1. Home
  2. ਖਬਰਾਂ

ਇਹ ਸਵਦੇਸ਼ੀ ਤਕਨੀਕ ਆਯਾਤ ਹਾਈਡ੍ਰੋਪੋਨਿਕ ਤਕਨੀਕ ਨਾਲੋਂ ਤਿੰਨ ਗੁਣਾਂ ਘੱਟ ਖ਼ਰਚੀਲੀ

ਇਹ ਤਕਨਾਲੋਜੀ ਖੇਤੀਬਾੜੀ ਸਥਿਰਤਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਯਤਨਾਂ ਨੂੰ ਹੋਰ ਵਧਾ ਸਕਦੀ ਹੈ ਅਤੇ ਖੇਤੀਬਾੜੀ ਸੈਕਟਰ ਵਿੱਚ ਕ੍ਰਾਂਤੀ ਲਿਆ ਸਕਦੀ ਹੈ।

Gurpreet Kaur Virk
Gurpreet Kaur Virk
ਸਵਦੇਸ਼ੀ ਤਕਨੀਕ ਨੂੰ ਪਿੰਡਾਂ ਅਤੇ ਸ਼ਹਿਰਾਂ 'ਚ ਪਹੁੰਚਾਉਣਾ ਮੁੱਖ ਉਦੇਸ਼

ਸਵਦੇਸ਼ੀ ਤਕਨੀਕ ਨੂੰ ਪਿੰਡਾਂ ਅਤੇ ਸ਼ਹਿਰਾਂ 'ਚ ਪਹੁੰਚਾਉਣਾ ਮੁੱਖ ਉਦੇਸ਼

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਪਣੇ ਖੇਤੀ ਖੋਜ ਕਾਰਜਾਂ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਇਸਦੇ ਵਿਗਿਆਨੀਆਂ ਦੁਆਰਾ ਵਿਕਸਤ ਹਾਈਬ੍ਰਿਡ ਹਾਈਡ੍ਰੋਪੋਨਿਕਸ ਤਕਨਾਲੋਜੀ ਨੂੰ ਰਾਸ਼ਟਰੀ ਪੇਟੈਂਟ ਪ੍ਰਾਪਤ ਹੋਇਆ। ਪੀਏਯੂ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ, ਡਾ. ਵੀ.ਪੀ. ਸੇਠੀ ਦੁਆਰਾ ਵਿਕਸਤ ਕੀਤੀ ਭੂਮੀ ਰਹਿਤ ਖੇਤੀ ਵਾਲੀ ਇਹ ਪਹਿਲੀ ਸਵਦੇਸ਼ੀ ਤਕਨੀਕ ਹੈ।

ਪੀਏਯੂ ਨੂੰ ਇਹ ਨੈਸ਼ਨਲ ਪੇਟੈਂਟ ਗਮਲਿਆਂ ਵਿਚ ਲਗਾਏ ਜਾਣ ਵਾਲੇ ਸਬਸਟ੍ਰੇਟ ਹਾਈਡ੍ਰੋਪੋਨਿਕਸ ਨੂੰ ਪਾਣੀ ਅਤੇ ਪੌਸ਼ਟਿਕ ਤੱਤ ਪਹੁੰਚਾਉਣ ਦੀ ਉਚੇਰੀ ਖੋਜ ਵਜੋਂ ਹਾਸਲ ਹੋਇਆ। ਇਹ ਉਪਲਬਧੀ ਦੋ ਵੱਖ-ਵੱਖ ਮਿੱਟੀ ਰਹਿਤ ਖੇਤੀ ਤਕਨੀਕਾਂ ਨੂੰ ਮਿਲਾ ਕੇ ਹਾਸਲ ਕੀਤੀ ਗਈ ਸੀ। ਇਸ ਖੋਜ ਬਾਰੇ ਜਾਣਕਾਰੀ ਦਿੰਦਿਆਂ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਸਮੇਂ ਵਿਸ਼ਵ ਭਰ ਵਿੱਚ ਹਾਈਡ੍ਰੋਪੋਨਿਕਸ ਦੀਆਂ ਦੋ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ। ਪਹਿਲੀ ਤਕਨੀਕ ਸਬਸਟਰੇਟ ਹਾਈਡ੍ਰੋਪੋਨਿਕ ਹੈ, ਜਿਸ ਵਿੱਚ ਗਮਲੇ ਨੂੰ ਭੂਮੀ ਰਹਿਤ ਜੜ੍ਹ ਵਾਲੇ ਮਾਧਿਅਮ ਨਾਲ ਭਰ ਲਿਆ ਜਾਂਦਾ ਹੈ। ਇਹ ਮਾਧਿਅਮ ਟਮਾਟਰ, ਖੀਰਾ ਅਤੇ ਸ਼ਿਮਲਾ ਮਿਰਚ ਵਰਗੀਆਂ ਵਿਆਪਕ ਜੜ੍ਹ ਪ੍ਰਣਾਲੀ ਵਾਲੀਆਂ ਫਸਲਾਂ ਲਈ ਢੁਕਵਾਂ ਹੈ। ਦੂਜੀ ਤਕਨੀਕ ਜਲ ਕਲਚਰ ਵਾਲੀ ਹੈ, ਜਿਸ ਵਿੱਚ ਛੋਟੀਆਂ/ਖੋਖਲੀਆਂ ਜੜ੍ਹਾਂ ਵਾਲੀਆਂ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ ਘੱਟ ਡੂੰਘੇ ਪਾਣੀ ਵਾਲੇ ਤਲਾਬਾਂ ਵਿੱਚ ਕੀਤੀ ਜਾਂਦੀ ਹੈ।

ਪੀਏਯੂ ਦੁਆਰਾ ਵਿਕਸਿਤ ਹਾਈਬ੍ਰਿਡ ਹਾਈਡ੍ਰੋਪੋਨਿਕਸ ਟੈਕਨਾਲੋਜੀ (ਐੱਚਐੱਚਟੀ) ਇਹਨਾਂ ਤਕਨੀਕਾਂ ਨੂੰ 12x12 ਇੰਚ ਦੇ ਗਮਲੇ ਵਿੱਚ ਜੋੜਦੀ ਹੈ। ਡਾ. ਗੋਸਲ ਨੇ ਪੀਏਯੂ ਵੱਲੋਂ ਵਿਕਸਤ ਘੱਟ ਲਾਗਤ ਵਾਲੇ ਐੱਚ.ਐੱਚ.ਟੀ. ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਕਨੀਕ ਸ਼ਹਿਰੀ ਪੱਧਰ 'ਤੇ ਲਗਾਏ ਜਾਣ ਵਾਲੇ ਵਰਟੀਕਲ ਗਾਰਡਨ ਤੋਂ ਇਲਾਵਾ ਵੱਡੇ ਪੱਧਰ 'ਤੇ ਵਪਾਰਕ ਖੇਤੀ ਲਈ ਲਾਹੇਵੰਦ ਹੈ। ਐੱਚਐੱਚਟੀ ਰਾਹੀਂ ਬੰਜਰ ਜ਼ਮੀਨ ਨੂੰ ਸਬਜ਼ੀਆਂ, ਸਜਾਵਟੀ ਪੌਦਿਆਂ, ਔਸ਼ਧੀ ਬੂਟੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਫ਼ਸਲਾਂ ਦੀ ਕਾਸ਼ਤ ਲਈ ਵਰਤਿਆ ਜਾ ਸਕਦਾ ਹੈ।

ਇਹ ਖੋਜ ਪੇਂਡੂ ਅਤੇ ਸ਼ਹਿਰੀ ਨੌਜਵਾਨ ਵਰਗ ਨੂੰ ਸਿਖਲਾਈ ਮੁਹੱਈਆ ਕਰਵਾ ਕੇ ਘਰੇਲੂ ਪੱਧਰ ਤੇ ਆਪਣਾ ਕਾਰੋਬਾਰ ਸਥਾਪਿਤ ਕਰਨ ਦੇ ਮੌਕੇ ਪ੍ਰਦਾਨ ਕਰ ਸਕਦੀ ਹੈ। ਐਗ੍ਰੀਟੈੱਕ ਕੰਪਨੀਆਂ ਅਤੇ ਉਦਮੀਆਂ ਨੂੰ ਅਪੀਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਉਨ੍ਹਾਂ ਨੂੰ ਵੱਧ ਚੜ੍ਹ ਕੇ ਘੱਟ ਲਾਗਤ ਵਾਲੀ ਗਮਲਾ ਅਧਾਰਿਤ ਐੱਚ ਐੱਚ ਟੀ ਦੇ ਵਪਾਰਕ ਹੱਕ ਹਾਸਲ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਸਾਡਾ ਮੁੱਖ ਉਦੇਸ਼ ਵਪਾਰਕ ਉਤਪਾਦਨ ਅਤੇ ਘਰਾਂ ਦੀਆਂ ਛੱਤਾਂ ਤੇ ਬਗੀਚੀ ਸਥਾਪਿਤ ਕਰਨ ਲਈ ਇਸ ਤਕਨੀਕ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਪਹੁੰਚਾਉਣਾ ਹੈ।

ਇਹ ਵੀ ਪੜ੍ਹੋ: Punjab Kisan Melas: ਉਭਰਦੇ ਉੱਦਮੀਆਂ ਲਈ ਕਾਮਯਾਬੀ ਦੀ ਚਾਬੀ "ਕਿਸਾਨ ਮੇਲੇ"

ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਦੱਸਿਆ ਕਿ ਐੱਚ ਐੱਚ ਟੀ ਨੂੰ ਤਿੰਨ ਸਾਲ ਤੋਂ ਵੱਧ ਸਮੇਂ ਲਈ ਲਗਾਤਾਰ ਪਰਖਿਆ ਗਿਆ। ਇਸ ਤਕਨੀਕ ਨਾਲ ਲਗਾਈਆਂ ਖੀਰੇ, ਟਮਾਟਰ, ਚੈਰੀ ਟਮਾਟਰ ਅਤੇ ਸ਼ਿਮਲਾ ਮਿਰਚ (ਹਰੀ, ਪੀਲੀ ਅਤੇ ਲਾਲ) ਦੀਆਂ ਫਸਲਾਂ ਤੋਂ ਸਾਨੂੰ ਮੌਜੂਦਾ ਗਮਲਾ ਅਧਾਰਿਤ ਅਤੇ ਭੂਮੀ ਰਹਿਤ ਤਕਨੀਕਾਂ ਨਾਲੋਂ ਵੱਧ ਝਾੜ ਹਾਸਲ ਹੋਇਆ। ਐੱਚ ਐੱਚ ਟੀ ਦੇ ਪ੍ਰਮੁੱਖ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਢੱਟ ਨੇ ਦੱਸਿਆ ਕਿ ਜੜ੍ਹ ਦੇ ਮੁੱਢ ਤੇ ਛੇਕਦਾਰ ਪਲੇਟ ਰਾਹੀਂ ਪੌਸ਼ਟਿਕ ਤੱਤਾਂ ਦੀ ਵੱਧ ਮਾਤਰਾ ਅਤੇ ਵਧੇਰੇ ਆਕਸੀਜਨ ਸਪਲਾਈ ਪੌਦੇ ਦੇ ਵਿਕਾਸ ਵਿਚ ਵਾਧਾ ਕਰਦੇ ਹਨ।

ਪੌਦਿਆਂ ਦੀ ਨੇੜਤਾ ਵਧਾਉਣ ਲਈ ਸੰਘਣੇ ਜੜ੍ਹ ਸਿਸਟਮ ਨਾਲ ਜ਼ਮੀਨ ਦੀ ਉਚਿਤ ਵਰਤੋਂ ਹੁੰਦੀ ਹੈ ਅਤੇ ਪ੍ਰਤੀ ਯੂਨਿਟ ਰਕਬੇ ਦੇ ਝਾੜ ਵਿਚ ਇਜ਼ਾਫਾ ਹੁੰਦਾ ਹੈ। ਉਨ੍ਹਾਂ ਦੱਸਿਆਂ ਕਿ ਐੱਚ ਐੱਚ ਟੀ ਨਾਲ ਜਲ ਸੋਮਿਆਂ ੳਤੇ ਪੌਸ਼ਟਿਕ ਤੱਤਾਂ ਦੀ ਉਚਿਤ ਵਰਤੋਂ ਹੁੰਦੀ ਹੈ, ਜਿਸ ਸਦਕਾ ਇਹ ਵਿਅਰਥ ਨਹੀ ਜਾਂਦੇ ਅਤੇ ਧਰਤੀ ਹੇਠਲੇ ਪਾਣੀ ਦੀ ਗਿਰਾਵਟ ਨੂੰ ਰੋਕਣ ਅਤੇ ਭੂਮੀ ਦੀ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ।

ਡਾ. ਵੀ ਪੀ ਸੇਠੀ ਨੇ ਇਸ ਤਕਨੀਕ ਦੇ ਆਰਥਿਕ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਏ.ਯੂ. ਦੀ ਇਹ ਸਵਦੇਸ਼ੀ ਤਕਨੀਕ ਆਯਾਤ ਕੀਤੀਆਂ ਹਾਈਡ੍ਰੋਪੋਨਿਕ ਤਕਨੀਕਾਂ ਨਾਲੋਂ ਤਿੰਨ ਗੁਣਾਂ ਘੱਟ ਖਰਚੇ ਵਾਲੀ ਹੈ। ਉਨ੍ਹਾਂ ਦੱਸਿਆ ਕਿ ਐੱਚ ਐੱਚ ਟੀ ਨਾਲ ਰਵਾਇਤੀ ਪੋਲੀਹਾਊਸ ਕਾਸ਼ਤ ਅਤੇ ਤੁਪਕਾ ਸਿੰਚਾਈ ਅਤੇ ਖਾਦਾਂ ਪਾਉਣ ਦੇ ਢੰਗ ਤਰੀਕਿਆਂ ਨਾਲੋਂ 60-80% ਪਾਣੀ ਅਤੇ ਲਗਭਗ 50% ਪੌਸ਼ਟਿਕ ਤੱਤਾਂ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਖੇਤੀ ਨਿਰੰਤਰਤਾ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਦੇ ਯਤਨਾਂ ਨੂੰ ਹੋਰ ਵੀ ਹੁਲਾਰਾ ਮਿਲ ਸਕੇਗਾ ਅਤੇ ਖੇਤੀ ਸੈਕਟਰ ਵਿਚ ਕ੍ਰਾਂਤੀਕਾਰੀ ਤਬਦੀਲੀ ਆ ਸਕੇਗੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: This indigenous technique is three times less expensive than the imported hydroponic technique

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters