ ਵੀ ਮਿਲ ਸਕਦੀ ਹੈ।
ਇਸ ਦੇ ਨਾਲ ਹੀ ਖੇਤੀ ਉੱਪਜ ਵਿੱਚ ਮੁੱਲ ਵਾਧਾ ਕਰਕੇ ਵੇਚਣਾ ਵੀ ਸਹਾਈ ਹੋ ਸਕਦਾ ਹੈ। ਅਕਸਰ ਕਿਸਾਨ ਆਪਣੀ ਉੱਪਜ ਨੂੰ ਕੱਚੇ ਰੂਪ ਵਿੱਚ ਹੀ ਵੇਚ ਦਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਘੱਟ ਲਾਭ ਮਿਲਦਾ ਹੈ। ਪਰ ਜੇ ਉਹ ਆਪਣੀ ਉਪਜ ਨੂੰ ਪ੍ਰੋਸੈੱਸ ਕਰਕੇ ਵੇਚਣ ਤਾਂ ਉਹ ਵਧੀਆ ਮੁੱਲ ਪ੍ਰਾਪਤ ਕਰ ਸਕਦੇ ਹਨ। ਉਦਾਹਰਨ ਵਜੋਂ ਦੁੱਧ ਤੋਂ ਪਨੀਰ, ਦਹੀਂ ਅਤੇ ਘਿਓ ਬਣਾਕੇ ਵੇਚਣ ਨਾਲ ਜ਼ਿਆਦਾ ਲਾਭ ਮਿਲ ਸਕਦਾ ਹੈ। ਇਸੇ ਤਰ੍ਹਾਂ ਫਲਾਂ ਤੋਂ ਜੈਮ, ਜੂਸ ਜਾਂ ਅਚਾਰ ਬਣਾਕੇ ਵੇਚਣ ਨਾਲ ਵੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਪਿੰਡ ਪੱਧਰ ’ਤੇ ਫੂਡ ਪ੍ਰੋਸੈਸਿੰਗ ਯੂਨਿਟਾਂ ਅਤੇ ਐਗਰੋ-ਇੰਡਸਟਰੀਜ਼ ਦੀ ਸਥਾਪਨਾ ਨਾਲ ਖੇਤੀ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ।
ਖੇਤੀ ਦੇ ਵਿਕਾਸ ਲਈ ਮੰਡੀ ਪ੍ਰਣਾਲੀ ਦਾ ਸੁਧਾਰ ਬਹੁਤ ਜ਼ਰੂਰੀ ਹੈ। ਕਈ ਵਾਰ ਕਿਸਾਨਾਂ ਨੂੰ ਆਪਣੀ ਉੱਪਜ ਦੀ ਸਹੀ ਕੀਮਤ ਨਹੀਂ ਮਿਲਦੀ ਕਿਉਂਕਿ ਮੰਡੀਆਂ ਵਿੱਚ ਵਿਚੋਲੀਆਂ ਦਾ ਦਬਦਬਾ ਹੁੰਦਾ ਹੈ। ਜੇ ਸਰਕਾਰ ਸਹੀ ਮਾਰਕੀਟਿੰਗ ਪ੍ਰਣਾਲੀ ਅਤੇ ਸਟੋਰੇਜ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਏ ਤਾਂ ਕਿਸਾਨ ਆਪਣੀ ਉੱਪਜ ਨੂੰ ਸਹੀ ਸਮੇਂ ’ਤੇ ਅਤੇ ਵਧੀਆ ਕੀਮਤ ’ਤੇ ਵੇਚ ਸਕਦੇ ਹਨ। ਕੋਲਡ ਸਟੋਰੇਜ ਅਤੇ ਗੋਦਾਮਾਂ ਦੀ ਘਾਟ ਕਾਰਨ ਕਈ ਵਾਰ ਫਲ ਅਤੇ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ।
ਇਸ ਤੋਂ ਇਲਾਵਾ ਖੇਤੀ ਵਿੱਚ ਨਵੀਨੀਕਰਨ ਲਈ ਨਵੀਕਰਨਯੋਗ ਊਰਜਾ ਵੀ ਬਹੁਤ ਮਹੱਤਵਪੂਰਨ ਹੈ। ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪ ਅਤੇ ਸਿੰਚਾਈ ਪ੍ਰਣਾਲੀਆਂ ਕਿਸਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦੀਆਂ ਹਨ। ਇਸ ਨਾਲ ਬਿਜਲੀ ਦੀ ਬੱਚਤ ਹੁੰਦੀ ਹੈ ਅਤੇ ਖਰਚ ਵੀ ਘੱਟ ਹੁੰਦਾ ਹੈ।
ਖੇਤੀ ਦੇ ਵਿਕਾਸ ਵਿੱਚ ਸਰਕਾਰ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਸਰਕਾਰ ਨੂੰ ਕਿਸਾਨਾਂ ਲਈ ਸਸਤੇ ਕਰਜ਼ੇ, ਬੀਮਾ ਯੋਜਨਾਵਾਂ ਅਤੇ ਤਕਨੀਕੀ ਸਿਖਲਾਈ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਖੇਤੀ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਨੂੰ ਨਵੀਆਂ ਤਕਨੀਕਾਂ ਵਿਕਸਤ ਕਰਨ ਅਤੇ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕੰਮ ਕਰਨਾ ਚਾਹੀਦਾ ਹੈ।
ਇਸ ਨਾਲ ਕਿਸਾਨ ਆਧੁਨਿਕ ਤਰੀਕਿਆਂ ਨਾਲ ਖੇਤੀ ਕਰ ਸਕਣਗੇ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ। ਖੇਤੀ ਦੇ ਨਵੀਨੀਕਰਨ ਨਾਲ ਹੀ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਸਕਦਾ ਹੈ। ਜੇ ਕਿਸਾਨ, ਸਰਕਾਰ ਅਤੇ ਵਿਿਗਆਨੀ ਮਿਲ ਕੇ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਤਾਂ ਨਾ ਸਿਰਫ ਕਿਸਾਨਾਂ ਦੀ ਆਮਦਨ ਵਧੇਗੀ ਬਲਕਿ ਦੇਸ਼ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ।
ਸਰੋਤ: ਹਰਸਿਮਰਨਜੀਤ ਕੌਰ ਮਾਵੀ ਅਤੇ ਰਾਜ ਕੁਮਾਰ
ਇਕੋਨੋਮਿਕਸ ਅਤੇ ਸ਼ੋਸ਼ਿਆਲੋਜ਼ੀ ਵਿਭਾਗ,
ਪੀ.ਏ.ਯੂ., ਲੁਧਿਆਣਾ
Summary in English: Smart Farming is the key to a better future, make your mark with new technologies