Stubble Burning: ਪਿਛਲੇ ਸਾਲਾਂ ਦੀ ਤਰ੍ਹਾਂ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਕਿਸਾਨਾਂ ਲਈ ਪਰਾਲੀ ਪ੍ਰਬੰਧਨ ਸਬੰਧੀ ਜਿਲੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਵੱਖ-ਵੱਖ ਪਸਾਰ ਤੇ ਸਿਖਲਾਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸੇ ਲੜ੍ਹੀ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਮਾਹਿਲਪੁਰ ਬਲਾਕ ਦੇ ਪਰਾਲੀ ਪ੍ਰਬੰਧਨ ਲਈ ਅਪਣਾਏ ਪਿੰਡ ਠੀਂਡਾ ਅਤੇ ਕੇ.ਵੀ.ਕੇ. ਕੈਂਪਸ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਬਤ ਪੰਜ ਦਿਨਾਂ ਸਿਖਲਾਈ ਦਾ ਆਯੋਜਨ ਮਿਤੀ 7 ਤੋਂ 14 ਅਕਤੂਬਰ, 2024 ਤੱਕ ਕੀਤਾ ਗਿਆ।
ਇਸ ਸਿਖਲਾਈ ਦੀ ਸ਼ੁਰੂਆਤ ਵਿੱਚ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਦੇ ਹੋਏ ਅੱਗ ਲਗਾਉਣ ਦੇ ਰੁਝਾਨ ਨੂੰ ਘਟਾਉਣ ਲਈ ਲਾਮਬੰਦ ਵੀ ਕੀਤਾ। ਉਹਨਾਂ ਨੇ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਤਕਨੀਕਾਂ ਬਾਬਤ ਚਾਨਣਾ ਪਾਇਆ ਅਤੇ ਕੇ.ਵੀ.ਕੇ. ਵੱਲੋਂ ਪਰਾਲੀ ਪ੍ਰਬੰਧਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਗਰੂਕ ਕੀਤਾ। ਡਾ. ਬੌਂਸ ਨੇ ਦੱਸਿਆ ਕਿ ਇਸ ਪਿੰਡ ਨੂੰ ਪਹਿਲ ਦੇ ਤੌਰ ਤੇ ਕੇ.ਵੀ.ਕੇ. ਵਿਖੇ ਮੌਜੂਦ ਪਰਾਲੀ ਪ੍ਰਬੰਧਨ ਮਸ਼ੀਨਰੀ ਉਪਲਬਧ ਕਰਵਾਈ ਜਾਵੇਗੀ।
ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ – ਸੁਪਰ ਐਸ.ਐਮ.ਐਸ., ਸਰਫੇਸ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਹੈਪੀ ਸੀਡਰ, ਉਲਟਾਵਾਂ ਹੱਲ, ਮਲਚਰ, ਜੀਰੋ ਡਰਿੱਲ, ਬੇਲਰ, ਆਦਿ ਦੀ ਉੱਤਮ ਕਾਰਜਕੁਸ਼ਲਤਾ ਸਬੰਧੀ ਪਹਿਲੂਆਂ ਬਾਰੇ ਵੀ ਜਾਣੂ ਕਰਵਾਇਆ।
ਡਾ. ਅਜੈਬ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਕਿਸਾਨ ਪਰਾਲੀ ਪ੍ਰਬੰਧਨ ਸਬੰਧਤ ਮਸ਼ੀਨਰੀ ਦੀ ਵਰਤੋਂ ਸਾਂਝੇ ਤੌਰ ਤੇ ਕਰਨ, ਤਾਂ ਜੋ ਇਸ ਦਾ ਪੂਰਾ ਫਾਇਦਾ ਲਿਆ ਜਾ ਸਕੇ। ਉਹਨਾਂ ਨੇ ਪਰਾਲੀ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹਤੱਤਾ, ਝੋਨੇ ਦੀ ਪਰਾਲੀ ਦੀ ਬਾਇਉ ਗੈਸ ਪਲਾਂਟ, ਖੁੰਬ ਉਤਪਾਦਨ ਤੇ ਗੱਤਾ ਉਦਯੋਗ ਵਿੱਚ ਅਤੇ ਊਰਜਾ, ਖਾਦ ਤੇ ਪਸ਼ੂ ਖੁਰਾਕ ਵਜੋਂ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਪਿੰਡ ਠੀਂਡਾ ਦੇ ਅਗਾਂਹਵਧੂ ਕਿਸਾਨਾਂ- ਸ. ਉਂਕਾਰ ਸਿੰਘ ਅਤੇ ਸ. ਮੇਵਾ ਸਿੰਘ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਬਤ ਆਪਣੇ ਵਿਚਾਰ ਤੇ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ।
ਕਿਸਾਨਾਂ ਦੀ ਸਹੂਲਤ ਲਈ ਖੇਤੀ ਸਾਹਿੱਤ ਵੀ ਉਪਲਬਧ ਕਰਵਾਇਆ ਗਿਆ ਅਤੇ ਕਿਸਾਨਾਂ ਨੇ ਮਾਹਿਰਾਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਆਪਣੇ ਖਦਸ਼ਿਆਂ ਬਾਬਤ ਵਿਚਾਰ–ਚਰਚਾ ਵੀ ਕੀਤੀ।
Summary in English: Training on paddy stubble management organized by PAU-Krishi Vigyan Kendra, Hoshiarpur