KISAN MELA: ਪੀ.ਏ.ਯੂ. ਦੇ ਕਿਸਾਨ ਮੇਲੇ ਸੰਸਾਰ ਭਰ ਵਿੱਚ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਪਸਾਰ ਸੇਵਾਵਾਂ ਦੇ ਆਧਾਰ ਤੇ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਹਨ। ਇੱਥੋਂ ਤੱਕ ਕਿ ਕੁਝ ਸਾਲ ਪਹਿਲਾਂ ਕੋਵਿਡ 19 ਦੌਰਾਨ ਜਦੋਂ ਦੁਨੀਆ ਭਰ ਦੀਆਂ ਕਾਰਵਾਈਆਂ ਅਤੇ ਕੰਮ ਬੰਦ ਸਨ, ਉਦੋਂ ਵੀ ਪੀਏਯੂ ਮਾਹਰਾਂ ਨੇ ਆਨਲਾਈਨ ਕਿਸਾਨ ਮੇਲੇ ਲਾ ਕੇ ਕਿਸਾਨਾਂ ਤੱਕ ਨਵੀਆਂ ਤਕਨਾਲੋਜੀਆਂ ਪਹੁੰਚਾਉਣ ਦੀ ਰਿਵਾਇਤ ਨੂੰ ਲਗਾਤਾਰ ਜਾਰੀ ਰੱਖਿਆ।
ਪੰਜਾਬ ਦੇ ਖੇਤੀ ਵਿਕਾਸ ਅਤੇ ਹਰੀ ਕ੍ਰਾਂਤੀ ਦੀ ਆਮਦ ਵਿੱਚ ਪੀਏਯੂ ਵੱਲੋਂ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦਾ ਭਰਪੂਰ ਅਤੇ ਅਹਿਮ ਯੋਗਦਾਨ ਰਿਹਾ ਹੈ। ਕਿਸਾਨੀ ਨੂੰ ਵਿਗਿਆਨਕ ਖੇਤੀ ਨਾਲ ਜੋੜਨ ਅਤੇ ਨਵੇਂ ਖੇਤੀ ਤਰੀਕਿਆਂ ਨੂੰ ਪ੍ਰਫੁੱਲਿਤ ਕਰਨ ਲਈ ਪੀਏਯੂ ਨੇ ਕਿਸਾਨ ਮੇਲਿਆਂ ਰਾਹੀਂ ਨਵੀਂ ਵਿਗਿਆਨਿਕ ਚੇਤਨਾ ਨੂੰ ਪੰਜਾਬ ਦੇ ਕੋਨੇ ਕੋਨੇ ਦੇ ਜਨ ਮਾਨਸ ਤੱਕ ਪਹੁੰਚਾਇਆ। ਇਸੇ ਦਾ ਨਤੀਜਾ ਹੈ ਕਿ ਅਨਾਜ ਉਤਪਾਦਨ ਦੇ ਪੱਖ ਤੋਂ ਪੰਜਾਬ ਦੇਸ਼ ਦਾ ਹੀ ਨਹੀਂ ਦੁਨੀਆਂ ਦਾ ਮੋਢੀ ਖਿੱਤਾ ਬਣ ਕੇ ਸਾਹਮਣੇ ਆਇਆ।
ਪੀਏਯੂ ਦੇ ਕਿਸਾਨ ਮੇਲੇ ਪੀਏਯੂ ਦੇ ਮੁੱਖ ਕੈਂਪਸ ਤੋਂ ਇਲਾਵਾ ਅੰਮ੍ਰਿਤਸਰ, ਬੱਲੋਵਾਲ ਸੌਂਖੜੀ, ਫਰੀਦਕੋਟ,ਗੁਰਦਾਸਪੁਰ, ਪਟਿਆਲਾ, ਬਠਿੰਡਾ ਆਦਿ ਖੇਤਰੀ ਕੇਂਦਰਾਂ ਉੱਪਰ ਲਾਏ ਜਾਂਦੇ ਹਨ। ਇਹਨਾਂ ਕਿਸਾਨ ਮੇਲਿਆਂ ਨੇ ਇੱਥੋਂ ਦੇ ਇਲਾਕਿਆਂ ਦੀਆਂ ਖੇਤੀ ਲੋੜਾਂ ਅਨੁਸਾਰ ਨਵੀਆਂ ਖੇਤੀ ਖੋਜਾਂ ਅਤੇ ਤਕਨਾਲੋਜੀਆਂ ਦੀਆਂ ਕਾਢਾਂ ਕਿਸਾਨਾਂ ਤੱਕ ਪਹੁੰਚਾਈਆਂ। ਪੀਏਯੂ ਦੇ ਕੈਂਪਸ ਵਿੱਚ ਲੱਗਣ ਵਾਲੇ ਮੁੱਖ ਕਿਸਾਨ ਮੇਲੇ ਦੌਰਾਨ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਸਿਰਫ ਮੇਲਾ ਗੇਲਾ ਦੇਖਣ ਲਈ ਨਹੀਂ ਜੁੜਦਾ ਬਲਕਿ ਮਾਹਿਰਾਂ ਦੀਆਂ ਕੀਮਤੀ ਸਲਾਹਾਂ ਲੈਣ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ ਆਉਂਦੀ ਫਸਲ ਲਈ ਕੀਤੀਆਂ ਖੋਜਾਂ ਅਤੇ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਦੇਖਣ ਲਈ ਜੁੜਦਾ ਹੈ। ਇਸ ਤੋਂ ਇਲਾਵਾ ਵਿਕਸਿਤ ਫ਼ਸਲਾਂ ਦੀਆਂ ਕਿਸਮਾਂ ਦੇ ਬੀਜਾਂ, ਫਲਦਾਰ ਪੌਦਿਆਂ ਅਤੇ ਨਵੀਂ ਮਸ਼ੀਨਰੀ ਦੀਆਂ ਸਟਾਲਾਂ ਦੇਖਣ ਲਈ ਕਿਸਾਨ ਹੁੰਮ ਹੁਮਾ ਕੇ ਇੱਥੇ ਪਹੁੰਚਦੇ ਹਨ। ਖੇਤੀ ਸਾਹਿਤ ਨਾਲ ਜੁੜਨ ਦਾ ਵਸੀਲਾ ਪੀਏਯੂ ਦੇ ਕਿਸਾਨ ਮੇਲੇ ਬਹੁਤ ਸਾਲਾਂ ਤੋਂ ਬਣੇ ਹੋਏ ਹਨ।
ਪੰਜਾਬ ਦੇ ਖੇਤੀ ਵਿਕਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੀਏਯੂ ਦੇ ਕਿਸਾਨ ਮੇਲਿਆਂ ਨੇ ਕਿਸੇ ਵੀ ਹੋਰ ਤਿਉਹਾਰ ਵਾਂਗ ਇਥੋਂ ਦੇ ਕਿਸਾਨ ਦੇ ਮਨ ਵਿੱਚ ਨਵੀਂ ਵਿਗਿਆਨਿਕ ਖੇਤੀ ਦੀ ਜਾਗ ਲਾਉਣ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਪੰਜਾਬ ਦਾ ਖੇਤੀ ਵਿਕਾਸ ਪੀਏਯੂ ਦੇ ਕਿਸਾਨ ਮੇਲਿਆਂ ਵਿੱਚ ਦਿੱਤੀਆਂ ਜਾਂਦੀਆਂ ਪਸਾਰ ਗਤੀਵਿਧੀਆਂ ਨਾਲੋਂ ਵੱਖਰਾ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਇਸ ਲਈ ਇਹ ਕਿਸਾਨ ਮੇਲੇ ਇਸ ਖਿੱਤੇ ਵਿੱਚ ਖੇਤੀ ਨੂੰ ਹੋਰ ਅਗੇਰੇ ਵਧਾਉਣ ਲਈ ਮਹੱਤਵਪੂਰਨ ਉਤਸਵ ਵਾਂਗ ਮਨਾਏ ਜਾਂਦੇ ਹਨ ਇਸ ਵਾਰ ਦੇ ਕਿਸਾਨ ਮੇਲੇ ਤਿੰਨ ਸਤੰਬਰ ਤੋਂ ਸ਼ੁਰੂ ਹੋ ਕੇ ਸ਼ੁਰੂ ਹੋ ਰਹੇ ਹਨ। 3 ਸਤੰਬਰ ਨੂੰ ਨਾਗ ਕਲਾ ,ਅੰਮ੍ਰਿਤਸਰ ਦਾ ਮੇਲਾ 6 ਸਤੰਬਰ ਨੂੰ ਬੱਲੋਵਾਲ ਸੌਂਖੜੀ ਦਾ, 10 ਨੂੰ ਫਰੀਦਕੋਟ ਦਾ, 13 ਅਤੇ 14 ਨੂੰ ਪੀਏਯੂ ਦੇ ਮੁੱਖ ਕੈਂਪਸ ਦਾ, 18 ਨੂੰ ਗੁਰਦਾਸਪੁਰ ਦਾ , 24 ਨੂੰ ਪਟਿਆਲਾ ਅਤੇ 27 ਤਰੀਕ ਨੂੰ ਬਠਿੰਡੇ ਦਾ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ।
ਇਹਨਾਂ ਕਿਸਾਨ ਮੇਲਿਆਂ ਦੌਰਾਨ ਕਿਸਾਨ ਅਤੇ ਵਿਗਿਆਨੀਆਂ ਨੂੰ ਇੱਕੋ ਸਥਾਨ ਤੋਂ ਖੇਤੀ ਨਾਲ ਸੰਬੰਧਿਤ ਬਹੁਤ ਸਾਰੀਆਂ ਮੁਸ਼ਕਿਲਾਂ, ਸਮੱਸਿਆਵਾਂ ਦੇ ਨਾਲ ਨਾਲ ਅਤੇ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਅਤੇ ਉਹਨਾਂ ਬਾਰੇ ਵਿਚਾਰਨ ਦਾ ਇੱਕ ਮੰਚ ਮੁਹੱਆ ਕੀਤਾ ਜਾਂਦਾ ਹੈ। ਇਥੇ ਨਾ ਸਿਰਫ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਹੁੰਦੇ ਹਨ ਬਲਕਿ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਨਵੀਆਂ ਕਾਢਾਂ ਅਤੇ ਖੇਤੀ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਤਸੱਲੀਜਨਕ ਜਵਾਬ ਦੇ ਕੇ ਇਸ ਯੋਗ ਬਣਾਇਆ ਜਾਂਦਾ ਹੈ ਕਿ ਉਹ ਆਉਂਦੀ ਫਸਲ ਲਈ ਆਪਣੀਆਂ ਸਾਰੀਆਂ ਯੋਗਤਾਵਾਂ ਲਾ ਕੇ ਵੱਧ ਤੋਂ ਵੱਧ ਝਾੜ ਪੈਦਾ ਕਰਨ ਅਤੇ ਆਪਣੇ ਆਮਦਨ ਵਿੱਚ ਵਾਧਾ ਕਰ ਸਕਣ।
ਇਸ ਦੇ ਨਾਲ ਹੀ ਖੇਤੀ ਅਤੇ ਹੋਰ ਕਿੱਤਿਆਂ ਬਾਰੇ ਨਵੀਂ ਜਾਣਕਾਰੀ ਕਿਸਾਨਾਂ ਨੂੰ ਪਹੁੰਚਾਉਣ ਦਾ ਕਾਰਜ ਵੀ ਇਹ ਕਿਸਾਨ ਮੇਲੇ ਕਰਦੇ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹਨਾਂ ਕਿਸਾਨ ਮੇਲਿਆਂ ਨੇ ਖੇਤੀ ਪ੍ਰਤੀ ਕਿਸਾਨਾਂ ਦੇ ਵਿਹਾਰ ਨੂੰ ਤਬਦੀਲ ਕਰਨ ਵਿੱਚ ਜਿੱਡਾ ਵੱਡਾ ਯੋਗਦਾਨ ਪਾਇਆ ਹੈ ਉਹਦੀ ਮਿਸਾਲ ਦੁਨੀਆਂ ਦੇ ਕਿਸੇ ਵੀ ਹੋਰ ਇਲਾਕੇ ਵਿੱਚ ਮਿਲਣੀ ਅਸੰਭਵ ਦੇ ਬਰਾਬਰ ਹੋਵੇਗੀ। ਇਸ ਮੇਲੇ ਦਾ ਇੱਕ ਹੋਰ ਉਭਰਵਾਂ ਪੱਖ ਇੱਥੇ ਲਗਾਈ ਜਾਂਦੀ ਖੇਤੀ ਉਦਯੋਗ ਦੀ ਵੱਡੀ ਪ੍ਰਦਰਸ਼ਨੀ ਹੁੰਦੀ ਹੈ ਜਿਸ ਵਿੱਚ ਪ੍ਰਾਈਵੇਟ ਸੈਕਟਰ ਵੱਲੋਂ ਨਵੀਂ ਖੇਤ ਮਸ਼ੀਨਰੀ, ਸੰਦ ਅਤੇ ਹੋਰ ਵਸਤਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਇਹ ਕਿਸਾਨ ਮੇਲੇ ਪੰਜਾਬ ਵਿੱਚ ਵਿਗਿਆਨਕ ਖੇਤੀ ਦਾ ਮੁੱਢ ਸਾਬਿਤ ਹੋਏ ਹਨ। ਇਹਨਾਂ ਮੇਲਿਆਂ ਰਾਹੀਂ ਬਹੁਤ ਸਾਰੇ ਅਗਾਂਹਵਧੂ ਕਿਸਾਨ ਖੇਤੀ ਨੂੰ ਹੋਰ ਲਾਹੇਵੰਦ ਕਿੱਤਾ ਬਨਾਉਣ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਸਫਲ ਰਹੇ।
ਵਰਤਮਾਨ ਵਿਚ ਵੀ ਇਨ੍ਹਾਂ ਮੇਲਿਆਂ ਦਾ ਕੋਈ ਬਦਲ ਹੋ ਨਹੀਂ ਸਕਦਾ। ਇਹ ਕਿਸਾਨ ਮੇਲੇ ਪੰਜਾਬ ਦੀ ਕਿਸਾਨੀ ਦੀ ਜੀਵਨਰੇਖਾ ਸਾਬਿਤ ਹੋ ਰਹੇ ਹਨ। ਮੇਲਿਆਂ ਦੀ ਸਫਲਤਾ ਇਸ ਗੱਲੋਂ ਵੀ ਸਾਬਿਤ ਹੁੰਦੀ ਹੈ ਕਿ ਮੇਲਿਆਂ ਵਿੱਚੋਂ ਗਿਆਨ ਹਾਸਿਲ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੇ ਕਿਸਾਨਾਂ ਦੀ ਗਿਣਤੀ ਆਏ ਸਾਲ ਵਧ ਰਹੀ ਹੈ। ਬੀਬੀਆਂ ਵਲੋਂ ਬਣਾਏ ਸਵੈ ਸੇਵੀ ਸਮੂਹਾਂ ਦੀਆਂ ਸਟਾਲਾਂ ਆਪਣੇ ਆਪ ਹੀ ਕਿਸਾਨ ਬੀਬੀਆਂ ਵਲੋਂ ਪਰਿਵਾਰਾਂ ਦੀ ਆਰਥਿਕਤਾ ਵਿੱਚ ਪਾਏ ਯੋਗਦਾਨ ਨੂੰ ਬਿੰਬਿਤ ਕਰਦੀਆਂ ਹਨ।
ਸਰੋਤ: ਜਗਵਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਰਿਆੜ ਸੰਚਾਰ ਕੇਂਦਰ
Summary in English: These Progressive Farmers got a distinct recognition through Kisan Melas, know how this journey of success was planned with the help of PAU.