Aquaculture: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵਿਖੇ ਘਣੀ ਮੱਛੀ ਪਾਲਣ ਵਿਧੀ ਸੰਬੰਧੀ ਤਿੰਨ ਦਿਨ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।
ਇਸ ਸਿਖਲਾਈ ਵਿਚ ਰੀਸਰਕੁਲੇਟਰੀ ਮੱਛੀ ਪਾਲਣ ਅਤੇ ਬਾਇਓਫਲਾਕ ਵਿਧੀ ਸੰਬੰਧੀ ਸਿੱਖਿਅਤ ਕੀਤਾ ਗਿਆ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ 17 ਕਿਸਾਨਾਂ, ਉਦਮੀਆਂ ਅਤੇ ਵਿਦਿਆਰਥੀਆਂ ਜਿਨ੍ਹਾਂ ਵਿਚ 5 ਔਰਤਾਂ ਵੀ ਸ਼ਾਮਿਲ ਸਨ ਨੇ ਇਹ ਸਿਖਲਾਈ ਹਾਸਿਲ ਕੀਤੀ।
ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਦੀ ਯੋਜਨਾ ‘ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ’ ਅਧੀਨ ਇਕ ਸਮਰੱਥਾ ਉਸਾਰੀ ਸਾਧਨ ਕੇਂਦਰ ਸਥਾਪਿਤ ਕੀਤਾ ਗਿਆ ਹੈ ਜਿਥੇ ਘਣੀ ਮੱਛੀ ਪਾਲਣ ਵਿਧੀ ਅਨੁਸਾਰ ਮੱਛੀ ਪਾਲਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਤਰੀ ਭਾਰਤ ਦੇ ਵਿਚ ਇਹ ਇਸ ਕਿਸਮ ਦਾ ਪਹਿਲਾ ਕੇਂਦਰ ਹੈ ਜਿਥੇ ਕੁੱਲ ਭਾਰਤ ਦੀਆਂ ਭਾਈਵਾਲ ਧਿਰਾਂ ਨੂੰ ਇਨ੍ਹਾਂ ਵਿਧੀਆਂ ਦੇ ਲਈ ਸਿੱਖਿਅਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਡਾ. ਮੀਰਾ ਨੇ ਦੱਸਿਆ ਕਿ ਅਗਸਤ ਤੋਂ ਅਕਤੂਬਰ ਦੇ ਮਹੀਨਿਆਂ ਦੌਰਾਨ ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਮੱਧ ਪ੍ਰਦੇਸ਼ ਦੇ ਉਮੀਦਵਾਰਾਂ ਨੂੰ ਵੀ ਇਥੇ ਸਿਖਲਾਈ ਦਿੱਤੀ ਜਾਵੇਗੀ।
ਡਾ. ਵਨੀਤ ਇੰਦਰ ਕੌਰ, ਸਿਖਲਾਈ ਸੰਯੋਜਕ ਨੇ ਦੱਸਿਆ ਕਿ ਸਿਖਲਾਈ ਵਿਚ ਤਕਨੀਕੀ ਸੈਸ਼ਨਾਂ ਦੇ ਨਾਲ ਪ੍ਰਯੋਗੀ ਗਿਆਨ ਵੀ ਦਿੱਤਾ ਗਿਆ। ਇਸ ਸਿਖਲਾਈ ਦੇ ਤਕਨੀਕੀ ਸੰਯੋਜਕ ਡਾ. ਐਸ ਐਨ ਦੱਤਾ ਅਤੇ ਡਾ. ਅਮਿਤ ਮੰਡਲ ਸਨ। ਡਾ. ਵਨੀਤ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਵਿਧੀਆਂ ਰਾਹੀਂ ਮੱਛੀ ਪਾਲਣ ਨਾਲ ਪਾਣੀ ਅਤੇ ਭੂਮੀ ਦੀ ਲੋੜ ਸਿਰਫ 10-15 ਪ੍ਰਤੀਸ਼ਤ ਹੀ ਰਹਿ ਜਾਂਦੀ ਹੈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਕੇਂਦਰ ਬਹੁਤ ਉੱਚ ਦਰਜੇ ਦੀ ਸਿਖਲਾਈ ਸਹੂਲਤ ਵਾਲਾ ਹੈ। ਸਥਾਨਕ ਮੌਸਮ, ਸੰਭਾਵਿਤ ਮੱਛੀ ਕਿਸਮਾਂ, ਵਿਤੀ ਪਹੁੰਚ ਅਤੇ ਉਪਭੋਗੀ ਦੀ ਮੰਗ ਦੇ ਸੰਦਰਭ ਵਿਚ ਅਜਿਹੇ ਕੇਂਦਰ ਬਹੁਤ ਸਹਾਈ ਹੋ ਸਕਦੇ ਹਨ।
ਇਹ ਵੀ ਪੜ੍ਹੋ: Veterinary University ਦਾ ਪ੍ਰਯੋਗਿਕ Dairy Plant ਲਿਖ ਰਿਹਾ ਹੈ ਸਫ਼ਲਤਾ ਦੀ ਨਵੀਂ ਇਬਾਰਤ, ਜਾਣੋ ਛੋਟੀ ਸ਼ੁਰੂਆਤ ਤੋਂ ਵੱਡੇ ਵਿਕਾਸ ਦੀ ਕਹਾਣੀ
ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਨੇ ਕਿਹਾ ਕਿ ਜੈਵਿਕ ਤੌਰ ’ਤੇ ਸੁਰੱਖਿਅਤ ਤੇ ਵਾਤਾਵਰਣ ਅਨੁਕੂਲ ਟਿਕਾਊ ਵਿਧੀਆਂ ਨਾਲ ਪਾਣੀ ਦੀ ਵਰਤੋਂ ਘਟ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀਆਂ ਆਲਮੀ ਭੋਜਨ ਲੋੜਾਂ, ਭੋਜਨ ਸੁਰੱਖਿਆ ਅਤੇ ਪਾਣੀ ਦੀ ਬਚਤ ਹਿਤ ਅਜਿਹੀਆਂ ਵਿਧੀਆਂ ਬਹੁਤ ਅਹਿਮ ਹਨ।
Summary in English: Training on Intensive Aquaculture Methodology at Veterinary University