ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਲੁਧਿਆਣਾ ਵਿਖੇ ਕਾਰਜਸ਼ੀਲ ਸੰਸਥਾ ਪੋਸਟ ਹਾਰਵੈਸਟ ਅਤੇ ਇੰਜਨੀਅਰਿੰਗ ਤਕਨਾਲੋਜੀ ਸੰਬੰਧੀ ਕੇਂਦਰੀ ਸੰਸਥਾਨ (ਸੀਫੇਟ) ਨਾਲ ਇਕ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ। ਇਸ ਦੁਵੱਲੇ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਇਕ ਦੂਸਰੇ ਨੂੰ ਪੰਜਾਬ ਰਾਜ ਦੇ ਪਸ਼ੂ ਪਾਲਕਾਂ ਦੀ ਭਲਾਈ ਵਾਸਤੇ ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਵਿਚ ਸਹਿਯੋਗ ਦੇਣਗੀਆਂ। ਇਸ ਸਹਿਮਤੀ ਪੱਤਰ 'ਤੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਦੀ ਮੌਜੂਦਗੀ ਵਿਚ ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਵੈਟਨਰੀ ਯੂਨੀਵਰਸਿਟੀ ਅਤੇ ਡਾ. ਆਰ ਕੇ ਸਿੰਘ ਨਿਰਦੇਸ਼ਕ ਸੀਫੇਟ ਨੇ ਦਸਤਖ਼ਤ ਕੀਤੇ। ਇਸ ਮੌਕੇ 'ਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਅਤੇ ਸੀਫੇਟ ਸੰਸਥਾ ਦੇ ਵਿਗਿਆਨੀ ਵੀ ਮੌਜੂਦ ਸਨ।
ਡਾ. ਇੰਦਰਜੀਤ ਸਿੰਘ ਨੇ ਪਸ਼ੂਧਨ ਖੇਤਰ ਵਿਚ ਇੰਜਨੀਅਰਿੰਗ ਦੀ ਮਹੱਤਤਾ ਨੂੰ ਚਿੰਨ੍ਹਤ ਕਰਦਿਆਂ ਕਿਹਾ ਕਿ ਇਸ ਢੰਗ ਨਾਲ ਅਸੀਂ ਡੇਅਰੀ ਅਤੇ ਪੋਲਟਰੀ ਖੇਤਰ ਨੂੰ ਮਸ਼ੀਨੀਕਰਨ ਰਾਹੀਂ ਹੋਰ ਸੁਚਾਰੂ ਬਣਾ ਸਕਦੇ ਹਾਂ। ਉਨ੍ਹਾਂ ਨੇ ਇੰਜਨੀਅਰਾਂ ਨੂੰ ਮੱਝਾਂ ਦਾ ਦੁੱਧ ਚੋਣ ਵਾਲੀ ਮਸ਼ੀਨ ਅਤੇ ਡੇਅਰੀ ਫਾਰਮ ਦੀ ਸਫਾਈ ਕਰਨ ਵਾਲੀਆਂ ਸਸਤੀਆਂ ਅਤੇ ਬਿਹਤਰ ਮਸ਼ੀਨਾਂ ਬਨਾਉਣ ਲਈ ਪ੍ਰੇਰਿਆ ਦਿੱਤਾ।ਡਾ. ਸਿੰਘ ਨੇ ਛੋਟੀਆਂ ਡੇਅਰੀ ਇਕਾਈਆਂ ਅਤੇ ਮੀਟ ਪ੍ਰਾਸੈਸਿੰਗ ਇਕਾਈਆਂ ਵਿਚ ਵੀ ਇੰਜਨੀਅਰਾਂ ਦੀ ਭੂਮਿਕਾ ਸੰਬੰਧੀ ਚਰਚਾ ਕੀਤੀ। ਸੀਫੇਟ ਦੇ ਨਿਰਦੇਸ਼ਕ, ਡਾ. ਆਰ ਕੇ ਸਿੰਘ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਉਨ੍ਹਾਂ ਦੀ ਸੰਸਥਾ ਪੂਰਨ ਸਹਿਯੋਗ ਦੇਵੇਗੀ ਅਤੇ ਦੁਵੱਲੀ ਖੋਜ ਨਾਲ ਅਜਿਹੇ ਪ੍ਰਾਜੈਕਟ ਨੂੰ ਚੰਗੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਦੋਵਾਂ ਸੰਸਥਾਵਾਂ ਦੀਆਂ ਖੋਜ ਸਹੂਲਤਾਂ ਅਤੇ ਮੁਹਾਰਤ ਨਾਲ ਪਸ਼ੂ ਪਾਲਕਾਂ ਦੇ ਹਿਤਾਂ ਲਈ ਬਹੁਤ ਕੁਝ ਨਵਾਂ ਕੀਤਾ ਜਾ ਸਕਦਾ ਹੈ ਜਿਸ ਨਾਲ ਪਸ਼ੂ ਪਾਲਣ ਕਿੱਤਾ ਵਧੇਰੇ ਫਾਇਦੇਮੰਦ ਹੋ ਸਕੇਗਾ।
ਡਾ. ਗਿੱਲ ਨੇ ਇਸ ਸਮਾਗਮ ਵਿਚ ਜਾਣਕਾਰੀ ਦਿੱਤੀ ਕਿ ਦੋਵੇਂ ਸੰਸਥਾਵਾਂ ਇਸ ਤੋਂ ਪਹਿਲਾਂ ਵੀ ਕਈ ਕਾਰਜਾਂ ਉਤੇ ਇਕ ਦੂਸਰੇ ਨੂੰ ਸਹਿਯੋਗ ਦੇ ਰਹੀਆਂ ਹਨ ਜੋ ਕਿ ਕਿਸਾਨਾਂ ਦੀ ਭਲਾਈ ਲਈ ਕੰਮ ਆ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਵੇਂ ਸਮਝੌਤੇ ਨਾਲ ਸਾਡੀ ਖੋਜ ਨੂੰ ਹੋਰ ਸ਼ਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਪਸ਼ੂਆਂ ਅਤੇ ਮੱਛੀ ਪਾਲਣ ਦਾ ਉਤਪਾਦਨ ਵਧਾਉਣ, ਬਿਹਤਰ ਸਿਹਤ ਅਤੇ ਆਮਦਨੀ ਵਿਚ ਵਾਧਾ ਕਰਨ ਲਈ ਲਗਾਤਾਰ ਸਿਰ ਤੋੜ ਯਤਨ ਕਰ ਰਹੀ ਹੈ। ਇਸ ਮੌਕੇ 'ਤੇ ਸੀਫੇਟ ਸੰਸਥਾ ਦੇ ਡਾ. ਨਰਸਿਆ ਅਤੇ ਡਾ. ਦੀਪ ਯਾਦਵ ਨੇ ਵੀ ਸਮਾਗਮ ਦੀ ਸੋਭਾ ਵਧਾਈ।
Summary in English: The Veterinary University rightly agreed on bilateral cooperation with CEFET, an organization of the Agricultural Research Council of India