Training Session: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਖੁੰਬਾਂ ਦੀ ਕਾਸ਼ਤ, ਜੌਆਂ ਅਤੇ ਘਰੇਲੂ ਪੌਸ਼ਟਿਕ ਬਗੀਚੀ ਬਾਰੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਖੁਰਦ, ਠੱਕਰਵਾਲ, ਢੈਪਈ ਅਤੇ ਮਨਸੂਰਾਂ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਮੁਹਿੰਮ ਦਾ ਉਦੇਸ਼ ਪੱਛੜੀਆਂ ਸ਼੍ਰੇਣੀਆਂ ਨੂੰ ਆਮਦਨ ਵਧਾਉਣ ਦੇ ਤਰੀਕਿਆਂ ਪ੍ਰਤੀ ਜਾਗਰੂਕ ਕਰਨਾ ਸੀ।
ਇਸ ਮੌਕੇ ਡਾ. ਕੁਲਦੀਪ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਦੱਸਿਆ ਕਿ ਇਹ ਸਿਖਲਾਈ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਪੌਸ਼ਟਿਕ ਬਾਗ਼ ਅਤੇ ਖੁੰਬਾਂ ਦੀ ਕਾਸ਼ਤ ਦੇ ਲਾਭਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ ਸੀ, ਜੋ ਫਲਾਂ ਅਤੇ ਸਬਜ਼ੀਆਂ ਦੀ ਨਿਰੰਤਰ ਸਪਲਾਈ ਦੁਆਰਾ ਸੂਖਮ ਪੌਸ਼ਟਿਕ ਤੱਤ ਪ੍ਰਦਾਨ ਕਰਕੇ ਖੁਰਾਕ ਵਿਭਿੰਨਤਾ ਨੂੰ ਵਧਾਉਂਦੇ ਹਨ।
ਪਸਾਰ ਮਾਹਿਰ ਡਾ. ਲਖਵਿੰਦਰ ਕੌਰ ਨੇ ਘਰੇਲੂ ਪੱਧਰ ਤੇ ਖੁੰਬਾਂ ਦੀ ਕਾਸ਼ਤ ਦੇ ਤਰੀਕੇ ਕਿਸਾਨਾਂ ਨੂੰ ਦੱਸੇ। ਉਹਨਾਂ ਇਹ ਵੀ ਕਿਹਾ ਕਿ ਹਰ ਕਿਸਾਨ ਪਰਿਵਾਰ ਆਪਣੀ ਵਰਤੋਂ ਜਾਂ ਵਿਕਰੀ ਲਈ ਸਬਜ਼ੀਆਂ ਅਤੇ ਫ਼ਲਾਂ ਦੀ ਬਗੀਚੀ ਸਥਾਪਿਤ ਕਰਨ ਦੇ ਨਾਲ-ਨਾਲ ਖੁੰਬਾਂ ਦੀ ਕਾਸ਼ਤ ਵੀ ਕਰ ਸਕਦਾ ਹੈ।
ਇਹ ਵੀ ਪੜੋ: Dr. Manav Indra Singh Gill ਨੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਦਾ ਅਹੁਦਾ ਸੰਭਾਲਿਆ
ਰਾਵੇ ਵਿਦਿਆਰਥੀਆਂ ਦੇ ਗਰੁੱਪ ਆਗੂ ਹਰਭਜਨ ਸਿੰਘ, ਲਕਸ਼ੇ ਅਤੇ ਬ੍ਰਹਮਜੋਤ ਨੇ ਵੀ ਵੱਖ-ਵੱਖ ਭਾਸ਼ਣਾਂ ਰਾਹੀਂ ਪਿੰਡਾਂ ਦੇ ਵਾਸੀਆਂ ਨੂੰ ਸੰਬੋਧਨ ਕੀਤਾ। ਯੂਨੀਵਰਸਿਟੀ ਦੇ ਨਿੰਬੂ ਜਾਤੀ ਦੇ 40 ਪੌਦੇ ਇਹਨਾਂ ਸਿਖਲਾਈਆਂ ਦੌਰਾਨ ਕਿਸਾਨਾਂ ਨੂੰ ਵੰਡੇ ਗਏ। ਇਸ ਤੋਂ ਇਲਾਵਾ 40 ਕਿੱਲੋ ਢੀਂਗਰੀ ਖੁੰਬਾਂ ਦਾ ਬੀਜ ਅਤੇ 160 ਕੰਪੋਸਟ ਬੈਗ ਵੀ ਵੰਡੇ ਗਏ।
ਇਹ ਸਿਖਲਾਈ ਪ੍ਰੋਗਰਾਮ ਭਾਰਤੀ ਖੇਤੀ ਪ੍ਰੀਸ਼ਦ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਏ ਗਏ, ਤਾਂ ਜੋ ਪਿੰਡਾਂ ਦੇ ਆਰਥਿਕ ਤੌਰ ਤੇ ਪੱਛੜੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਹਿਯੋਗ ਕੀਤਾ ਜਾ ਸਕੇ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Training camp on mushroom cultivation, bakery and nutrition garden, Tips to increase income for the backward classes